- ਪਰਕਾਸ਼ਕ: ਚੇਤਨਾ ਪ੍ਰਕਾਸ਼ਨ
ਆਪਣੇ ਆਪਣੇ ਮਰਸੀਏ, ਕਹਾਣੀ ਸੰਗ੍ਰਹਿ ਦਾ ਸਿਰਲੇਖ ਮਾਨਵੀ ਸੰਬੰਧਾਂ ’ਚੋਂ ਪੈਦਾ ਹੋਏ ਦੁੱਖ, ਬੇਚੈਨੀ, ਉਦਾਸੀ ਅਤੇ ਨਿਰਾਸ਼ਾ ਦਾ ਪ੍ਰਤੀਕ ਹੈ। ਸਰਘੀ ਨੇ ਸੂਖਮ ਮਨੋਭਾਵਾਂ, ਮਰਦ ਪ੍ਰਧਾਨ ਸਮਾਜ ਦੀਆਂ ਗੁੰਝਲਦਾਰ ਕਦਰਾਂ ਕੀਮਤਾਂ, ਮਾਦਾ-ਭਰੂਣ ਹੱਤਿਆ, ਰੇਪ, ਵਿਆਹ ਸੰਸਥਾ, ਲਿੰਗ-ਭੇਦ ਦੀ ਰਾਜਨੀਤੀ ਅਤੇ ਰਣਨੀਤੀ ਆਦਿ ਨੂੰ ਕਲਮਬੱਧ ਕੀਤਾ ਹੈ। ਸੰਗ੍ਰਹਿ ਦੀ ਸਿਰਲੇਖ ਕਹਾਣੀ ਆਪਣੇ ਆਪਣੇ ਮਰਸੀਏ ਵਿੱਚ ਦੋ ਸਹੇਲੀਆਂ ਇਕੋ ਪਿੰਡ ਦੇ ਦੋਸਤਾਂ ਨਾਲ ਵਿਆਹੀਆਂ ਜਾਂਦੀਆਂ ਹਨ। ਦੋਵਾਂ ਦੇ ਪਤੀ ਇਕੋ ਹਾਦਸੇ ਵਿੱਚ ਮਰਨ ਨਾਲ ਉਹ ਦੋਵੇਂ ਵਿਧਵਾ ਹੋ ਜਾਂਦੀਆਂ ਹਨ। ਉਹ ਸਾਰੀ ਉਮਰ ਰੰਡੇਪੇ ਵਿੱਚ ਕੱਟਣ ਦੀ ਬਜਾਏ ਆਪਣੇ ਆਪਣੇ ਨਵੇਂ ਸੰਬੰਧ ਬਣਾ ਲੈਂਦੀਆਂ ਹਨ। ਇਹ ਔਰਤਾਂ ਦੁੱਖ ਦਰਦ ਝੱਲਦੀਆਂ ਹੋਈਆਂ ਆਪਣੀ ਕਿਸਮਤ ਨੂੰ ਨਹੀਂ ਕੋਸਦੀਆਂ ਸਗੋਂ ਬਿਹਤਰ ਜ਼ਿੰਦਗੀ ਜਿਊਣ ਲਈ ਜਾਗਰੂਕ ਹੁੰਦੀਆਂ ਨਜ਼ਰ ਆਉਂਦੀਆਂ ਹਨ ਅਤੇ ਆਪਣੇ ਢੰਗ ਨਾਲ ਸਮਾਜ ਵਿੱਚ ਵਿਚਰਦੀਆਂ ਹਨ।
ਇਹ ਕਮਾਲ ਦੀ ਗੱਲ ਹੈ ਕਿ ਹੋਲੀਡੇ ਵਾਈਫ ਦਾ ਸੰਕਲਪ ਪੰਜਾਬੀ ਸਾਹਿਤ ਵਿੱਚ ਪਹਿਲੀ ਵਾਰ ਲਿਖਤ ਵਿੱਚ ਆਇਆ ਹੈ। ਇਸ ਕਹਾਣੀ ਵਿੱਚ ਇਕ ਪਤਨੀ ਦਾ ਪਤੀ ਵਿਦੇਸ਼ ਵਿੱਚ ਇਕ ਹੋਰ ਔਰਤ ਨਾਲ ਵਿਆਹ ਕਰਵਾ ਕੇ ਰਹਿੰਦਾ ਹੈ। ਪੰਜਾਬ ਵਿੱਚ ਵਸਦੀ ਪਤਨੀ ਨੂੰ ਹੋਲੀਡੇ ਵਾਈਫ ਸਮਝ ਕੇ ਸੰਬੰਧ ਰੱਖਦਾ ਹੈ। ਪਤਨੀ ਨੂੰ ਮਰਦ ਅਤੇ ਔਰਤ ਵਿੱਚ ਬਰਾਬਰੀ ਹੋਣ ਦਾ ਅਹਿਸਾਸ ਹੋਣ ਲਗਦਾ ਹੈ। ਉਹ ਵੀ ਆਪਣੇ ਲਈ ਹੋਲੀਡੇ ਹਸਬੈਂਡ ਲੱਭ ਲੈਂਦੀ ਹੈ ਪਰ ਪਤੀ ਇਸ ਗੱਲ ਬਾਰੇ ਨਹੀਂ ਜਾਣਦਾ।
ਇਨ੍ਹਾਂ ਕਹਾਣੀਆਂ ਰਾਹੀਂ ਵੱਖਰੇ ਵੱਖਰੇ ਮਾਨਵੀ ਰਿਸ਼ਤਿਆਂ ਦਾ ਮਰਸੀਆ ਦਰਸਾਇਆ ਗਿਆ ਹੈ। ਲੇਖਕਾ ਨੇ ਬੜੀ ਸੂਝ ਨਾਲ਼ ਲੋਕ ਬੋਲੀਆਂ, ਮੁਹਾਵਰਿਆਂ, ਅਤੇ ਗੁਰਬਾਣੀ ਦੀਆਂ ਤੁਕਾਂ ਵਰਤ ਕੇ ਕਹਾਣੀਆਂ ਨੂੰ ਇੰਨਾਂ ਸ਼ਿੰਗਾਰਿਆ ਹੈ ਕਿ ਪਾਠਕ ਆਖਰੀ ਸਤਰ ਤੱਕ ਪੂਰੀ ਤਰ੍ਹਾਂ ਜੁੜ ਜਾਂਦਾ ਹੈ।
“ਆਪਣੀ ਸਪੇਸ ਤਲਾਸ਼ ਰਹੀ ਨਾਰੀ ਮਰਦ ਪ੍ਰਧਾਨ ਸਮਾਜ ਅੰਦਰ ਪਿੱਤਰੀ ਸੰਰਚਨਾ ਦੀਆਂ ਕਦਰਾਂ-ਕੀਮਤਾਂ ਨੂੰ ਤ੍ਰੇੜਦੀ ਆਪਣੀ ਹੋਂਦ ਪ੍ਰਤੀ ਚੇਤੰਨ ਨਜ਼ਰ ਆਉਂਦੀ ਹੈ ਜੋ ਕਿ ਰਚਨਾਕਾਰ ਦਾ ਖਾਸਾ ਕਿਹਾ ਜਾ ਸਕਦਾ ਹੈ ਕਿ ਉਹ ਵਿਸ਼ਾ/ਸਰੋਕਾਰ ਨੂੰ ਬਿਰਤਾਂਤਣ ਵੇਲੇ ਵੀ ਪਰੰਪਰਾਈ ਅੰਦਾਜ਼ ਤੋਂ ਪਾਰ ਜਾਂਦੀ ਵਿਲੱਖਣ ਸ਼ੈਲੀ ਨੂੰ ਉਸਾਰਦੀ ਹੈ”।
ਗੁਰਮੁਖੀ ਜਿਊਰੀ
“ਇਹ ਕਹਾਣੀਆਂ ਜੀਵਨ ਦੀ ਇੱਥੋਂ ਅਤੇ ਹੁਣ ਦੀ ਹਕੀਕਤ ਦਾ ਪ੍ਰਦਰਸ਼ਨ ਹਨ। ਲੇਖਕਾ ਦਾ ਯਥਾਰਥਵਾਦ ਕੈਲੀਡੋਸਕੋਪਿਕਲੀ ਉਸ ਦੀ ਸੰਪੂਰਨ ਦ੍ਰਿਸ਼ਟੀ ਅਤੇ ਵਿਆਪਕ ਦ੍ਰਿਸ਼ਟੀਕੋਣ ਦੇ ਪ੍ਰਗਟਾਵੇ ਨੂੰ ਦਰਸਾਉਂਦੀਆਂ ਹਨ।“
ਸੈਂਟ੍ਰਲ ਜਿਊਰੀ