2018 ਫਾਇਨਲਿਸਟ
ਝੂਠਾ ਸੱਚਾ ਕੋਈ ਨਾ ਸ਼ਾਹਮੁਖੀ ਲਿੱਪੀ ਵਿਚ ਛਪਿਆ ਨਾਸਿਰ ਬਲੋਚ ਦੀਆਂ ਕਹਾਣੀਆਂ ਦਾ ਨਵਾਂ ਪਰਾਗਾ ਹੈ, ਜਿਸਨੂੰ ਦੂਜੇ ਸਥਾਨ ਦੇ ਢਾਹਾਂ ਇਨਾਮ ਲਈ ਚੁਣਿਆ ਗਿਆ ਹੈ। ਬਲੋਚ ਸੂਖਮ ਸੋਝੀ ਨਾਲ ਚਿਤਵੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹੀ ਕਹਾਣੀ ਦਾ ਸ਼ਾਹ-ਸਵਾਰ ਹੈ, ਜੋ ਆਪਣੀ ਰਚਨਾ ਵਿਚ ਭ੍ਰਿਸ਼ਟਾਚਾਰ, ਅੱਧੋਗਤੀ ਤੇ ਖੜੋਤ ਦੀ ਭਾਂਤ-ਸੁਭਾਂਤੀ ਦਲਦਲ ਵਿਚ ਧਸੇ ਸਮਕਾਲੀ ਸਮਾਜੀ ਨਜ਼ਾਮ ਦਾ ਪਰਦਾ ਫਾਸ਼ ਕਰਦਾ ਹੈ। ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ, ਉਸਦੀ ਪ੍ਰਤੀਬੱਧਤਾ ਸੱਚ ਤੇ ਸਿਰਫ ਸੱਚ ਨਾਲ ਹੈ। ਪੰਜਾਬੀ ਕਹਾਣੀ ਸਾਹਿਤ ਦੀ ਪ੍ਰਾਪਤੀ ਵਿਚ ਜ਼ਿਕਰਯੋਗ ਵਾਧਾ ਕਰਦੀ, ਲੰਮੇ ਵਕਫੇ ਬਾਅਦ ਛਪੀ, ਨਾਸਰ ਬਲੋਚ ਦੀ ਕਹਾਣੀਆਂ ਦੀ ਇਸ ਕਿਤਾਬ ਦਾ ਭਰਪੂਰ ਸੁਆਗਤ ਕੀਤਾ ਜਾਣਾ ਬਣਦਾ ਹੈ।