ਭੂਮਿਕਾ
2022 ਮੁੱਖ ਬੁਲਾਰਾ
ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਦੀ ਵਸਨੀਕ ਲਿੰਡਾ ਗ੍ਰੇਅ ਸਿਮਸ਼ਿਆਨ ਨੇਸ਼ਨ ਦੀ ਮੈਂਬਰ ਹੈ। ਉਸ ਦੀ ਕਿਤਾਬ ਫ਼ਸਟ ਨੇਸ਼ਨਜ਼ 101 ਹੁਣ ਦੂਜੇ ਐਡੀਸ਼ਨ (2022) ਵਿੱਚ ਛਪ ਚੁੱਕੀ ਹੈ। ਇਹ ਕਿਤਾਬ ਕਲਾਸਰੂਮਾਂ ਅਤੇ ਸੰਸਥਾਵਾਂ ਵਿੱਚ ਤਾਂ ਵਰਤੀ ਹੀ ਜਾਂਦੀ ਹੈ। ਇਸ ਦੇ ਨਾਲ ਹੀ ਸੁਦੇਸ਼ੀ ਇਤਿਹਾਸਕ ਅਤੇ ਮੌਜੂਦਾ ਜੀਵਨ ਦੀ ਸੰਖੇਪ ਜਾਣਕਾਰੀ ਹਾਸਲ ਕਰਨ ਵਾਲੇ ਵਿਅਕਤੀ ਵੀ ਇਸ ਦੀ ਵਰਤੋਂ ਕਰਦੇ ਹਨ।
ਗ੍ਰੇਅ ਨੇ ਅਰਬਨ ਨੇਟਿਵ ਯੂਥ ਐਸੋਸੀਏਸ਼ਨ (UNYA) ਦੇ ਕਾਰਜਕਾਰੀ ਨਿਰਦੇਸ਼ਕ ਵਜੋਂ 8 ਸਾਲਾਂ ਲਈ ਸੇਵਾ ਨਿਭਾਈ। ਅੱਜ ਕੱਲ੍ਹ ਉਹ ਨੈਸ਼ਨਲ ਇੰਡਿਜਨਸ ਕਲਚਰਲ ਸੇਫ਼ਟੀ (ICS) ਸਲਾਹਕਾਰ ਸਰਕਲ ਵਿੱਚ ਸੇਵਾ ਕਰਦੀ ਹੈ। ਉਹ ਦਰਸ਼ਕਾਂ ਦੇ ਵੱਖਰੇ ਵੱਖਰੇ ਸਮੂਹਾਂ ਨੂੰ ਨਸਲਵਾਦ ਵਿਰੋਧੀ, ਸਿੱਖਿਆ, ਇਕ ਮਹਾਨ ਸਹਿਯੋਗੀ ਕਿਵੇਂ ਬਣਨਾ ਹੈ, ਅਤੇ ਸਮਾਜਿਕ ਮੁੱਦਿਆਂ ਬਾਰੇ ਪੇਸ਼ਕਾਰੀਆਂ ਵੀ ਦਿੰਦੀ ਹੈ।
ਫ਼ਸਟ ਨੇਸ਼ਨਜ਼ 101 ਕਿਤਾਬ ਵਿੱਚ ਬਸਤੀਵਾਦੀ ਦਖਲਅੰਦਾਜੀ ਦੇ ਵੇਰਵੇ ਦਰਜ ਹਨ ਜੋ ਮੂਲਵਾਸੀ ਲੋਕਾਂ ਨੂੰ ਕਨੇਡੀਅਨ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਅਤੇ ਉਨ੍ਹਾਂ ਦੀਆਂ ਬੋਲੀਆਂ, ਸੱਭਿਆਚਾਰਾਂ, ਪਰੰਪਰਾਗਤ ਗਿਆਨ ਅਤੇ ਹੋਂਦ ਨੂੰ ਮਿਟਾਉਣ ਦੀ ਕੋਸ਼ਿਸ਼ ਵਿੱਚ ਵਰਤੇ ਗਏ ਸਨ। ਨਤੀਜੇ ਵਜੋਂ, ਲੰਬੇ ਸਮੇਂ ਦੀਆਂ ਚੁਣੌਤੀਆਂ ਅਤੇ ਅਣਸੁਲਝੇ ਸਦਮੇ ਪੈਦਾ ਹੋ ਚੁੱਕੇ ਹਨ। ਗ੍ਰੇਅ ਉਨ੍ਹਾਂ ਤਰੀਕਿਆਂ ਵੱਲ ਇਸ਼ਾਰਾ ਕਰ ਕੇ ਭਵਿੱਖ ਲਈ ਉਮੀਦ ਦੀ ਪੇਸ਼ਕਸ਼ ਕਰਦੀ ਹੈ ਜਿਸ ਵਿੱਚ ਸਮਾਜ, ਸਮੁੱਚੇ ਤੌਰ ’ਤੇ, ਆਦਿਵਾਸੀ ਲੋਕਾਂ ਦੇ ਅੰਦਰਲੇ ਜ਼ਖਮ ਭਰਨ ਅਤੇ ਉਨ੍ਹਾਂ ਨਾਲ ਦਿਲੋਂ ਸੁਲ੍ਹਾ ਕਰਨ ਲਈ ਕੰਮ ਕਰ ਸਕਦੇ ਹਨ।
ਲਿੰਡਾ ਗ੍ਰੇਅ ਨੇ 2022 ਦੇ ਢਾਹਾਂ ਇਨਾਮ ਸਮਾਰੋਹਾਂ ਵਿੱਚ ਮੁੱਖ ਬੁਲਾਰਾ ਦੇ ਤੌਰ ’ਤੇ ਸਨੇਹਮਈ ਸੱਦਾ ਪਰਵਾਨ ਕਰਨ ਉਪਰੰਤ ਆਪਣੀ ਸ਼ਮੂਲੀਅਤ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਉਸ ਨੇ ਪ੍ਰਵਾਸੀ ਭਾਈਚਾਰਿਆਂ ਦੇ ਅਨੁਭਵਾਂ ਵਿੱਚ ਸਮਾਨਤਾਵਾਂ ਨੂੰ ਨੋਟ ਕੀਤਾ, ਜਿਨ੍ਹਾਂ ਵਿੱਚੋਂ ਕੁਝ ਨੇ ਬਸਤੀਵਾਦ ਅਤੇ ਵਿਤਕਰੇ ਦੇ ਸਥਾਈ ਪ੍ਰਭਾਵਾਂ ਦਾ ਵੀ ਅਨੁਭਵ ਕੀਤਾ ਹੋਇਆ ਸੀ। ਉਹ ਨਿਰੀਖਣ ਕਰਦੀ ਹੈ ਕਿ ਜਿੱਥੇ ਬਸਤੀਵਾਦ ਨੇ ਬਹੁਤਿਆਂ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਬਹੁਤ ਸਾਰਿਆਂ ਨੇ ਸਿਹਤਮੰਦ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਮੁੜ ਨਿਰਮਾਣ ਵਿੱਚ ਮਦਦ ਕਰਨ ਲਈ ਆਪਣੇ ਸੱਭਿਆਚਾਰਾਂ ਅਤੇ ਪਰੰਪਰਾਵਾਂ ਤੋਂ ਸੇਧ ਲੈਣੀ ਸ਼ੁਰੂ ਕੀਤੀ। ਗ੍ਰੇਅ ਇਹ ਵੀ ਸਮਝਦੀ ਹੈ ਕਿ ਸਾਡੇ ਸੱਭਿਆਚਾਰ ਵਿਲੱਖਣ ਤਾਂ ਹੋ ਸਕਦੇ ਹਨ ਪਰ ਕਲਾ ਅਤੇ ਸਾਹਿਤ ਸਾਡੀ ਸਾਂਝੀਵਾਲਤਾ ਨੂੰ ਮਨਾਉਣ ਅਤੇ ਭਾਈਚਾਰੇ ਬਣਾਉਣ ਵਿੱਚ ਮਦਦ ਕਰਦੇ ਹਨ।
“ਖੋਜ ਭਰੇ ਵੇਰਵਿਆਂ ਦਾ ਪ੍ਰਕਾਸ਼ਿਤ ਰੂਪ ਇਤਿਹਾਸ ਬਾਰੇ ਗੁੰਮ ਹੋਈ ਜਾਣਕਾਰੀ ਪ੍ਰਦਾਨ ਕਰਨ ਦੇ ਰਾਹ ਖੋਲ੍ਹਦਾ ਹੈ, ਇਤਿਹਾਸ ਅੱਜ ਸਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਵਿਭਿੰਨ ਵਿਚਾਰ, ਗਿਆਨ ਅਤੇ ਅਨੁਭਵ ਜਾਣੇ ਅਤੇ ਸਾਂਝੇ ਕੀਤੇ ਜਾਣ।.”
-ਲਿੰਡਾ ਗ੍ਰੇਅ