ਵੈਨਕੂਵਰ, ਬੀ.ਸੀ. (18 ਨਵੰਬਰ, 2026) – ਪੰਜਾਬੀ ਗਲਪ ਲਈ ਦੁਨੀਆ ਦੇ ਪ੍ਰਮੁੱਖ ਪ੍ਰਾਈਜ਼ ਨੇ ਕੱਲ੍ਹ ਆਪਣੇ 13ਵੇਂ ਸਾਲਾਨਾ ਜੇਤੂ, ਅਕਮਲ ਸ਼ਹਿਜ਼ਾਦ ਘੁੰਮਣ (ਇਸਲਾਮਾਬਾਦ, ਕੈਪੀਟਲ ਟੈਰੀਟਰੀ, ਪਾਕਿਸਤਾਨ) ਦਾ ਐਲਾਨ ਕੀਤਾ, ਜਿਸ ਨੂੰ ਆਪਣੇ ਨਾਵਲ, ‘ਪਰਛਾਵਾਂ’ ਲਈ $25,000 ਕੈਨੇਡੀਅਨ (CAD) ਦਾ ਅਵਾਰਡ ਦਿੱਤਾ ਗਿਆ। ਅਵਾਰਡਾਂ ਦਾ ਐਲਾਨ 18 ਨਵੰਬਰ, 2026 ਨੂੰ ਸਰੀ, ਬੀ.ਸੀ. ਵਿੱਚ ਆਯੋਜਿਤ ਸਮਾਰੋਹਾਂ ਦੌਰਾਨ ਕੀਤਾ ਗਿਆ।


ਰਾਜਪ੍ਰੀਤ ਕੌਰ ਬੈਨੀਪਾਲ (ਖੰਨਾ, ਪੰਜਾਬ, ਭਾਰਤ) ਅਤੇ ਅੰਬਰ ਹੁਸੈਨੀ (ਸਰਗੋਧਾ, ਪੰਜਾਬ, ਪਾਕਿਸਤਾਨ) ਨੂੰ ਦੋ ਫਾਈਨਲਿਸਟਾਂ ਵਜੋਂ ਹਰੇਕ ਨੂੰ $10,000 ਕੈਨੇਡੀਅਨ (CAD) ਨਾਲ ਸਨਮਾਨਿਤ ਕੀਤਾ ਗਿਆ। ਬੈਨੀਪਾਲ ਨੂੰ ਉਸ ਦੇ ਕਹਾਣੀ ਸੰਗ੍ਰਹਿ, ‘ਕਬਰਾਂ ਵਿੱਚ ਉੱਗੇ ਫੁੱਲ’ ਲਈ ਅਤੇ ਹੁਸੈਨੀ ਨੂੰ ਉਸ ਦੇ ਨਾਵਲ, ‘ਨਵਾਂ ਪਿੰਡ’ ਲਈ ਮਾਨਤਾ ਦਿੱਤੀ ਗਈ।




ਤਿੰਨ ਕਿਤਾਬਾਂ ਨੂੰ ਗੁਰਮੁਖੀ ਜਾਂ ਸ਼ਾਹਮੁਖੀ (ਪੰਜਾਬੀ ਵਿੱਚ ਵਰਤੀਆਂ ਜਾਣ ਵਾਲੀਆਂ ਲਿਪੀਆਂ) ਵਿੱਚ ਲਿਪੀਅੰਤਰਿਤ ਕਰਨ ਲਈ ਵਾਧੂ $6,000 CAD ਦਿੱਤੇ ਗਏ।
ਘੁੰਮਣ ਅਤੇ ਹੁਸੈਨੀ ਸਮਾਰੋਹਾਂ ਵਿੱਚ ਸ਼ਾਮਲ ਹੋਣ ਵਿੱਚ ਅਸਮਰੱਥ ਸਨ। ਉਨ੍ਹਾਂ ਦੀ ਥਾਂ ਦਰਸ਼ਕਾਂ ਨੂੰ ਉਨ੍ਹਾਂ ਦੇ ਸੰਖੇਪ ਸਵੀਕ੍ਰਿਤੀ ਵੀਡੀਓ ਦਿਖਾਏ ਗਏ।
ਰਿਚਮੰਡ, ਬੀ.ਸੀ. ਵਿੱਚ ਸਥਿਤ ਢਾਹਾਂ ਪ੍ਰਾਈਜ਼, ਪੰਜਾਬੀ ਭਾਸ਼ਾ ਵਿੱਚ ਗਲਪ ਦੀਆਂ ਕਿਤਾਬਾਂ ਲਈ ਸਭ ਤੋਂ ਵੱਡਾ ਵਿਸ਼ਵਵਿਆਪੀ ਸਾਹਿਤਕ ਅਵਾਰਡ ਹੈ।
“ਇਹ ਅਵਾਰਡ ਨਿੱਜੀ ਮਾਨਤਾ ਤੋਂ ਕਿਤੇ ਵੱਧ ਮਹੱਤਵ ਰੱਖਦਾ ਹੈ,” ਘੁੰਮਣ ਨੇ ਇੱਕ ਬਿਆਨ ਵਿੱਚ ਕਿਹਾ। “ਇਹ ਪੰਜਾਬੀ ਸਾਹਿਤ ਲਈ ਅਤੇ ਉਨ੍ਹਾਂ ਸਾਰਿਆਂ ਲਈ ਮਾਣ ਦਾ ਪਲ ਹੈ ਜਿਨ੍ਹਾਂ ਨੇ ਆਪਣੀ ਲਿਖਤ, ਪੜ੍ਹਤ ਅਤੇ ਇਸ ਭਾਸ਼ਾ ਪ੍ਰਤੀ ਪਿਆਰ ਰਾਹੀਂ ਇਸ ਨੂੰ ਜਿਉਂਦਾ ਰੱਖਿਆ ਹੈ।”
“ਢਾਹਾਂ ਪ੍ਰਾਈਜ਼ ਸਾਰੇ ਕੈਨੇਡੀਅਨਾਂ ਲਈ ਮਾਂ-ਬੋਲੀ ਨੂੰ ਸੰਭਾਲ ਕੇ ਰੱਖਣ ਦੀ ਮਹੱਤਤਾ ਨੂੰ ਦਰਸਾਉਂਦਾ ਹੈ, ” ਕਿਹਾ ਸੈਨੇਟਰ ਬਲਤੇਜ ਸਿੰਘ ਢਿੱਲੋਂ (ਸਰੀ, ਬੀ.ਸੀ.), ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ ਨੇ, ਜੋ ਇਹ ਅਵਾਰਡ ਪ੍ਰਦਾਨ ਕਰਦੀ ਹੈ। “ਇਹ ਭਾਈਚਾਰਿਆਂ ਵਿਚਕਾਰ ਪੁਲ ਬਣਾਉਣ ਲਈ ਲਿਖੇ ਹੋਏ ਸ਼ਬਦ ਦੀ ਤਾਕਤ ਨੂੰ ਦਰਸਾਉਂਦਾ ਹੈ। ਇਸ ਲਈ, ਇਨ੍ਹਾਂ ਲੇਖਕਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਵਿਸ਼ਵ ਮੰਚ ‘ਤੇ ਦੇਖਿਆ, ਪੜ੍ਹਿਆ ਅਤੇ ਸਲਾਹਿਆ ਜਾਣਾ ਚਾਹੀਦਾ ਹੈ।”
18 ਨਵੰਬਰ, 2026 ਨੂੰ ਸਰੀ, ਬੀ.ਸੀ. ਦੇ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਖੇ ਹੋਏ ਸਮਾਗਮਾਂ ਦੌਰਾਨ ਅਵਾਰਡ ਜੇਤੂ ਅਤੇ ਦੋ ਫਾਈਨਲਿਸਟਾਂ ਨੂੰ ਉਨ੍ਹਾਂ ਦੇ ਅਵਾਰਡ ਪ੍ਰਦਾਨ ਕੀਤੇ ਗਏ।
ਸਮਾਗਮ ਦੇ ਇੱਕ ਹਿੱਸੇ ਵਜੋਂ ਸਿਟੀ ਆਫ਼ ਸਰੀ ਵੱਲੋਂ “ਪੰਜਾਬੀ ਸਾਹਿਤ ਹਫ਼ਤੇ” ਦਾ ਐਲਾਨਨਾਮਾ ਪੇਸ਼ ਕੀਤਾ ਗਿਆ।
ਬੀ.ਸੀ. ਵਿੱਚ ਜਨਮੀ ਕਵਿੱਤਰੀ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਹਰਮਨ ਕੌਰ ਨੇ ਮੁੱਖ ਭਾਸ਼ਣ ਦਿੱਤਾ। ਕੈਲਗਰੀ ਵਾਸੀ ਪਾਕਿਸਤਾਨੀ ਪੰਜਾਬੀ ਜਮਾਲ ਰਾਜਾ ਨੇ ਸੰਗੀਤਕ ਪੇਸ਼ਕਾਰੀ ਦਿੱਤੀ।
ਰਾਜਪ੍ਰੀਤ ਕੌਰ ਬੇਨੀਪਾਲ ਨੇ ਸਾਂਝਾ ਕੀਤਾ, “ਇਸ ਅਵਾਰਡ ਲਈ ਫਾਈਨਲਿਸਟ ਵਜੋਂ, ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਬਜ਼ੁਰਗ ਨੇ ਮੇਰਾ ਹੱਥ ਫੜ ਕੇ ਮੈਨੂੰ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਹੋਵੇ।”
ਅੰਬਰ ਹੁਸੈਨੀ ਨੇ ਉਤਸ਼ਾਹ ਨਾਲ ਕਿਹਾ, “ਮੈਨੂੰ ਪ੍ਰੇਰਣਾ ਮਿਲੀ ਹੈ ਅਤੇ ਮੇਰਾ ਹੌਸਲਾ ਵਧਿਆ ਹੈ। ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਨੂੰ ਆਪਣੀਆਂ ਲਿਖਤਾਂ ਨੂੰ ਦੁਨੀਆ ਭਰ ਦੇ ਵਧੇਰੇ ਪਾਠਕਾਂ ਤੱਕ ਪਹੁੰਚਾਉਣ ਲਈ ਇੱਕ ਮੰਚ ਅਤੇ ਸਹਿਯੋਗ ਪ੍ਰਦਾਨ ਕੀਤਾ ਗਿਆ ਹੈ।”
ਪ੍ਰਾਈਜ਼ ਦੇ ਸੰਸਥਾਪਕ ਅਤੇ ਵੈਨਕੂਵਰ ਦੇ ਵਸਨੀਕ ਬਾਰਜ ਸਿੰਘ ਢਾਹਾਂ ਨੇ ਇੱਕ ਬਿਆਨ ਵਿੱਚ ਕਿਹਾ:
“ਢਾਹਾਂ ਪ੍ਰਾਈਜ਼ ਉਨ੍ਹਾਂ ਲੇਖਕਾਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਗਲਪ ਦੇ ਭਵਿੱਖ ਨੂੰ ਆਕਾਰ ਦੇ ਰਹੀਆਂ ਹਨ। ਇਸ ਵਿਲੱਖਣ, ਨਵੇਂ ਸਾਹਿਤ ਨੂੰ ਵਿਸ਼ਵਵਿਆਪੀ ਪਾਠਕ ਵਰਗ ਤੱਕ ਪਹੁੰਚਾਉਣ ਨਾਲ ਇਨ੍ਹਾਂ ਲੇਖਕਾਂ ਨੂੰ ਉਹ ਮਾਨਤਾ ਮਿਲਦੀ ਹੈ ਜੋ ਹੋਰ ਹਾਲਤ ਵਿੱਚ ਉਨ੍ਹਾਂ ਨੂੰ ਨਹੀਂ ਮਿਲਣੀ ਸੀ। ਇਹ ਪ੍ਰਾਈਜ਼ ਦੁਨੀਆ ਦੇ ਸਾਹਿਤਕ ਖੇਤਰ ਵਿੱਚ ਪੰਜਾਬੀ ਸਾਹਿਤ ਦੀ ਥਾਂ ਨੂੰ ਮਜ਼ਬੂਤ ਕਰਦਾ ਹੈ।”
2013 ਵਿੱਚ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ (CIES) ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (UBC) ਵੱਲੋਂ ਸ਼ੁਰੂ ਕੀਤੇ ਜਾਣ ਤੋਂ ਬਾਅਦ, ਢਾਹਾਂ ਪ੍ਰਾਈਜ਼ ਨੇ ਉੱਭਰਦੇ ਅਤੇ ਸਥਾਪਿਤ ਲੇਖਕਾਂ ਲਈ ਆਲੋਚਨਾਤਮਕ ਪ੍ਰਸ਼ੰਸਾ ਅਤੇ ਮਹੱਤਵਪੂਰਨ ਪਛਾਣ ਹਾਸਲ ਕੀਤੀ ਹੈ, ਜਿਸ ਨਾਲ ਉਨ੍ਹਾਂ ਦੀਆਂ ਕਿਤਾਬਾਂ ਲਈ ਵਧੇਰੇ ਵਿਸ਼ਾਲ, ਬਹੁ-ਭਾਸ਼ਾਈ ਪਾਠਕ ਵਰਗ ਤੱਕ ਪਹੁੰਚਣ ਦਾ ਰਾਹ ਪੱਧਰਾ ਹੋਇਆ ਹੈ।
ਢਾਹਾਂ ਪ੍ਰਾਈਜ਼ ਦੀ ਸਥਾਪਨਾ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਕੀਤੀ ਗਈ ਸੀ, ਜਿੱਥੇ ਪੰਜਾਬੀ ਲੋਕਾਂ, ਭਾਸ਼ਾ ਅਤੇ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ। ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਅਤੇ ਇਹ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇੱਕ ਮਜ਼ਬੂਤ ਧਾਗਾ ਹੈ।
ਪ੍ਰਾਈਜ਼ ਦਾ ਪੇਸ਼ਕਾਰੀ ਭਾਈਵਾਲ RBC ਫਾਊਂਡੇਸ਼ਨ ਹੈ। ਬਾਰਜ ਅਤੇ ਰੀਟਾ ਢਾਹਾਂ, ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ, ਮੁੱਖ ਫੰਡਦਾਤਾ ਹਨ।
2026 ਦੇ ਸਪਾਂਸਰਾਂ ਵਿੱਚ RBC ਡੋਮੀਨੀਅਨ ਸਿਕਿਊਰਿਟੀਜ਼ – ਹਾਰਜ ਐਂਡ ਦਰਸ਼ਨ ਗਰੇਵਾਲ, ਜੀ. ਐੱਲ. ਸਮਿਥ ਪਲੈਨਿੰਗ ਐਂਡ ਡਿਜ਼ਾਈਨ ਇੰਕ. , ਅਤੇ ਟਿੱਮ ਹੌਰਟਨਜ਼ ਸ਼ਾਮਲ ਸਨ।
ਪੰਜਾਬੀ ਸਾਹਿਤ ਲਈ ਢਾਹਾਂ ਪ੍ਰਾਈਜ਼ ਬਾਰੇ:
ਸੰਪਰਕ ਜਾਣਕਾਰੀ:
604-328-6322
ਫੇਸਬੁੱਕ: https://www.facebook.com/DhahanPrize
ਇੰਸਟਗ੍ਰਾਮ: https://www.instagram.com/dhahanprize/