ਅਵਤਾਰ ਸਿੰਘ ਬਿਲਿੰਗ
ਅਵਤਾਰ ਸਿੰਘ ਬਿਲਿੰਗ ਦਾ ਜਨਮ ੧੯੫੨ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਖੰਨਾ ਨੇੜੇ ਪਿੰਡ ਸੇਹ ਵਿੱਚ ਹੋਇਆ। ਉਸਨੇ ਐਮ.ਏ. ਅੰਗਰੇਜ਼ੀ ਅਤੇ ਬੀ.ਐਡ. ਕੀਤੀ ਹੈ ਅਤੇ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਸੇਵਾ-ਮੁਕਤ ਹੋਇਆ ਹੈ। ਉਸਨੇ ਚਾਰ ਕਹਾਣੀ ਸੰਗ੍ਰਹਿ, ਤਿੰਨ ਬਾਲ-ਸਾਹਿਤ ਦੀਆਂ ਕਿਤਾਬਾਂ ਅਤੇ ਛੇ ਨਾਵਲ ਪ੍ਰਕਾਸ਼ਿਤ ਕੀਤੇ ਹਨ ਜਿਹਨਾਂ ਵਿਚ ੨੦੧੪ ਦਾ ਪਲੇਠਾ ਢਾਹਾਂ ਪੰਜਾਬੀ ਸਾਹਿਤ ਇਨਾਮ ਜਿੱਤਣ ਵਾਲੀ ਕਿਤਾਬ ਵੀ ਸ਼ਾਮਿਲ ਹੈ। ਬਿਲਿੰਗ ਨੂੰ ਉਸਦੀਆਂ ਰਚਨਾਵਾਂ ਲਈ ਕਈ ਇਨਾਮ ਮਿਲ ਚੁੱਕੇ ਹਨ ਜਿੰਨ੍ਹਾਂ ਵਿੱਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦਾ ਨਾਨਕ ਸਿੰਘ ਅਵਾਰਡ ਸਾਲ ੨੦੦੩ ਵਿਚ ਛਪੇ ਉਸਦੇ ਨਾਵਲ ਖੇੜੇ ਸੁੱਖ ਵਿਹੜੇ ਸੁੱਖ ਲਈ ਸ਼ਾਮਲ ਹੈ। ਉਸਨੂੰ ਇਹੀ ਅਵਾਰਡ ਸਾਲ ੨੦੦੮ ਲਈ ਉਸਦੇ ਨਾਵਲ ਇਹਨਾਂ ਰਾਹਾਂ ਉੱਤੇ ਲਈ ਵੀ ਮਿਲ ਚੁੱਕਾ ਹੈ। ਉਸਦੇ ਨਾਵਲ ਪੱਤ ਕੁਮਲਾ ਗਏ ਨੂੰ ਨਵਾਂ ਜ਼ਮਾਨਾ, ਜਲੰਧਰ ਵੱਲੋਂ ੨੦੧੦ ਦੇ ਬਿਹਤਰੀਨ ਨਾਵਲ ਲਈ ਪੁਰਸਕਾਰ ਵੀ ਮਿਲਿਆ ਹੈ। ੨੦੧੪ ਵਿੱਚ ਉਸਨੂੰ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਚਰਨ ਦਾਸ ਪੁਰਸਕਾਰ ਨਾਲ ਸਨਮਾਨਿਆ ਗਿਆ।