ਭੂਮਿਕਾ
2016 ਮੁੱਖ ਬੁਲਾਰਾ
ਐੱਮ. ਜੀ. ਵਸਨਜੀ ਦਾ ਜਨਮ ਕੈਨੀਆ ਦੇ ਸ਼ਹਿਰ ਨੈਰੋਬੀ ਵਿਚ ਹੋਇਆ ਅਤੇ ਪਾਲਣ ਪੋਸਣ ਤਨਜ਼ਾਨੀਆ ਦੇ ਸ਼ਹਿਰ ਦਾਰੇਸਲਾਮ ਵਿਚ। ਪੱਕੀ ਰਿਹਾਇਸ਼ ਕਰਨ ਲਈ ਕੈਨੇਡਾ ਆਉਣ ਤੋਂ ਪਹਿਲਾਂ ਉਹਨਾਂ ਅਮਰੀਕਾ ਵਿਚ ਮੈਸਾਚੂਸਟਸ ਇੰਸਟੀਚਿਊਟ ਔਫ ਟੈਕਨੌਲੋਜੀ ਤੋਂ ਬੈਚਲਰ ਅਤੇ ਯੂਨੀਵਰਸਿਟੀ ਔਫ ਪੈਨਸਿਲਵੇਨੀਆਂ ਤੋਂ ਪੀਐਚ.ਡੀ. ਕੀਤੀ। ਔਰਡਰ ਔਫ ਕੈਨੇਡਾ ਦੇ ਮੈਂਬਰ ਹੋਣ ਤੋਂ ਇਲਾਵਾ ਉਹਨਾਂ ਨੂੰ ਔਨਰੇਰੀ ਡੌਕਟਰੇਟ ਦੀਆਂ ਕਈ ਉਪਾਧੀਆਂ ਵੀ ਮਿਲੀਆਂ ਹਨ। ਇਸ ਸਮੇਂ ਉਹ ਟੋਰਾਂਟੋ ਵਿਚ ਰਹਿ ਰਹੇ ਹਨ।
ਵਸਨਜੀ ਦੀਆਂ ਲਿਖਤਾਂ ਦੀ ਸੂਚੀ ਵਿਚ ਸੱਤ ਨਾਵਲ, ਦੋ ਕਹਾਣੀ ਸੰਗ੍ਰਹਿ, ਭਾਰਤ ਦਾ ਸਫ਼ਰਨਾਮਾ, ਈਸਟ ਅਫ਼ਰੀਕਾ ਬਾਰੇ ਯਾਦਾਂ ਅਤੇ ਮੋਰਡੀਕਾਏ ਰਿਕਲਰ ਦੀ ਜੀਵਨੀ ਸ਼ਾਮਲ ਹਨ। ਫ਼ਿਕਸ਼ਨ ਦੀਆਂ ਬਿਹਤਰੀਨ ਰਚਨਾਵਾਂ ਲਈ ਉਹ ਦੋ ਵਾਰ (1994, 2003) ਕੈਨੇਡਾ ਵਿਚਲੇ ਗਿਲਰ ਇਨਾਮ ਦੇ ਜੇਤੂ ਰਹੇ ਹਨ। ਵਾਰਤਕ ਵਿਚ ਸਰਬ ਸ੍ਰੇਸ਼ਟ ਰਚਨਾ ਲਈ ਗਵਰਨਰ ਜਨਰਲ ਦਾ ਇਨਾਮ (2009)ਵੀ ਉਹਨਾਂ ਨੂੰ ਮਿਲਿਆ ਹੈ। ਇਸ ਤੋਂ ਬਿਨਾਂ ਹਾਰਬਰਫਰੰਟ ਫ਼ੈਸਟੀਵਲ ਪਰਾਈਜ਼, ਕੌਮਨਵੈਲਥ ਫ਼ਸਟ ਬੁੱਕ ਪਰਾਈਜ਼ (ਅਫ਼ਰੀਕਾ 1990) ਅਤੇ ਬਰੈਸਨੀ ਲਿਟਰੇਰੀ ਪਰਾਈਜ਼ ਵੀ ਉਨ੍ਹਾਂ ਦੀ ਝੋਲੀ ਪੈ ਚੁੱਕੇ ਹਨ। ਉਹਨਾਂ ਦੀ ਰਚਨਾ The Assassin’s song (ਹਤਿਆਰੇ ਦਾ ਗੀਤ) ਗਿਲਰ ਪਰਾਈਜ਼, ਗਵਰਨਰ ਜਨਰਲ’ਜ਼ ਪਰਾਈਜ਼, ਦੀ ਰਾਈਟਰਜ਼ ਟ੍ਰਸਟ ਅਵੌਰਡ ਅਤੇ ਭਾਰਤ ਦੇ ਕਰੌਸਵਰਡ ਪਰਾਈਜ਼ ਲਈ ਚੁਣੇ ਜਾਣ ਦੇ ਯੋਗ ਪੁਸਤਕਾਂ ਦੀ ਅੰਤਮ ਸੂਚੀ ਵਿਚ ਸ਼ਾਮਲ ਸੀ। ਉਹਨਾਂ ਦੀਆਂ ਪੁਸਤਕਾਂ ਦਾ ਹਿੰਦੀ ਸਮੇਤ ਕਈ ਜ਼ੁਬਾਨਾਂ ਵਿਚ ਤਰਜਮਾ ਹੋ ਚੁੱਕਿਆ ਹੈ। ਵਸਨਜੀ ਨੇ ਸੰਸਾਰ ਭਰ ਵਿਚ ਅਨੇਕਾਂ ਥਾਵਾਂ ‘ਤੇ ਭਾਸ਼ਨ ਦਿੱਤੇ ਹਨ। ਉਹਨਾਂ ਨੇ ਬਹੁਤ ਸਾਰੇ ਲੇਖ ਲਿਖੇ ਹਨ, ਜਿਹਨਾਂ ਵਿਚ ਮਹਾਤਮਾ ਗਾਂਧੀ ਦੀ ਸਵੈਜੀਵਨੀ ਤੋਂ ਇਲਾਵਾ ਰੌਬਰਟਸਨ ਡੇਵੀਜ਼, ਅਨੀਤਾ ਡੇਸਾਏ, ਮੋਰਡੀਕਾਏ ਰਿਕਲਰ ਦੀਆਂ ਲਿਖਤਾਂ ਦੀਆਂ ਭੂਮਿਕਾਵਾਂ ਸ਼ਾਮਲ ਹਨ। ਜੂਨ 2015 ਵਿਚ ਐੱਮ. ਜੀ. ਵਸਨਜੀ ਨੂੰ ‘ਕੈਨੇਡਾ ਕੌਂਸਲ ਮੋਲਸਨ ਪਰਾਈਜ਼ ਫੌਰ ਦੀ ਆਰਟਸ’ ਨਾਲ ਸਨਮਾਨਤ ਕੀਤਾ ਗਿਆ ਸੀ
ਸਾਹਿਤ ਨੂੰ ਅੱਗੇ ਵਧਾਉਣ ਲਈ ਢਾਹਾਂ ਇਨਾਮ ਸੱਚਮੁੱਚ ਇਕ ਸ਼ਾਨਦਾਰ ਹੰਭਲਾ ਹੈ। ਹੋਰ ਵੱਡੀ ਗੱਲ ਇਹ ਹੈ ਕਿ ਅਜਿਹੀ ਪਹਿਲਕਦਮੀ ਗ਼ੈਰ ਸਰਕਾਰੀ ਪੱਧਰ ‘ਤੇ ਹੋਈ ਹੈ। ਕਹਾਣੀਆਂ ਰਾਹੀਂ ਅਸੀਂ ਆਪਣੀ ਜ਼ਿੰਦਗੀ ਦੀਆਂ ਹੋਈਆਂ ਬੀਤੀਆਂ ਦੀ ਸਾਂਝ ਪਾਉਂਦੇ ਹਾਂ । ਗਲਪ ਦਾ ਇਹ ਇਨਾਮ ਪੰਜਾਬ ਅਤੇ ਅਗਾਂਹ ਦੁਨੀਆਂ ਨੂੰ ਸਾਡੇ ਤਕ ਲੈ ਆਵੇਗਾ। ਮੈਂ ਇਸ ਦੀ ਹਰ ਪੱਖੋਂ ਸਫਲਤਾ ਦੀ ਕਾਮਨਾ ਕਰਦਾ ਹਾਂ।