ਨਾਸਿਰ ਬਲੋਚ
ਡਾ. ਨਾਸਰ ਬਲੋਚ ਉਰਦੂ ਅਤੇ ਪੰਜਾਬੀ ਦਾ ਮਾਨਯੋਗ ਪ੍ਰੋਫੈਸਰ ਹੈ, ਜੋ ਇਸ ਸਮੇਂ ਮਿਨਹਾਜ਼ ਯੂਨੀਵਰਸਿਟੀ ਲਾਹੌਰ ਵਿਚ ਪੜ੍ਹਾ ਰਿਹਾ ਹੈ। ਉਹ ਪੰਜਾਬੀ ਤੇ ਉਰਦੂ ਦੋਹਾਂ ਜ਼ੁਬਾਨਾਂ ਦੇ ਅਦਬ ਦੀ ਦੁਨੀਆਂ ਵਿਚ ਜਾਣਿਆ ਪਛਾਣਿਆ ਨਾਂ ਹੈ ਜੋ ਇਕੋ ਸਮੇਂ ਸ਼ਾਇਰ ਵੀ ਹੈ, ਅਫਸਾਨਾਨਗਾਰ ਵੀ ਅਤੇ ਡਰਾਮਾ ਨਵੀਸ ਵੀ। ਉਰਦੂ ਅਤੇ ਪੰਜਾਬੀ ਵਿਚ ਲਿਖੇ ਉਸਦੇ ਡਰਾਮਿਆਂ ਦੀ ਗਿਣਤੀ 150 ਤਕ ਪਹੁੰਚਦੀ ਹੈ, ਜਿਨ੍ਹਾਂ ਵਿਚੋਂ 16 ਸੀਰੀਅਲਾਂ ਵਜੋਂ ਟੈਲੀਵਿਯਨ ਉੱਤੇ ਵਿਖਾਏ ਗਏ ਹਨ। ਪਾਕਿਸਤਾਨ ਟੀ.ਵੀ. ਵੱਲੋਂ ਉਸਨੂੰ ਬਿਹਤਰੀਨ ਡਰਾਮਾ ਲੇਖਕ ਦਾ ਐਵਾਰਡ ਵੀ ਮਿਲ ਚੁੱਕਿਆ ਹੈ। ਪੰਜਾਬੀ ਵਿਚ ਸ਼ਾਇਰੀ ਦੀ ਕਿਤਾਬ ਪੱਤਣਾਂ ਦੇ ਸੱਦ (1977), ਕਹਾਣੀ ਸੰਗ੍ਰਹਿ ਸੀਤੀਆਂ ਅੱਖਾਂ ਵਾਲੇ (1985) ਅਤੇ ਉਰਦੂ ਸ਼ਾਇਰੀ ਦਾ ਮਜਮੂਆਂ ਦਸ਼ਤ-ਏ ਰਾਇਗਾਂ (1996) ਸਦੀਆਂ ਪ੍ਰਕਾਸ਼ਤ ਰਚਨਾਵਾਂ ਵਿਚ ਸ਼ਾਮਲ ਹਨ।