ਭੂਮਿਕਾ
2024 ਮੁੱਖ ਬੁਲਾਰਾ
ਨਵਜੋਤ ਢਿੱਲੋਂ, ਮੂਲ ਰੂਪ ਵਿੱਚ ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ ਤੋਂ ਹੈ। ਉਹ ਇਕ ਪੁਰਸਕਾਰ ਜੇਤੂ ਇੰਡੋ-ਕੈਨੇਡੀਅਨ ਪੱਤਰਕਾਰ ਹੈ ਜਿਸ ਨੇ 1995 ਵਿੱਚ ਆਪਣੇ ਪੇਸ਼ੇ ਦੀ ਸ਼ੁਰੂਆਤ ਕੀਤੀ।
ਉਸ ਦੇ ਪੁਰਸਕਾਰਾਂ ਵਿੱਚ ਸਰਵੋਤਮ ਪੱਤਰਕਾਰੀ ਲਈ 2023 ਦਾ ਜਗਜੀਤ ਸਿੰਘ ਆਨੰਦ ਮੈਮੋਰੀਅਲ ਅਵਾਰਡ ਅਤੇ 2019 ਵਿੱਚ ਚੇਤਨਾ ਐਸ਼ੋਸੀਏਸ਼ਨ ਆਫ ਕੈਨੇਡਾ ਦੁਆਰਾ ਦਿੱਤਾ ਗਿਆ ਪੱਤਰਕਾਰੀ ਵਿੱਚ ਤਾਰਾ ਸਿੰਘ ਹੇਅਰ ਅਵਾਰਡ ਸ਼ਾਮਲ ਹਨ।
ਢਿੱਲੋਂ ਦਾ ਮੀਡੀਆ ਸਫ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰੀਜਨਲ ਕੈਂਪਸ, ਜਲੰਧਰ ਤੋਂ ਪੱਤਰਕਾਰੀ ਅਤੇ ਜਨ ਸੰਚਾਰ (ਐਮ ਜੇ ਐਮ ਸੀ) ਵਿੱਚ ਐਮ ਏ ਦੀ ਡਿਗਰੀ ਅਤੇ ਡੀ ਏ ਵੀ ਕਾਲਜ, ਜਲੰਧਰ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮ ਏ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸ਼ੁਰੂ ਹੋਇਆ। ਉਸ ਨੇ ‘ਦ ਇੰਡੀਅਨ ਐਕਪਰੈਸ’ ਵਿੱਚ ਸਿਖਲਾਈ ਪ੍ਰਾਪਤ ਕੀਤੀ। ਜਲੰਧਰ ਵਿੱਚ ਰਹਿੰਦਿਆਂ, ਉਸ ਨੇ ਆਲ ਇੰਡੀਆ ਰੇਡੀਓ, ਹਿੰਦੁਸਤਾਨ ਟਾਈਮਜ਼, ਦੂਰਦਰਸ਼ਨ ਟੀਵੀ ਅਤੇ ਨਾਲ ਹੀ ਮੌਂਟਰੀਆਲ ਦੇ ‘ਰੇਡੀਓ ਹਮਸਫ਼ਰ’ ਲਈ ਇਕ ਰਿਮੋਟ ਪੇਸ਼ਕਾਰ ਵਜੋਂ ਕੰਮ ਕੀਤਾ।
1998 – 2004 ਦੇ ਵਿਚਕਾਰ, ਉਸ ਨੇ ਜਲੰਧਰ ਛਾਉਣੀ (ਕੈਂਟ) ਵਿੱਚ ਬਨਾਰਸੀ ਦਾਸ ਆਰੀਆ ਕਾਲਜ ਵਿੱਚ ਜਨ ਸੰਚਾਰ ਅਤੇ ਵੀਡੀਓ ਉਤਪਾਦਨ ਵਿਭਾਗ ਵਿੱਚ ਮੁਖੀ ਵਜੋਂ ਸੇਵਾ ਕੀਤੀ।
ਕੈਨੇਡਾ ਪਹੁੰਚਣ ’ਤੇ, ਨਵਜੋਤ ਢਿੱਲੋਂ 2005 ਤੋਂ 2019 ਦੇ ਵਿਚਕਾਰ ਵੈਨਕੂਵਰ ਵਿੱਚ ਇਕ ਟੌਕ ਸ਼ੋਅ ਹੋਸਟ ਅਤੇ ਨਿਊਜ਼ ਰੀਡਰ ਬਣ ਗਈ। ਉਸ ਨੇ ਸਟੇਸ਼ਨ ’ਤੇ ਆਪਣੇ ਅਖੀਰਲੇ ਸਾਲ ਦੌਰਾਨ ਨੈਸ਼ਨਲ ਨਿਊਜ਼ ਡਾਇਰੈਕਟਰ ਦੀ ਭੂਮਿਕਾ ਨਿਭਾਈ। ਫਿਰ ਉਸ ਨੇ ਪੰਜਾਬੀ ਸਾਹਿਤ, ਰੰਗਮੰਚ ਅਤੇ ਕਲਾ ਦੇ ਨਾਲ ਨਾਲ ਹੋਰ ਸਮਕਾਲੀ ਮੁੱਦਿਆਂ ਨੂੰ ਉਜਾਗਰ ਕਰਨ ਲਈ ਯੂਟਿਊਬ ’ਤੇ ਇਕ ਪੌਡਕਾਸਟ, ‘ਨਵਜੋਤ ਢਿੱਲੋਂ ਵਾਲ’ ਦੀ ਸ਼ੁਰੂਆਤ ਕੀਤੀ ਅਤੇ ਹੋਸਟ ਕਰਨਾ ਜਾਰੀ ਰੱਖਿਆ।
2020 ਤੋਂ 2023 ਦਰਮਿਆਨ ਸ਼ੇਰ-ਏ-ਪੰਜਾਬ ਏਐਮ 600 ’ਤੇ ਕੰਮ ਕਰਦੇ ਹੋਏ, ਨਵਜੋਤ ਢਿੱਲੋਂ ਨੇ ਪੰਜਾਬੀ ਕਲਾ ਅਤੇ ਸੱਭਿਆਚਾਰ ਨੂੰ ਬਾਕਾਇਦਾ ਕਵਰ ਕੀਤਾ। ਉਸ ਦੇ ਸ਼ੋਆਂ ਵਿੱਚ ਲੇਖਕ, ਥਿਏਟਰ ਅਦਾਕਾਰ, ਨਾਟਕਕਾਰ, ਨਿਰਦੇਸ਼ਕ, ਚਿੱਤਰਕਾਰ, ਗਾਇਕ ਅਤੇ ਸੰਗੀਤ ਨਿਰਦੇਸ਼ਕ ਸ਼ਾਮਲ ਸਨ। ਜਿਨ੍ਹਾਂ ਵਿੱਚ ਬਹੁਤ ਸਾਰੇ ਢਾਹਾਂ ਪ੍ਰਾਈਜ਼ ਦੇ ਫਾਈਨਲਿਸਟ ਅਤੇ ਜੇਤੂ ਵੀ ਸ਼ਾਮਲ ਸਨ।
ਢਿੱਲੋਂ ਨੇ ਜਲਵਾਯੂ ਪਰਿਵਰਤਨ, ਲਿੰਗ-ਅਧਾਰਤ ਹਿੰਸਾ, ਲਿੰਗ ਸਮਾਨਤਾ, ਨਸ਼ੇ, ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ, ਮਾਨਸਿਕ ਸਿਹਤ, ਐਲ ਜੀ ਬੀ ਟੀ ਕਿਊ+ (LGBTQ+) ਲੋਕਾਂ ਅਤੇ ਜਾਤੀ ਵਿਤਕਰੇ ਦੇ ਵਿਸ਼ਿਆਂ ’ਤੇ ਵੀ ਸੁਰਖੀਆਂ ਦਿੱਤੀਆਂ।
“ਪੰਜਾਬੀ ਸਾਹਿਤ ਨੇ ਮੈਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਿਆ ਹੈ….ਪੰਜਾਬੀ ਸੱਭਿਆਚਾਰ ਅਤੇ ਲੋਕਾਂ ਦੀਆਂ ਜੜ੍ਹਾਂ ਨੂੰ ਸਮਝਣ ਲਈ ਪੰਜਾਬੀ ਸਾਹਿਤ ਪੜ੍ਹਨਾ ਜ਼ਰੂਰੀ ਹੈ।”
-ਨਵਜੋਤ ਢਿੱਲੋਂ