ਜਮੀਲ ਅਹਿਮਦ ਪਾਲ
ਲਹੌਰ, ਪੰਜਾਬ, ਪਾਕਿਸਤਾਨ
ਜਮੀਲ ਪਾਲ ਨੂੰ ਛੋਟੀ ਉਮਰੇ ਹੀ ਅਖ਼ਬਾਰ ਪੜ੍ਹਨ ਦੀ ਚੇਟਕ ਆਪਣੇ ਦਾਦਾ ਜੀ ਤੋਂ ਲੱਗੀ ਸੀ। ਉਹ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਮਸ਼ਰਕੀ ਪਾਕਿਸਤਾਨ (ਅੱਜ ਕੱਲ੍ਹ ‘ਬੰਗਲਾ ਦੇਸ਼’) ਵਿੱਚ ਪੜ੍ਹਿਆ। ਉਨ੍ਹੀਂ ਦਿਨੀਂ ਹੀ ਸਾਂਝੇ ਪਾਕਿਸਤਾਨ ਦਾ ਮੁਲਕ ਟੁੱਟ ਰਿਹਾ ਸੀ। ਉਸ ਨੇ ਬੰਗਾਲੀਆਂ ਦਾ ਬੰਗਾਲੀ ਬੋਲੀ ਪ੍ਰਤੀ ਗੂੜ੍ਹੇ ਅਤੇ ਅਟੁੱਟ ਪਿਆਰ ਤੋਂ ਪ੍ਰਭਾਵਿਤ ਹੋ ਕੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਉਸ ਨੇ ਐੱਮ. ਏ. (ਪੰਜਾਬੀ, ਉਰਦੂ ਅਤੇ ਸਿਆਸੀ ਵਿਗਿਆਨ) ਅਤੇ ਪੀਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ। ਪੇਸ਼ੇ ਵਜੋਂ ਚਾਰ ਕਾਲਜਾਂ ਵਿੱਚ ਬਤੌਰ ਲੈਕਚਰਾਰ ਸੇਵਾ ਨਿਭਾਈ। ਉਹ ਪੰਜਾਬੀ ਵਿੱਚ 4 ਕਹਾਣੀ ਸੰਗ੍ਰਹਿ, ਪੱਤਰਕਾਰੀ ’ਤੇ ਇਕ ਕਿਤਾਬ, ਸਫ਼ਰਨਾਮੇ, ਰੀਸਰਚ ਪੇਪਰ, ਅਨੁਵਾਦ ਅਤੇ ਹੋਰ ਕਈ ਕੁੱਝ ਛਪਾ ਚੁੱਕਾ ਹੈ। ਇਕ ਮਿਆਰੀ ਪੰਜਾਬੀ ਮਾਸਿਕ ਪੱਤਰ ‘ਸਵੇਰ ਇੰਟਰਨੈਸ਼ਨਲ’ ਚਲਾਉਂਦੇ ਹੋਏ ਹੋਰ ਵੀ ਕਈ ਰਸਾਲਿਆਂ ਅਤੇ ਅਖ਼ਬਾਰਾਂ ਲਈ ਕੰਮ ਕੀਤਾ। ਅੱਜ ਕੱਲ੍ਹ ਆਪਣਾ ਪੰਜਾਬੀ ਅਖ਼ਬਾਰ ‘ਲੋਕਾਈ’ ਚਲਾ ਰਿਹਾ ਹੈ। ਉਸ ਨੂੰ 2022 ਵਿੱਚ ਪਾਕਿਸਤਾਨ ਸਰਕਾਰ ਨੇ ‘ਤਮਗਾ ਇ ਇਮਤਿਆਜ਼’ ਨਾਲ ਸਨਮਾਨਿਤ ਕੀਤਾ। ਪਾਲ ਕਹਿੰਦਾ ਹੈ, “ਮੇਰਾ ਪਹਿਲਾ ਪਿਆਰ ਪੰਜਾਬੀ ਏ ਤੇ ਦੂਜਾ ਕਹਾਣੀ”।