- ਪਰਕਾਸ਼ਕ: ਨਵਯੁਗ ਪਬਲਿਸ਼ਰਜ਼
ਜ਼ਨਾਨੀ ਪੌਦ ਕਹਾਣੀ ਸੰਗ੍ਰਹਿ ਵਿੱਚ, ਇਕ ਇਨਾਮ ਜੇਤੂ ਅਤੇ ਪ੍ਰਭਾਵਸ਼ਾਲੀ ਕਹਾਣੀਕਾਰ, ਕੇਸਰਾ ਰਾਮ ਹਰਿਆਣੇ ਦੀ ਗੁੰਝਲਦਾਰ ਅਤੇ ਤੇਜ਼ੀ ਨਾਲ ਬਦਲ ਰਹੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਹਕੀਕਤ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਸ਼ਵਾਸਾਂ ਅਤੇ ਵਿਵਹਾਰਾਂ ਦਾ ਪਰਦਾਫਾਸ਼, ਤੁਲਨਾ ਅਤੇ ਅਲੋਚਨਾ ਕਰਨ ਲਈ ਸ਼ਾਨਦਾਰ ਵਿਅੰਗ ਦੀ ਵਰਤੋਂ ਕਰਦਾ ਹੈ। ਉਹ ਮੁੰਡਿਆਂ ਲਈ ਲਿੰਗ ਚੋਣ ਅਤੇ ਤਰਜੀਹ ਦੇ ਵਿਵਾਦਪੂਰਨ ਵਿਸ਼ੇ ਅਤੇ ਇਸ ਵਿੱਚ ਸ਼ਾਮਲ ਪਾਤਰਾਂ ਦੁਆਰਾ ਚੇਤੰਨ ਫੈਸਲੇ ਲੈਣ ਪ੍ਰਤੀ ਵੱਖੋ ਵੱਖਰੀਆਂ ਪੱਧਰਾਂ ਨੂੰ ਬੜੀ ਚਤੁਰਾਈ ਨਾਲ ਨਜਿੱਠਦਾ ਹੈ। ਉਹ ਇਸ ਮਿਥਿਆ ਨੂੰ ਤੋੜਦਾ ਹੈ ਕਿ ਸਿਰਫ ਗਰੀਬ ਔਰਤਾਂ ਹੀ ਮਾਦਾ ਭਰੂਣਾਂ ਦਾ ਗਰਭਪਾਤ ਕਰਵਾਉਂਦੀਆਂ ਹਨ।
ਸਿਰਲੇਖ ਕਹਾਣੀ ਜ਼ਨਾਨੀ ਪੌਦ ਦਾ ਅਲੰਕਾਰ ਔਰਤ ਦੀ ਜ਼ਰਖੇਜ਼ੀ ਨਾਲ ਜੋੜਿਆ ਗਿਆ ਹੈ ਕਿਉਂਕਿ ਅਜੇ ਵੀ ਇਕ ਵੱਡੇ ਪੱਧਰ ’ਤੇ ਪਿੱਤਰਵਾਦੀ ਸਮਾਜ ਵਿੱਚ ਔਲਾਦ ਪ੍ਰਾਪਤੀ ਦਾ ਦਬਾਅ ਸਿਰਫ ਔਰਤ ਤੇ ਹੀ ਹੁੰਦਾ ਹੈ। ਲੇਖਕ ਨੇ ਵਾਰਿਸ ਪ੍ਰਾਪਤ ਕਰਨ ਦੀ ਇੱਛਾ ਨੂੰ ਮਨੁੱਖ ਦੀ ਖ਼ੁਦਗ਼ਰਜ਼ੀ ਅਤੇ ਮੁਨਾਫੇ ਦੀ ਸੋਚ ਨਾਲ ਇਸ ਤਰ੍ਹਾਂ ਜੋੜਿਆ ਹੈ, “ਲੋਕ ਮੱਝਾਂ ਤੋਂ ਭਾਲਦੇ ਨੇ ਕੱਟੀਆਂ ਤੇ ਤੀਵੀਆਂ ਤੋਂ ਮੁੰਡੇ”। ਇਸ ਕਹਾਣੀ ਵਿੱਚ ਦੋ ਸਹੇਲੀਆਂ ਸਵੀਟੀ ਅਤੇ ਪ੍ਰੀਤੀ ਤੋਂ ਪਤਨੀਆਂ ਹੋਣ ਦੇ ਨਾਤੇ ਮੁੰਡਿਆਂ ਨੂੰ ਜਨਮ ਦੇਣ ਦੀ ਉਮੀਦ ਰੱਖੀ ਜਾਂਦੀ ਹੈ। ਸਵੀਟੀ ਵਾਰ ਵਾਰ ਗਰਭਪਾਤ ਤੋਂ ਬਚਣ ਲਈ ਨਸਬੰਦੀ ਕਰਵਾ ਲੈਂਦੀ ਹੈ। ਇਸ ਦੇ ਉਲਟ ਪ੍ਰੀਤੀ ਗਰਭ ਧਾਰਨ ਕਰਨ ਦੇ ਅਯੋਗ ਹੈ। ਉਹ ਮਾਂ ਨਾ ਬਣਨ ਕਰ ਕੇ ਉਦਾਸੀ ਵਿੱਚ ਆਪਣੇ ਪਤੀ ਪਰਿਵਾਰ ਤੋਂ ਡਰਦੀ ਹੈ। ਰਾਤਾਂ ਨੂੰ ਲਗਾਤਾਰ ਸੱਪਾਂ ਦੇ ਸੁਪਨਿਆਂ ਵਿੱਚ ਉੱਸਲ਼ਵੱਟੇ ਮਾਰਦੀ ਹੈ। ਮਾਂ ਬਣਨ ਤੋਂ ਬਾਅਦ ਉਸ ਦਾ ਆਤਮ ਵਿਸ਼ਵਾਸ ਅਤੇ ਪਰਿਵਾਰ ਵਿੱਚ ਰੁਤਬਾ ਵੱਧਦਾ ਹੈ। ਹੁਣ ਉਹ ਸ਼ੇਰਾਂ ਅਤੇ ਬਘਿਆੜਾਂ ਦੇ ਸੁਪਨੇ ਲੈਂਦੀ ਹੈ।
ਕਹਾਣੀ ਬੇਟੀ ਕਾ ਬਾਪ ਵਿੱਚ ਧੀਆਂ ਦਾ ਪਿਉ ਹੋਣਾ ਸਥਾਨਕ ਭਾਸ਼ਾ ਵਿੱਚ ਗਾਲ਼ ਖਾਣ ਦੇ ਬਰਾਬਰ ਹੈ। ਸਦੀਆਂ ਪੁਰਾਣੀਆਂ ਪਰੰਪਰਾਵਾਂ ਪ੍ਰਤੀ ਦੋ ਜੋੜਿਆਂ ਦੇ ਰਵੱਈਏ ਦੀ ਤੁਲਨਾ ਕੀਤੀ ਗਈ ਹੈ। ਡਾ: ਅਮਿਤ ਆਪਣੀ ਪਤਨੀ, ਪ੍ਰੋਫੈਸਰ ਮੰਜੂ, ਤੋਂ ਪੁੱਤ ਚਾਹੁੰਦਾ ਹੈ ਪਰ ਡਾ: ਰਣਬੀਰ ਮਲਿਕ ਆਪਣੀ ਤੀਜੀ ਧੀ ਦੇ ਜਨਮ ’ਤੇ ਵੀ ਮਠਿਆਈ ਵੰਡਦਾ ਹੈ। ਹੋਰ ਕਹਾਣੀਆਂ ਵਿਚ ਕੇਸਰਾ ਰਾਮ ਨੇ ਸਮਕਾਲੀ ਸੰਕਟਾਂ, ਸਮਾਜਕ ਬੁਰਾਈਆਂ, ਭਾਈਚਾਰਿਆਂ ਵਿੱਚ ਪਾਣੀ ਅਤੇ ਸਵੱਛਤਾ ਦੀ ਘਾਟ ਅਤੇ ਸਥਾਨਕ ਦੁਕਾਨਦਾਰਾਂ ਵੱਲੋਂ ਝੁੱਗੀਆਂ ਵਾਲਿਆਂ ਦੇ ਸ਼ੋਸ਼ਣ ਦੇ ਯਥਾਰਥ ਨੂੰ ਪੇਸ਼ ਕੀਤਾ ਹੈ।