ਨਛੱਤਰ ਸਿੰਘ ਬਰਾੜ
ਨਛੱਤਰ ਸਿੰਘ ਬਰਾੜ ਦਾ ਜਨਮ ਮੋਗੇ ਦੇ ਨੇੜੇ, ਥੇਹ ਵਾਲੇ ਪਿੰਡ ‘ਜਨੇਰ’ ਵਿਚ 1946 ਵਿਚ ਹੋਇਆ। ਪਿਤਾ ਪੁਰਖੀ ਕਿੱਤਾ ਖੇਤੀ ਸੀ ਅਤੇ ਉਹ ਆਪਣੇ ਪਿਤਾ ਨਾਲ ਖੇਤੀ ਦਾ ਕੰਮ ਕਰਵਾਉਂਦਾ ਹੁੰਦੜਹੇਲ ਹੋਇਆ। ਹਾਇਰ ਸੈਕੰਡਰੀ ਪਾਸ ਕਰਨ ਉਪਰੰਤ ਉਹ ਬਤੌਰ ਏਅਰਮੈਨ ਹਵਾਈ ਫੌਜ ਵਿਚ ਭਰਤੀ ਹੋ ਗਿਆ। ਹਵਾਈ ਫੌਜ ਦੀ ਨੌਕਰੀ ਦੌਰਾਨ ਹੀ ਉਸਨੇ ਐੱਮ.ਏ. ਪੰਜਾਬੀ ਤਕ ਦੀ ਪੜ੍ਹਾਈ ਕੀਤੀ ਅਤੇ ਮਕੈਨੀਕਲ ਇੰਜਨੀਅਰਿੰਗ ਦਾ ਡਿਪਲੋਮਾ ਹਾਸਲ ਕੀਤਾ। 18 ਸਾਲ ਨੌਕਰੀ ਕਰਨ ਮਗਰੋਂ ਅਗਾਊਂ ਰੀਟਾਇਰਮਿੰਟ ਲੈ ਕੇ ਉਸਨੇ ਤਕਨੀਕੀ ਸਿਖਿਆ ਵਿਭਾਗ ਪੰਜਾਬ ਵਿਚ ਇਨਸਟਕਟਰ ਵਜੋਂ ਨੌਕਰੀ ਕੀਤੀ। 1996 ਵਿਚ ਉਹ ਪਰਵਾਸੀ ਬਣਕੇ ਕੈਨੇਡਾ ਦੇ ਸ਼ਹਿਰ ਸਰੀ ਵਿਚ ਆ ਗਿਆ। ਏਥੇ ਆ ਕੇ ਉਸਨੇ ਸਕਿਉਰਟੀ ਸੁਪਰਵਾਈਜ਼ਰ ਵਜੋਂ ਕੰਮ ਕੀਤਾ। ਸੁਪਰਵਾਈਜ਼ਰ ਦੀ ਨੌਕਰੀ ਕਰਦਿਆਂ ਪਰਿਸਥਿਤੀਆਂ ਅਜਿਹੀਆਂ ਸਾਜ਼ਗਾਰ ਬਣੀਆਂ ਕਿ 62 ਸਾਲ ਦੀ ਉਮਰ ਵਿਚ ਉਸਨੇ ਸਾਹਿਤ-ਸਿਰਜਣਾ ਦੇ ਖੇਤਰ ਵਿਚ ਪੈਰ ਧਰਿਆ ਅਤੇ ‘ਕਿਹੜੀ ਰੁੱਤੇ ਆਏ’ ਨਾਂ ਦਾ ਉਸਦਾ ਨਾਵਲ ਛਪਿਆ। ਇਸ ਤੋਂ ਮਗਰੋਂ ਉਸਨੇ ਭਾਰਤੀ ਹਵਾਈ ਫੌਜ ਬਾਰੇ ‘ਯਾਦਾਂ ਨੈਟ ਫਾਈਟਰ ਦੀਆਂ’ ਨਾਂ ਦੀ ਪੁਸਤਕ ਲਿਖੀ, ਜੋ ਏਸ ਵਿਸ਼ੇ ਬਾਰੇ ਪੰਜਾਬੀ ਵਿਚ ਛਪਣ ਵਾਲੀ ਪਹਿਲੀ ਪੁਸਤਕ ਸੀ। ਨਛੱਤਰ ਸਿੰਘ ਬਰਾੜ ਦੀ ਤੀਜੀ ਪ੍ਰਕਾਸ਼ਤ ਹੋਣ ਵਾਲੀ ਪੁਸਤਕ ਸੀ ‘ਚਿੱਠੀਆਂ ਦੀ ਸਜ਼ਾ’, ਜੋ ਉਸਦੀ ਦੂਜੀ ਨਾਵਲ ਰਚਨਾ ਸੀ। ਬਰਾੜ ਨੇ ਆਪਣੇ ਪਿੰਡ ਦਾ ਇਤਿਹਾਸ ਵੀ ਪ੍ਰਾਚੀਨ ਕਾਲ ਤੋਂ ਵਰਤਮਾਨ ਤਕ ‘ਥੇਹ ਵਾਲਾ ਪਿੰਡ ਜਨੇਰ’ ਦੇ ਨਾਮ ਹੇਠ ਕਲਮਬੰਦ ਕੀਤਾ। ਉਸਦਾ ਤੀਜਾ ਨਾਵਲ ‘ਆਲ੍ਹਣੇ ਦੀ ਉਡਾਣ’ ਕੈਨੇਡਾ ਵਸਦੇ ਪੰਜਾਬੀ ਪਰਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਸੀ। ਸਾਲ 2016 ਵਿਚ ਛਪਿਆ