ਜਤਿੰਦਰ ਸਿੰਘ ਹਾਂਸ
ਜਤਿੰਦਰ ਸਿੰਘ ਹਾਂਸ ਨੇ ਐਮ.ਏ. ਅਤੇ ਬੀ.ਐਡ. ਹਾਸਲ ਕਰ ਕੇ ਅਧਿਆਪਨ ਦੇ ਕਿੱਤੇ ਨੂੰ ਅਪਣਾਇਆ। ਉਸ ਨੂੰ ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਕਿਤਾਬ 'ਪ੍ਰੇਮ ਕਹਾਣੀਆਂ’ ਅਤੇ ਵਾਰਿਸ ਸ਼ਾਹ ਦੀ ਕਲਾਸਿਕ ਲੋਕ ਕਹਾਣੀ 'ਹੀਰ’ ਪੜ੍ਹਨ ਤੋਂ ਬਾਅਦ ਲਿਖਣ ਦੀ ਚੇਟਕ ਲੱਗੀ। ਹਾਂਸ ਨਵੀਂ ਪੀੜ੍ਹੀ ਦੇ ਲੇਖਕਾਂ ਵਿਚੋਂ ਪਹਿਲੀ ਕਤਾਰ ਦਾ ਨਿਪੁੰਨ ਕਹਾਣੀਕਾਰ ਹੈ। ਉਸ ਨੇ ਹੁਣ ਤਕ ਦੋ ਕਹਾਣੀ ਸੰਗ੍ਰਹਿ - ਪਾਵੇ ਨਾਲ ਬੰਨ੍ਹਿਆਂ ਕਾਲ (2005) ਅਤੇ ਈਸ਼ਵਰ ਦਾ ਜਨਮ (2009) ਅਤੇ ਇਕ ਨਾਵਲ ਬੱਸ ਅਜੇ ਏਨਾ ਹੀ (2015) ਛਪਵਾਏ ਹਨ। ਉਸ ਦੀਆਂ ਕੁਝ ਕਹਾਣੀਆਂ ਉੱਤੇ ਛੋਟੀਆਂ ਫ਼ਿਲਮਾਂ ਬਣ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਤੱਖੀ ਅਤੇ ਲੁਤਰੋ ਖ਼ਾਸ ਵਰਨਨਯੋਗ ਹਨ। ਪਾਵੇ ਨਾਲ ਬੰਨ੍ਹਿਆਂ ਕਾਲ ਹਿੰਦੀ ਵਿਚ ਅਤੇ ਕੁਝ ਕਹਾਣੀਆਂ ਅੰਗਰੇਜ਼ੀ ਅਤੇ ਭਾਰਤ ਦੀਆਂ ਹੋਰ ਕਈ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਉਸਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਹੈ ਜਿਨ੍ਹਾਂ ਵਿਚੋਂ ਪ੍ਰਿੰਸੀਪਲ ਸੁਜਾਨ ਸਿੰਘ ਪੁਰਸਕਾਰ, ਸੰਤ ਸਿੰਘ ਸੇਖੋਂ ਪੁਰਸਕਾਰ ਅਤੇ ਸਵਰਨ ਕੌਰ ਯਾਦਗਾਰੀ ਪੁਰਸਕਾਰ (ਅਖਬਾਰ ਨਵਾਂ ਜ਼ਮਾਨਾ) ਵਧੇਰੇ ਜ਼ਿਕਰਯੋਗ ਹਨ।
ਹਾਂਸ ਅਨੁਸਾਰ, ਉਹ ਬਹੁਤੀਆਂ ਕਹਾਣੀਆਂ ਉਦੋਂ ਲਿਖਦਾ ਹੈ ਜਦੋਂ ਉਸਦਾ ਮਨ ਉਦਾਸ ਹੁੰਦਾ ਹੈ। ਉਹ ਆਪਣੇ ਪਾਤਰਾਂ ਬਾਰੇ ਕਹਾਣੀਆਂ ਲਿਖਣ ਅਤੇ ਉਨ੍ਹਾਂ ਦੇ ਦੁੱਖ ਸੁਖ ਦਾ ਸਾਂਝੀ ਬਣਨ ਰਾਹੀਂ ਬੇਹੱਦ ਖੁਸ਼ੀ ਮਹਿਸੂਸ ਕਰਦਾ ਹੈ।