ਕੇਸਰਾ ਰਾਮ
ਤਲਵਾੜਾ ਖ਼ੁਰਦ, ਸਰਸਾ, ਹਰਿਆਣਾ, ਭਾਰਤ
ਕੇਸਰਾ ਰਾਮ ਨੇ ਪੰਜਾਬੀ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਐਮ.ਏ. ਅਤੇ ਜਰਨਲਿਜ਼ਮ ਅਤੇ ਮੈਸ ਕਮਿਊਨੀਕੇਸ਼ਨ ਵਿਚ ਰਾਜਸਥਾਨ ਯੂਨੀਵਰਸਿਟੀ ਤੋਂ ਡਿਗਰੀਆਂ ਪ੍ਰਾਪਤ ਕੀਤੀਆਂ। ਉਸ ਦੇ ਪੰਜ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ: ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ (2004), ਪੁਲਸੀਆ ਕਿਉਂ ਮਾਰਦਾ ਹੈ (2006), ਬੁਲਬੁਲਿਆਂ ਦੀ ਕਾਸ਼ਤ (2012), ਥੈਂਕਸ ਏ ਲੌਟ ਪੁੱਤਰਾ (2016) ਅਤੇ ਜ਼ਨਾਨੀ ਪੌਦ (2019)| ਉਸ ਨੇ ਬਾਰਾਂ ਦੇ ਕਰੀਬ ਕਿਤਾਬਾਂ ਹਿੰਦੀ-ਪੰਜਾਬੀ-ਰਾਜਸਥਾਨੀ ਤੋਂ ਅਨੁਵਾਦ ਕੀਤੀਆਂ ਹਨ। ਰਾਮ ਕਿਸ਼ਨ ਬਨਾਮ ਸਟੇਟ ਹਾਜ਼ਰ ਹੋ ਗੁਜਰਾਤੀ ਭਾਸ਼ਾ ਵਿਚ ਅਨੁਵਾਦ ਹੋ ਚੁੱਕੀ ਹੈ। ਪਹਿਲੇ ਚਾਰ ਕਹਾਣੀ ਸੰਗ੍ਰਹਾਂ ਵਿੱਚੋਂ ਹਰ ਇਕ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵਲੋਂ ਹਰ ਸਾਲ ਦੀ ਬਿਹਤਰੀਨ ਕਿਤਾਬ ਵਜੋਂ ਇਨਾਮ ਨਾਲ ਸਨਮਾਨਿਆ ਗਿਆ ਹੈ। ਇਸ ਤੋਂ ਇਲਾਵਾ ਰੋਜ਼ਾਨਾ ਨਵਾਂ ਜ਼ਮਾਨਾ, ਬੀਬੀ ਸਵਰਨ ਕੌਰ ਯਾਦਗਾਰੀ, ਕਰਤਾਰ ਸਿੰਘ ਨਕਈ ਅਤੇ ਪ੍ਰਿੰਸੀਪਲ ਸੁਜਾਨ ਸਿੰਘ ਕਹਾਣੀ ਇਨਾਮ ਇਸ ਦੀ ਝੋਲੀ ਪੈ ਚੁੱਕੇ ਹਨ। ਆਪਣੀ ਲਿਖਤ ਬਾਰੇ ਸੋਚਦਿਆਂ ਕੇਸਰਾ ਰਾਮ ਕਹਿੰਦਾ ਹੈ, "...ਨਿੱਕੇ ਨਿੱਕੇ ਪ੍ਰਭਾਵਾਂ ਰਾਹੀਂ ਯਥਾਰਥਵਾਦੀ ਸ਼ੈਲੀ ਦੀਆਂ ਕਹਾਣੀਆਂ ਸਿਰਜਦਿਆਂ ਮੈਂ ਆਪਣੇ ਸਮਕਾਲੀ ਰਾਜਨੀਤਕ, ਸਮਾਜਿਕ, ਅਤੇ ਆਰਥਿਕ ਸੱਚ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ।"