ਗੁਰਦੇਵ ਸਿੰਘ ਰੁਪਾਣਾ
ਗੁਰਦੇਪ ਸਿੰਘ ਰੁਪਾਣਾ ਪੰਜਾਬੀ ਕਥਾ ਜਗਤ ਦਾ ਚਰਚਿਤ ਕਹਾਣੀਕਾਰ, ਨਿਬੰਧਕਾਰ ਅਤੇ ਅਨੁਵਾਦਕ ਹੈ। ਉਸਨੇ ਐਮ.ਏ. (ਪੰਜਾਬੀ) ਅਤੇ ਬੀ.ਐਡ. ਕਰਨ ਉਪਰੰਤ ਅਧਿਆਪਨ ਵਰਗੇ ਸਰੇਸ਼ਟ ਕਿੱਤੇ ਨੂੰ ਅਪਣਾਇਆ। ਉਸਨੇ ਆਪਣੀ ਪੀ.ਐਚ.ਡੀ. 19ਵੀਂ ਸਦੀ ਦੇ ਪ੍ਰਸਿੱਧ ਪੰਜਾਬੀ ਸ਼ਾਇਰ ‘ਕਾਦਰਯਾਰ’ ਦੇ ਜੀਵਨ ਅਤੇ ਉਸਦੀ ਕਵਿਤਾ ‘ਤੇ ਕੀਤੀ। ਦਿੱਲੀ ਦੇ ਸਕੂਲਾਂ ਵਿਚ ਪੜ੍ਹਾਉਂਦੇ ਸਮੇਂ ਉਹ ਬਹੁਤ ਸਾਰੇ ਲੇਖਕ ਅਤੇ ਕਲਾਕਾਰ ਜਿਵੇਂ ਅੰਮ੍ਰਿਤਾ ਪ੍ਰੀਤਮ ਦੇ ਕਾਫ਼ੀ ਨਜ਼ਦੀਕ ਰਿਹਾ ਅਤੇ ਉਦੋਂ ਤੋਂ ਹੀ ਉਹ ਇਕ ਪਰਮੁੱਖ ਪੰਜਾਬੀ ਸਾਹਿਤਕ ਸ਼ਖਸੀਅਤ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਰੁਪਾਣਾ ਦੇ ਪੰਜ ਕਹਾਣੀ ਸੰਗ੍ਰਹਿ - ਇਕ ਟੋਟਾ ਔਰਤ (1970), ਆਪਣੀ ਅੱਖ ਦਾ ਜਾਦੂ (1978), ਡਿਫੈਂਸ ਲਾਈਨ (1988), ਸ਼ੀਸ਼ਾ ਤੇ ਹੋਰ ਕਹਾਣੀਆਂ (2002) ਅਤੇ ਰਾਂਝਾ ਵਾਰਿਸ ਹੋਇਆ (2003) ਅਤੇ ਚਾਰ ਨਾਵਲ - ਜਲਦੇਵ , ਆਸੋ ਦਾ ਟੱਬਰ, ਗੋਰੀ, ਅਤੇ ਸ਼੍ਰੀ ਪਾਰਵਾ (2015) ਪੰਜਾਬੀ ਸਾਹਿਤ ਅਤੇ ਬੋਲੀ ਨੂੰ ਇਕ ਵੱਡਮੁੱਲੀ ਦੇਣ ਹੈ। ਉਸ ਦਾ ਨਾਵਲ ਗੋਰੀ ਇਸ ਵੇਲੇ ਪੱਚੀਵੇਂ ਐਡੀਸ਼ਨ ਵਿਚ ਹੈ ਅਤੇ ਇਹ ਨਾਵਲ ਕਈ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿਚ ਅਪਣਾਇਆ ਜਾ ਚੁੱਕਾ ਹੈ। ਰੁਪਾਣਾ ਨੇ ਤੇਲਗੂ ਕਹਾਣੀਆਂ ਅਤੇ ਦਾਸਤੋਵਸਕੀ ਦੀਆਂ ਕਹਾਣੀਆਂ ਦੇ ਅਨੁਵਾਦ ਦੀਆਂ ਕਿਤਾਬਾਂ ਵੀ ਛਾਪੀਆਂ ਹਨ। ਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਭਾਰਤ ਦੀਆਂ ਹੋਰ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ ਅਤੇ ਦੋ ਨਾਵਲ ਹਿੰਦੀ ਵਿਚ ਅਨੁਵਾਦ ਹੋ ਕੇ ਛਪੇ ਹਨ। ਰੁਪਾਣਾ ਨੂੰ ਕਈ ਮਾਨ-ਸਨਮਾਨ ਮਿਲ ਚੁੱਕੇ ਹਨ ਜਿਨ੍ਹਾਂ ਵਿਚੋਂ ਪੰਜਾਬੀ ਅਕੈਡਮੀ ਦਿੱਲੀ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਅਤੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਵਲੋਂ ਦਿੱਤਾ ਗਿਆ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਖ਼ਾਸ ਮਹੱਤਤਾ ਵਾਲੇ ਸਨਮਾਨ ਹਨ।