- ਪਰਕਾਸ਼ਕ: ਪੰਜਾਬੀ ਮਰਕਜ਼, ਲਹੌਰ, ਪੰਜਾਬ ਪਾਕਿਸਤਾਨ
‘ਮੈਂਡਲ ਦਾ ਕਨੂੰਨ’, ਪੰਜਾਬੀ ਜ਼ੁਬਾਨ ਅਤੇ ਕਹਾਣੀ ਰਚਨਾ ਦਾ ਆਸ਼ਕ ਜਮੀਲ ਅਹਿਮਦ ਪਾਲ ਦਾ ਚੌਥਾ ਕਹਾਣੀ ਸੰਗ੍ਰਹਿ ਹੈ। ਇਹ ਆਪਣੀਆਂ ਕਹਾਣੀਆਂ ਵਿੱਚ ਆਲੇ ਦੁਆਲੇ ਦੇ ਪਾਤਰਾਂ ਦੀ ਗੱਲ ਕਰਦਾ ਹੈ। ਜਿਸ ਤੋਂ ਆਪਣੇ ਵੇਲੇ ਦੇ ਸਮਾਜ ਦਾ ਅਕਸ ਸਾਹਮਣੇ ਆਉਂਦਾ ਹੈ। ਉਸ ਦੀ ਹਰ ਕਹਾਣੀ ਪਰਤਾਂ ਅਤੇ ਮਹਿਨਿਆਂ ਨਾਲ ਭਰਪੂਰ ਹੈ। ਲੇਖਕ ਹੱਥਲੇ ਸੰਗ੍ਰਹਿ ਦੀ ਪਹਿਲੀ ਕਹਾਣੀ ‘ਹੀਣਾ ਪਾ’ ਵਿੱਚ ਬੰਗਾਲੀਆਂ ਦਾ ਬੰਗਾਲੀ ਬੋਲੀ ਪ੍ਰਤੀ ਪਿਆਰ ਅਤੇ ਸਤਿਕਾਰ ਰਚਨਾਤਮਕ ਅਤੇ ਤਕਨੀਕੀ ਢੰਗ ਨਾਲ ਪੇਸ਼ ਕਰਦਾ ਹੈ। ਨਾਲ ਹੀ ਉਹ ਪੰਜਾਬੀਆਂ ਨੂੰ ਆਪਣੀ ਬੋਲੀ ਦੀ ਕੋਈ ਕਦਰ ਨਾ ਹੋਣ ’ਤੇ ਲਾਹਨਤਾਂ ਇਸ ਤਰ੍ਹਾਂ ਪਾਉਂਦਾ ਹੈ, “ਅਸੀਂ ਆਪਣੀ ਜ਼ੁਬਾਨ ਛੱਡ ਬੈਠੇ ਸਾਂ ਤੇ ਬੰਗਾਲੀਆਂ ਕੋਲੋਂ ਵੀ ਤਵੱਕੋ ਲਾਈ ਬੈਠੇ ਸਾਂ ਸਾਡੇ ਵਾਂਗ ਉਹ ਵੀ ਆਪਣੀ ਜ਼ੁਬਾਨ ਛੱਡ ਦੇਣਗੇ”।
ਜਦ ਉਹ ਕਿਸੇ ਜਾਨਵਰ ਨੂੰ ਕਹਾਣੀ ਵਿੱਚ ਦਿਖਾਉਂਦਾ ਹੈ ਤਾਂ ਉਹ ਜਾਨਵਰ ਨਹੀਂ ਸਗੋਂ ਇਨਸਾਨ ਦਾ ਅੰਦਰ ਹੈ, ਸਮਾਜ ਦੀ ਸੋਚ ਹੈ। ਜਿਵੇਂ ਕਿ “ਸੀ ਪੀਕ ਦੇ ਫਾਇਦੇ” ਕਹਾਣੀ ਵਿੱਚ ਬੜੀ ਬਰੀਕੀ ਅਤੇ ਇਸ਼ਾਰੇ ਨਾਲ, ਉਹ ਆਲੇ ਦੁਆਲੇ ਵਸਦੇ ਲੋਕਾਂ ਦੇ ਵਰਤਾਵਾਂ ਨੂੰ ਅਵਾਰਾ ਕੁੱਤਿਆਂ ਦੇ ਵਰਤਾਵਾਂ ਰਾਹੀਂ ਪੇਸ਼ ਕਰਦਾ ਹੈ।
ਉਸ ਦੀਆਂ ਕਹਾਣੀਆਂ ਦੀ ਜ਼ੁਬਾਨ ਅਤੇ ਜ਼ੁਬਾਨ ਦਾ ਵਹਾ ਦੋਵੇਂ ਹੀ ਸੁਭਾਵਕ ਹਨ। ਉਸ ਨੂੰ ਇਹ ਵੀ ਸਿਹਰਾ ਜਾਂਦਾ ਹੈ ਕਿ ਉਸ ਨੇ ਲਹਿੰਦੇ ਪੰਜਾਬ ਦੀ ਕਹਾਣੀ ਨੂੰ ਇਕ ਖਾਸ ਘੇਰੇ ’ਚੋਂ ਕੱਢਿਆ ਅਤੇ ਵੱਡੇ ਕੈਨਵਸ ਤੇ ਖਿਲਰੀਆਂ ਕਹਾਣੀਆਂ ਸਾਹਮਣੇ ਲਿਆਂਦੀਆਂ।
ਉਸ ਦੀਆਂ ਕਹਾਣੀਆਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਹ ਕਿਸੇ ਓਪਰੇ ਸਮਾਜ ਜਾਂ ਵਿਅਕਤੀ ਦੀ ਗੱਲ ਨਹੀਂ ਕਰ ਰਿਹਾ। ਇਸੇ ਕਰ ਕੇ ਤਾਂ ਸਮਕਾਲੀ ਝਲਕਾਰੇ ਹਰ ਕਹਾਣੀ ਵਿੱਚ ਦਿਸਦੇ ਹਨ।
“ਏਸ ਗੱਲ ਦਾ ਪ੍ਰਚਾਰ ਇਕ ਪੰਜਾਬੀ ਸੇਵਕ ਈ ਆਪਣੀ ਲਿਖਤ ਵਿੱਚ ਕਰ ਸਕਦਾ ਏ”
-ਸੈਂਟ੍ਰਲ ਜਿਊਰੀ
ਜਮੀਲ ਅਹਿਮਦ ਪਾਲ ਦੀ ਕਹਾਣੀ ‘ਹੀਨਾਪਾ’ ਵਿੱਚੋਂ:
“ਹਿਨਾ ਆਪਾ ਮੈਨੂੰ ਚੰਗੀ ਲਗਦੀ ਸੀ। ਹੈ ਵੀ ਬਹੁਤ ਸੋਹਣੀ ਸੀ। ਬੰਗਾਲ ਦਾ ਹੁਸਨ ਤੇ ਜਾਦੂ ਮਸ਼ਹੂਰ ਏ ਪਰ ਆਮ ਬੰਗਾਲਣਾਂ ਦੇ ਨਮਕੀਨ ਰੰਗ ਦੇ ਉਲਟ ਉਹਦਾ ਰੰਗ ਚੰਪਈ ਸੀ। ਚੰਪਾ ਦੇ ਫੁੱਲਾਂ ਵਰਗਾ ਰੰਗ। ਸਫ਼ੈਦੀ ਵਿੱਚ ਥੋੜ੍ਹੀ ਜ਼ਰਦੀ ਯਾਂ ਪੀਲਾਪਣ। ਨੀਲੀਆਂ ਤੇ ਸਬਜ਼ ਅੱਖਾਂ ਖ਼ਲੀਜ ਬੰਗਾਲ ਦੇ ਪਾਣੀਆਂ ਵਰਗੀਆਂ ਸਨ। …ਹਿਨਾ ਆਪਾ ਨੂੰ ਡਾਂਸ ਵੀ ਆਉਂਦਾ ਸੀ। ਗਾਣਾ ਤੇ ਡਾਂਸ ਬੰਗਾਲੀਆਂ ਦੀ ਰੂਹ ਵਿੱਚ ਰਚਿਆ ਹੁੰਦਾ ਏ। ਉਨ੍ਹਾਂ ਦੇ ਲੋਕ ਗੀਤ ਪੰਜਾਬੀ ਲੋਕ ਗੀਤਾਂ ਵਰਗੇ ਨਾ ਸਹੀ, ਬੰਗਾਲ ਦੇ ਰਸਗੁੱਲੇ ਵਰਗੇ ਮਿੱਠੇ ਜ਼ਰੂਰ ਨੇ।”