ੳ. ਜਿਊਰੀ
- ਹਰ ਸਾਲ ਤਿੰਨ-ਮੈਂਬਰੀ ਤਿੰਨ ਜਿਊਰੀਆਂ ਨਿਯੁਕਤ ਕੀਤੀਆਂ ਜਾਂਦੀਆਂ ਹਨ। ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿੱਚੋਂ ਸੈਮੀ-ਫਾਈਨਲਿਸਟਾਂ ਨੂੰ ਨਿਰਧਾਰਤ ਕਰਨ ਲਈ ਦੋ ਜਿਊਰੀਆਂ ਸਥਾਪਤ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ “ਗੁਰਮੁਖੀ ਜਿਊਰੀ” ਅਤੇ “ਸ਼ਾਹਮੁਖੀ ਜਿਊਰੀ” ਕਿਹਾ ਜਾਂਦਾ ਹੈ। ਇਹ ਦੋਵੇਂ ਜਿਊਰੀਆਂ ਆਪੋ-ਆਪਣੀਆਂ ਲਿਪੀਆਂ ਵਿੱਚੋਂ ਸੰਭਾਵੀ ਜੇਤੂਆਂ ਨੂੰ ਨਿਰਧਾਰਤ ਕਰਦੀਆਂ ਹਨ। ਛੋਟੀ ਸੂਚੀ, ਫਾਈਨਲਿਸਟ ਅਤੇ ਜੇਤੂ ਦੀ ਚੋਣ ਕਰਨ ਲਈ ਇਕ ਸੈਂਟਰਲ ਜਿਊਰੀ ਦੀ ਸਥਾਪਨਾ ਕੀਤੀ ਜਾਂਦੀ ਹੈ। ਸੈਂਟਰਲ ਜਿਊਰੀ ਦੇ ਮੈਂਬਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਦੋਵੇਂ ਲਿਪੀਆਂ ਦੀਆਂ ਕਿਤਾਬਾਂ ਪੜ੍ਹਨ ਦੇ ਯੋਗ ਹੋਣ।
- ਗੁਰਮੁਖੀ ਅਤੇ ਸ਼ਾਹਮੁਖੀ ਜਿਊਰੀ ਉਮੀਦਵਾਰਾਂ ਵੱਲੋਂ ਨਾਮਜ਼ਦ ਕੀਤੀਆਂ ਕਿਤਾਬਾਂ ਵਿੱਚੋਂ ਘੱਟੋ ਘੱਟ 3 ਜਾਂ ਕੁੱਲ ਯੋਗ ਕਿਤਾਬਾਂ ਵਿਚੋਂ 20 ਫੀਸਦੀ ਦੀ ਚੋਣ ਕਰਕੇ ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਮੁਖੀ ਨੂੰ ਭੇਜਦੀਆਂ ਹਨ ਜਿਹੜੀਆਂ ਕਿ ਮੁਖੀ ਵੱਲੋਂ ਸੈਂਟਰਲ ਜਿਊਰੀ ਦੇ ਵਿਚਾਰਨ ਲਈ ਅਗਾਂਹ ਭੇਜੀਆਂ ਜਾਂਦੀਆਂ ਹਨ।
- ਸੈਂਟਰਲ ਜਿਊਰੀ ਗੁਰਮੁਖੀ ਅਤੇ ਸ਼ਾਹਮੁਖੀ ਜਿਊਰੀਆਂ ਦੁਆਰਾ ਸਿਫ਼ਾਰਿਸ਼ ਕੀਤੀਆਂ ਕਿਤਾਬਾਂ ਦੀ ਸੂਚੀ ਵਿੱਚੋਂ ਘੱਟ ਤੋਂ ਘੱਟ 6 ਅਤੇ ਵੱਧ ਤੋਂ ਵੱਧ 10 ਸਿਰਲੇਖਾਂ ਦੀ ਇਕ ਛੋਟੀ ਸੂਚੀ ਤਿਆਰ ਕਰਦੀ ਹੈ। ਸੈਂਟਰਲ ਜਿਊਰੀ ਇਸ ਸੂਚੀ ਵਿੱਚੋਂ ਢਾਹਾਂ ਇਨਾਮ ਦਾ ਜੇਤੂ ਅਤੇ ਦੋ ਫਾਈਨਲਿਸਟਾਂ ਦੀ ਸਿਫ਼ਾਰਿਸ਼ ਢਾਹਾਂ ਇਨਾਮ ਪਰਬੰਧਨ ਟੀਮ ਨੂੰ ਕਰਦੀ ਹੈ। ਸੈਂਟਰਲ ਜਿਊਰੀ ਇਹ ਵੀ ਧਿਆਨ ਗੋਚਰੇ ਰੱਖਦੀ ਹੈ ਕਿ ਤਿੰਨ ਫਾਈਨਲਿਸਟਾਂ ਵਿੱਚ ਦੋਹਾਂ ਲਿਪੀਆਂ ਦੀ ਨੁਮਾਇੰਦਗੀ ਕੀਤੀ ਗਈ ਹੈ।
- ਇਨਾਮ ਦੇ ਅੰਤਮ ਨਿਰਣੇ ਦਾ ਐਲਾਨ ਹੋਣ ਤਕ ਜਿਊਰੀ ਮੈਂਬਰਸ਼ਿਪ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਸਿਰਫ ਸੰਬੰਧਿਤ ਜਿਊਰੀਆਂ ਦੇ ਮੈਂਬਰ, ਢਾਹਾਂ ਇਨਾਮ ਸਲਾਹਕਾਰ ਕਮੇਟੀ ਦਾ ਮੁਖੀ ਅਤੇ ਢਾਹਾਂ ਇਨਾਮ ਪ੍ਰਬੰਧਨ ਟੀਮ ਦੇ ਮੈਂਬਰ ਹੀ ਜਾਣਦੇ ਹਨ ਕਿ ਜਿਊਰੀਆਂ ਦੇ ਅੰਤਮ ਗਠਨ ਦੇ ਮੈਂਬਰ ਕੌਣ ਹਨ। ਢਾਹਾਂ ਇਨਾਮ ਸਲਾਹਕਾਰ ਕਮੇਟੀ ਜਿਊਰੀ ਮੈਂਬਰਸ਼ਿਪ ਬਾਰੇ ਕਮੇਟੀ ਦੇ ਮੁਖੀ ਨੂੰ ਸੁਝਾਅ ਤਾਂ ਮੁਹੱਈਆ ਕਰਦੀ ਹੈ ਪਰ ਉਹ ਜਿਊਰੀਆਂ ਦੇ ਅੰਤਮ ਗਠਨ ਬਾਰੇ ਨਹੀਂ ਜਾਣਦੀ।
- ਸਾਰੇ ਜਿਊਰੀ ਮੈਂਬਰ ਗੁਪਤਤਾ ਰੱਖਣ ਲਈ ਸਹਿਮਤ ਹੁੰਦੇ ਹਨ ਤਾਂ ਜੋ ਆਪਣੀ ਜਿਊਰੀ ਦੇ ਮੈਂਬਰਾਂ ਤੋਂ ਇਲਾਵਾ ਇਨਾਮ ਨਾਲ ਸੰਬੰਧਿਤ ਮਸਲਿਆਂ ਬਾਰੇ ਕੋਈ ਚਰਚਾ ਨਾ ਕੀਤੀ ਜਾ ਸਕੇ। ਖਾਸ ਤੌਰ ’ਤੇ ਉਹ ਆਪਣੀ ਸੰਬੰਧਿਤ ਜਿਊਰੀ ਤੋਂ ਬਾਹਰ ਕਿਸੇ ਨਾਲ ਵੀ ਢਾਹਾਂ ਇਨਾਮ ਲਈ ਜਮ੍ਹਾਂ ਕਰਵਾਈਆਂ ਗਈਆਂ ਕਿਤਾਬਾਂ ਦਾ ਖੁਲਾਸਾ ਜਾਂ ਚਰਚਾ ਨਾ ਕਰਨ ਲਈ ਵੀ ਸਹਿਮਤ ਹੁੰਦੇ ਹਨ।
- ਜਿਊਰੀਆਂ ਬਿਨਾਂ ਕਿਸੇ ਭੇਦ-ਭਾਵ ਜਿਵੇਂ ਕਿ ਲੇਖਕਾਂ ਦੀ ਉਮਰ, ਲਿੰਗ, ਜਿਨਸੀ ਰੁਝਾਨ, ਰਾਸ਼ਟਰੀ ਪਿਛੋਕੜ, ਜਾਤੀ ,ਧਰਮ, ਨਾਮ ਦੀ ਪਛਾਣ ਅਤੇ ਪਿਛਲੀਆਂ ਸਾਹਿਤਕ ਪ੍ਰਾਪਤੀਆਂ ਵੱਲ ਕੋਈ ਧਿਆਨ ਨਾ ਦਿੰਦੇ ਹੋਏ ਸਭ ਤੋਂ ਵਧੀਆ ਕਿਤਾਬਾਂ ਦੀ ਚੋਣ ਕਰਦੀਆਂ ਹਨ।
- ਜਿਊਰੀਆਂ ਦੇ ਸਾਰੇ ਮੈਂਬਰਾਂ ਨੂੰ ਸਾਰੀਆਂ ਕਿਤਾਬਾਂ ਛਪੇ ਹੋਏ ਅਤੇ/ਜਾਂ ਇਲੈਕਟ੍ਰਾਨਿਕ ਰੂਪ ਵਿੱਚ ਪੁੱਜਦੀਆਂ ਕੀਤੀਆਂ ਜਾਂਦੀਆਂ ਹਨ। ਜਿਊਰੀ ਮੈਂਬਰ ਆਪਣੀ ਆਪਣੀ ਜਿਊਰੀ ਨਾਲ ਸੰਬੰਧਿਤ ਲਿਪੀ ਵਿੱਚ ਸਾਰੀਆਂ ਕਿਤਾਬਾਂ ਪੜ੍ਹਨ ਲਈ ਜ਼ਿੰਮੇਵਾਰ ਹੁੰਦੇ ਹਨ।
- ਕੋਈ ਵੀ ਵਿਅਕਤੀ ਲਗਾਤਾਰ ਹਰ ਆਉਂਦੇ ਸਾਲ ਜਿਊਰੀ ਦਾ ਮੈਂਬਰ ਬਣੇ ਰਹਿਣ ਦਾ ਹੱਕਦਾਰ ਨਹੀਂ ਹੈ।
- ਜਿਸ ਸਾਲ ਜਿਊਰੀ ਅਤੇ ਢਾਹਾਂ ਇਨਾਮ ਸਲਾਹਕਾਰ ਕਮੇਟੀ ਦਾ ਕੋਈ ਵੀ ਮੈਂਬਰ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਉਸ ਸਾਲ ਉਹ ਢਾਹਾਂ ਇਨਾਮ ਦੇ ਵਿਚਾਰ ਅਧੀਨ ਕੋਈ ਵੀ ਨਾਮਜ਼ਦਗੀ ਨਹੀਂ ਭਰ ਸਕਦਾ।
ਅ. ਲੋੜੀਂਦੀਆਂ ਯੋਗਤਾਵਾਂ
- ਇਨਾਮ ਵਾਸਤੇ ਵਿਚਾਰੇ ਜਾਣ ਦੇ ਯੋਗ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿੱਚ ਲਿਖੇ ਹੋਏ ਨਾਵਲ ਜਾਂ ਕਹਾਣੀ ਸੰਗ੍ਰਹਿ ਪਹਿਲੀ ਐਡੀਸ਼ਨ ਵਿੱਚ ਹੋਣੇ ਲਾਜ਼ਮੀ ਹਨ। ਕਵਿਤਾ ਅਤੇ ਹੋਰ ਵਿਧਾਵਾਂ ਦੀਆਂ ਰਚਨਾਵਾਂ ਯੋਗ ਨਹੀਂ ਹਨ। ਪਿਛਲੀਆਂ ਪ੍ਰਕਾਸ਼ਿਤ ਰਚਨਾਵਾਂ ਦੇ ਪੁਨਰ-ਪਰਿੰਟ ਯੋਗ ਨਹੀਂ ਹਨ (ਜਦੋਂ ਤੱਕ ਕਿ ਪਹਿਲੇ ਸੰਸਕਰਨ ਦੇ ਉਸੇ ਸਾਲ ਵਿੱਚ ਦੁਬਾਰਾ ਛਾਪਿਆ ਨਹੀਂ ਜਾਂਦਾ ਹੈ)।
- ਹਰੇਕ ਨਾਮਜ਼ਦ ਕੀਤੀ ਗਈ ਕਿਤਾਬ ਦੀ ਅੱਧੀ ਤੋਂ ਵੱਧ ਸਮੱਗਰੀ ਨਵੀਂ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ (ਉਦਾਹਰਨ ਦੇ ਤੌਰ ’ਤੇ, 51% ਪਹਿਲਾਂ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਨਹੀਂ ਹੋਣੀ ਚਾਹੀਦੀ, ਜਿਵੇਂ ਕਿ ਹੋਰ ਸੰਗ੍ਰਹਿ ਵਗੈਰਾ ਵਿੱਚ)।
- ਨਾਮਜ਼ਦ ਕੀਤੀ ਗਈ ਕਿਤਾਬ ਇਨਾਮ ਪ੍ਰਦਾਨ ਕਰਨ ਤੋਂ ਪਹਿਲੇ ਕਲੰਡਰ ਸਾਲ ਵਿੱਚ ਪ੍ਰਕਾਸ਼ਿਤ ਹੋਣੀ ਜ਼ਰੂਰੀ ਹੈ। ਮਿਸਾਲ ਵਜੋਂ ਸਾਲ 2023 ਦੇ ਇਨਾਮ ਲਈ 2022 ਵਿਚ ਛਪੀ ਹੋਣੀ ਚਾਹੀਦੀ ਹੈ।
- ਲੇਖਕ ਖ਼ੁਦ ਜਾਂ ਉਸ ਦੀ ਤਰਫ਼ੋਂ ਕੋਈ ਵੀ ਵਿਅਕਤੀ ਸਮੇਤ ਪ੍ਰਕਾਸ਼ਕ ਦੇ ਕਿਤਾਬ ਦੀ ਨਾਮਜ਼ਦਗੀ ਭਰ ਸਕਦਾ ਹੈ। ਨਾਮਜ਼ਦਗੀ ਭਰਨ ਵਾਲੇ ਵਿਅਕਤੀ ਕੋਲ ਇਸ ਮੰਤਵ ਲਈ ਸੰਬੰਧਿਤ ਲੇਖਕ ਦੀ ਸਪਸ਼ਟ ਲਿਖਤੀ ਇਜਾਜ਼ਤ ਹੋਣੀ ਚਾਹੀਦੀ ਹੈ ਜਿਹੜੀ ਕਿ ਇਨਾਮ ਲਈ ਜਮ੍ਹਾਂ ਕਰਾਉਣੀ ਲਾਜ਼ਮੀ ਹੈ।
- ਨਾਮਜ਼ਦ ਕੀਤੀ ਗਈ ਕਿਤਾਬ ਵਿੱਚ ISBN ਨੰਬਰ ਛਪਿਆ ਹੋਣਾ ਲਾਜ਼ਮੀ ਹੈ।
- ਜਮ੍ਹਾਂ ਕਰਵਾਈ ਗਈ ਕਿਤਾਬ ਲੋਕਾਂ ਦੁਆਰਾ ਵਾਜਬ ਸੰਖਿਆ ਵਿੱਚ ਰੀਟੇਲ ਆਊਟਲੈਟਾਂ ’ਤੇ ਖਰੀਦਣ ਯੋਗ ਹੋਣੀ ਚਾਹੀਦੀ ਹੈ।
- ਕੋਈ ਵੀ ਨਾਮਜ਼ਦਗੀ ਅਯੋਗ ਨਹੀਂ ਹੋਵੇਗੀ ਭਾਵੇਂ ਇਸਦੇ ਲੇਖਕ ਨੇ ਇਸ ਤੋਂ ਪਹਿਲਾਂ ਕੋਈ ਹੋਰ ਸਾਹਿਤਕ ਇਨਾਮ ਜਿੱਤਿਆ ਹੋਵੇ।
- ਕਿਤਾਬ ਦੀਆਂ ਤਿੰਨ ਪ੍ਰਕਾਸ਼ਿਤ ਹੋਈਆਂ ਕਾਪੀਆਂ ਕਨੇਡਾ ਵਿੱਚ ਢਾਹਾਂ ਇਨਾਮ ਦੇ ਦਫ਼ਤਰ ਨੂੰ ਡਾਕ/ਕੋਰੀਅਰ ਰਾਹੀਂ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਕਿਤਾਬ ਦਾ ਇਲੈਕਟ੍ਰਾਨਿਕ ਰੂਪ (ਪੀਡੀਐੱਫ) ਵੀ ਈਮੇਲ ਰਾਹੀਂ ਭੇਜਣਾ ਜਰੂਰੀ ਹੈ।
- ਤਸਦੀਕ ਕਰਨ ਉਪਰੰਤ ਕਿ ਕਿਤਾਬ ਸਾਰੀਆਂ ਲੋੜੀਂਦੀਆਂ ਯੋਗਤਾਵਾਂ ਨੂੰ ਪੂਰਾ ਕਰਦੀ ਹੈ, ਇਸ ਨੂੰ ਜਿਊਰੀ ਮੈਂਬਰਾਂ ਨੂੰ ਸੌਂਪਿਆ ਜਾਵੇਗਾ। ਨਾਮਜ਼ਦਗੀਆਂ ਨੂੰ ਯੋਗ ਜਾਂ ਅਯੋਗ ਸਮਝਣ ਦਾ ਪੱਕਾ/ਅੰਤਮ ਫੈਸਲਾ ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਮੁਖੀ ਅਤੇ ਢਾਹਾਂ ਇਨਾਮ ਪ੍ਰਬੰਧਨ ਟੀਮ ਦਾ ਹੋਵੇਗਾ।
- ਸਾਰੀਆਂ ਨਾਮਜ਼ਦਗੀਆਂ ਇਨਾਮੀ ਸਾਲ ਦੇ 28 ਫਰਵਰੀ ਤਕ ਪਹੁੰਚਣੀਆਂ ਚਾਹੀਦੀਆਂ ਹਨ। ਇਸ ਆਖਰੀ ਤਾਰੀਖ ਤੋਂ ਬਾਅਦ ਮਿਲਣ ਵਾਲੀਆਂ ਨਾਮਜ਼ਦਗੀਆਂ ਨੂੰ ਅਯੋਗ ਮੰਨਿਆ ਜਾਵੇਗਾ।
- ਕਿਸੇ ਵੀ ਕਿਤਾਬ ਨੂੰ ਇਨਾਮ ਪ੍ਰਦਾਨ ਨਹੀਂ ਕੀਤਾ ਜਾਵੇਗਾ ਜਿਸਦੇ ਲੇਖਕ ਦੀ ਇਨਾਮ ਦੇ ਐਲਾਨ ਹੋਣ ਤੋਂ ਪਹਿਲਾਂ ਮੌਤ ਜੋ ਜਾਵੇ।
- ਢਾਹਾਂ ਇਨਾਮ ਦਾ ਜੇਤੂ ਹਰ ਪੰਜ ਸਾਲ ਦੀ ਮਿਆਦ ਤੋਂ ਬਾਅਦ ਮੁੜ ਕੇ ਨਾਮਜ਼ਦਗੀ ਭਰ ਸਕਦਾ ਹੈ, ਜਦਕਿ ਫਾਈਨਲਿਸਟ ਹਰ ਆਉਂਦੇ ਸਾਲ ਮੁਕਾਬਲੇ ਦੇ ਯੋਗ ਹਨ।
ੲ. ਸ਼ਰਤਾਂ
- ਕਿਤਾਬਾਂ ਨਾਮਜ਼ਦ ਕਰਨ ਵਾਲੇ ਸਾਰੇ ਲੇਖਕਾਂ ਨੂੰ ਇਕ ਸਮਝੌਤੇ ’ਤੇ ਦਸਤਖ਼ਤ ਕਰਨ ਦੀ ਲੋੜ ਹੁੰਦੀ ਹੈ ਕਿ ਜੇ ਉਨ੍ਹਾਂ ਦੀ ਕਿਤਾਬ ‘ਜੇਤੂ’ ਜਾਂ ‘ਫਾਈਨਲਿਸਟ’ ਦੇ ਤੌਰ ’ਤੇ ਚੁਣੀ ਗਈ ਤਾਂ ਉਹ ਢਾਹਾਂ ਇਨਾਮ ਪ੍ਰਾਪਤ ਕਰਨ ਲਈ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕਨੇਡਾ ਵਿੱਚ ਆਯੋਜਿਤ ਢਾਹਾਂ ਇਨਾਮ ਸਮਾਰੋਹ ਅਤੇ ਲੇਖਕ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਉਜਾਗਰ ਕਰਨ ਦੇ ਕੋਈ ਵੀ ਸੰਬੰਧਿਤ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਜੇ ਕਰ ਕੋਈ ਲੇਖਕ ਇਨ੍ਹਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਅਸਮਰਥ ਰਹਿੰਦਾ ਹੈ ਤਾਂ ਉਹ ਲੇਖਕ ਇਨਾਮ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ।
- ਜੇਤੂ ਅਤੇ ਫਾਈਨਲਿਸਟ ਕਿਤਾਬਾਂ ਦੇ ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਕਿਸੇ ਵੀ ਢਾਹਾਂ ਇਨਾਮ ਦੀਆਂ ਪ੍ਰਚਾਰ ਸੰਬੰਧੀ ਗਤੀਵਿਧੀਆਂ ਲਈ ਕੋਈ ਅੰਸ਼, ਅਧਿਆਇ, ਜਾਂ ਛੋਟੀ ਕਹਾਣੀ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਦਾ ਅਧਿਕਾਰ ਦੇਣ ਵਾਲੇ ਇਕ ਸਮਝੌਤੇ ’ਤੇ ਦਸਤਖ਼ਤ ਕਰਨ ਦੀ ਲੋੜ ਹੁੰਦੀ ਹੈ।
- ਜੇਤੂ ਅਤੇ ਫਾਈਨਲਿਸਟ ਕਿਤਾਬਾਂ ਦੇ ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਢਾਹਾਂ ਇਨਾਮ ਦੀਆਂ ਹਦਾਇਤਾਂ ਅਨੁਸਾਰ, ਢਾਹਾਂ ਇਨਾਮ ਦੇ ਲੋਗੋ ਨਾਲ ਭਵਿੱਖ ਦੇ ਸਾਰੇ ਸੰਸਕਰਨਾਂ ਨੂੰ ਛਾਪਣ ਜਾਂ ਸਿਟੱਕਰ ਕਰਨ ਲਈ ਇਕ ਸਮਝੌਤੇ ’ਤੇ ਦਸਤਖ਼ਤ ਕਰਨ ਦੀ ਲੋੜ ਹੁੰਦੀ ਹੈ।
- ਹਰ ਸਾਲ, ਢਾਹਾਂ ਇਨਾਮ ਵੈਨਕੂਵਰ, ਕਨੇਡਾ ਵਿਖੇ ਸਤੰਬਰ ਮਹੀਨੇ ਦੇ ਸ਼ੁਰੂ ਵਿੱਚ ਇਕ ਪ੍ਰੈੱਸ ਰਿਲੀਜ਼ ਰਾਹੀਂ ਜੇਤੂ ਅਤੇ ਫਾਈਨਲਿਸਟਾਂ ਦਾ ਐਲਾਨ ਕਰਦਾ ਹੈ। ਕਿਤਾਬਾਂ ਦੀ ਛੋਟੀ ਸੂਚੀ ਅਤੇ ਜਿਊਰਾਂ ਦੇ ਨਾਮ ਵੀ ਇਸੇ ਸਮੇਂ ਜਾਰੀ ਕੀਤੇ ਜਾਂਦੇ ਹਨ।
- ਹਰ ਸਾਲ, ਢਾਹਾਂ ਇਨਾਮ ਅਵਾਰਡ ਸਮਾਰੋਹ ਵੈਨਕੂਵਰ, ਕਨੇਡਾ ਵਿਖੇ ਅਕਤੂਬਰ ਦੇ ਅਖੀਰ ਤੋਂ ਨਵੰਬਰ ਦੇ ਅਖੀਰ ਦੇ ਸਮੇਂ ਦੌਰਾਨ ਆਯੋਜਿਤ ਕੀਤਾ ਜਾਂਦਾ ਹੈ। ਢਾਹਾਂ ਇਨਾਮ ਜੇਤੂ ਅਤੇ ਦੋ ਫਾਈਨਲਿਸਟਾਂ ਲਈ ਵੈਨਕੂਵਰ ਤੋਂ ਇਕੌਨੋਮੀ ਵਾਪਸੀ ਹਵਾਈ ਯਾਤਰਾ ਦਾ ਖਰਚਾ ਸਹਿਣ ਕਰਦਾ ਹੈ ਜਿਸ ਵਿੱਚ ਪੰਜ ਦਿਨਾਂ ਤੱਕ ਵੈਨਕੂਵਰ ਵਿੱਚ ਰਿਹਾਇਸ਼, ਭੋਜਨ ਅਤੇ ਆਵਾਜਾਈ ਦਾ ਖਰਚਾ ਵੀ ਸ਼ਾਮਲ ਹੈ।