ਨਵਜੋਤ ਢਿੱਲੋਂ
2024 ਮੁੱਖ ਬੁਲਾਰਾ
ਨਵਜੋਤ ਢਿੱਲੋਂ, ਮੂਲ ਰੂਪ ਵਿੱਚ ਜ਼ਿਲ੍ਹਾ ਜਲੰਧਰ, ਪੰਜਾਬ, ਭਾਰਤ ਤੋਂ ਹੈ। ਉਹ ਇਕ ਪੁਰਸਕਾਰ ਜੇਤੂ ਇੰਡੋ-ਕੈਨੇਡੀਅਨ ਪੱਤਰਕਾਰ ਹੈ ਜਿਸ ਨੇ 1995 ਵਿੱਚ ਆਪਣੇ ਪੇਸ਼ੇ ਦੀ ਸ਼ੁਰੂਆਤ ਕੀਤੀ।
ਉਸ ਦੇ ਪੁਰਸਕਾਰਾਂ ਵਿੱਚ ਸਰਵੋਤਮ ਪੱਤਰਕਾਰੀ ਲਈ 2023 ਦਾ ਜਗਜੀਤ ਸਿੰਘ ਆਨੰਦ ਮੈਮੋਰੀਅਲ ਅਵਾਰਡ ਅਤੇ 2019 ਵਿੱਚ ਚੇਤਨਾ ਐਸ਼ੋਸੀਏਸ਼ਨ ਆਫ ਕੈਨੇਡਾ ਦੁਆਰਾ ਦਿੱਤਾ ਗਿਆ ਪੱਤਰਕਾਰੀ ਵਿੱਚ ਤਾਰਾ ਸਿੰਘ ਹੇਅਰ ਅਵਾਰਡ ਸ਼ਾਮਲ ਹਨ।
ਢਿੱਲੋਂ ਦਾ ਮੀਡੀਆ ਸਫ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰੀਜਨਲ ਕੈਂਪਸ, ਜਲੰਧਰ ਤੋਂ ਪੱਤਰਕਾਰੀ ਅਤੇ ਜਨ ਸੰਚਾਰ (ਐਮ ਜੇ ਐਮ ਸੀ) ਵਿੱਚ ਐਮ ਏ ਦੀ ਡਿਗਰੀ ਅਤੇ ਡੀ ਏ ਵੀ ਕਾਲਜ, ਜਲੰਧਰ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮ ਏ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸ਼ੁਰੂ ਹੋਇਆ। ਉਸ ਨੇ ‘ਦ ਇੰਡੀਅਨ ਐਕਪਰੈਸ’ ਵਿੱਚ ਸਿਖਲਾਈ ਪ੍ਰਾਪਤ ਕੀਤੀ। ਜਲੰਧਰ ਵਿੱਚ ਰਹਿੰਦਿਆਂ, ਉਸ ਨੇ ਆਲ ਇੰਡੀਆ ਰੇਡੀਓ, ਹਿੰਦੁਸਤਾਨ ਟਾਈਮਜ਼, ਦੂਰਦਰਸ਼ਨ ਟੀਵੀ ਅਤੇ ਨਾਲ ਹੀ ਮੌਂਟਰੀਆਲ ਦੇ ‘ਰੇਡੀਓ ਹਮਸਫ਼ਰ’ ਲਈ ਇਕ ਰਿਮੋਟ ਪੇਸ਼ਕਾਰ ਵਜੋਂ ਕੰਮ ਕੀਤਾ।
1998 – 2004 ਦੇ ਵਿਚਕਾਰ, ਉਸ ਨੇ ਜਲੰਧਰ ਛਾਉਣੀ (ਕੈਂਟ) ਵਿੱਚ ਬਨਾਰਸੀ ਦਾਸ ਆਰੀਆ ਕਾਲਜ ਵਿੱਚ ਜਨ ਸੰਚਾਰ ਅਤੇ ਵੀਡੀਓ ਉਤਪਾਦਨ ਵਿਭਾਗ ਵਿੱਚ ਮੁਖੀ ਵਜੋਂ ਸੇਵਾ ਕੀਤੀ।
ਕੈਨੇਡਾ ਪਹੁੰਚਣ ’ਤੇ, ਨਵਜੋਤ ਢਿੱਲੋਂ 2005 ਤੋਂ 2019 ਦੇ ਵਿਚਕਾਰ ਵੈਨਕੂਵਰ ਵਿੱਚ ਇਕ ਟੌਕ ਸ਼ੋਅ ਹੋਸਟ ਅਤੇ ਨਿਊਜ਼ ਰੀਡਰ ਬਣ ਗਈ। ਉਸ ਨੇ ਸਟੇਸ਼ਨ ’ਤੇ ਆਪਣੇ ਅਖੀਰਲੇ ਸਾਲ ਦੌਰਾਨ ਨੈਸ਼ਨਲ ਨਿਊਜ਼ ਡਾਇਰੈਕਟਰ ਦੀ ਭੂਮਿਕਾ ਨਿਭਾਈ। ਫਿਰ ਉਸ ਨੇ ਪੰਜਾਬੀ ਸਾਹਿਤ, ਰੰਗਮੰਚ ਅਤੇ ਕਲਾ ਦੇ ਨਾਲ ਨਾਲ ਹੋਰ ਸਮਕਾਲੀ ਮੁੱਦਿਆਂ ਨੂੰ ਉਜਾਗਰ ਕਰਨ ਲਈ ਯੂਟਿਊਬ ’ਤੇ ਇਕ ਪੌਡਕਾਸਟ, ‘ਨਵਜੋਤ ਢਿੱਲੋਂ ਵਾਲ’ ਦੀ ਸ਼ੁਰੂਆਤ ਕੀਤੀ ਅਤੇ ਹੋਸਟ ਕਰਨਾ ਜਾਰੀ ਰੱਖਿਆ।
2020 ਤੋਂ 2023 ਦਰਮਿਆਨ ਸ਼ੇਰ-ਏ-ਪੰਜਾਬ ਏਐਮ 600 ’ਤੇ ਕੰਮ ਕਰਦੇ ਹੋਏ, ਨਵਜੋਤ ਢਿੱਲੋਂ ਨੇ ਪੰਜਾਬੀ ਕਲਾ ਅਤੇ ਸੱਭਿਆਚਾਰ ਨੂੰ ਬਾਕਾਇਦਾ ਕਵਰ ਕੀਤਾ। ਉਸ ਦੇ ਸ਼ੋਆਂ ਵਿੱਚ ਲੇਖਕ, ਥਿਏਟਰ ਅਦਾਕਾਰ, ਨਾਟਕਕਾਰ, ਨਿਰਦੇਸ਼ਕ, ਚਿੱਤਰਕਾਰ, ਗਾਇਕ ਅਤੇ ਸੰਗੀਤ ਨਿਰਦੇਸ਼ਕ ਸ਼ਾਮਲ ਸਨ। ਜਿਨ੍ਹਾਂ ਵਿੱਚ ਬਹੁਤ ਸਾਰੇ ਢਾਹਾਂ ਪ੍ਰਾਈਜ਼ ਦੇ ਫਾਈਨਲਿਸਟ ਅਤੇ ਜੇਤੂ ਵੀ ਸ਼ਾਮਲ ਸਨ।
ਢਿੱਲੋਂ ਨੇ ਜਲਵਾਯੂ ਪਰਿਵਰਤਨ, ਲਿੰਗ-ਅਧਾਰਤ ਹਿੰਸਾ, ਲਿੰਗ ਸਮਾਨਤਾ, ਨਸ਼ੇ, ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ, ਮਾਨਸਿਕ ਸਿਹਤ, ਐਲ ਜੀ ਬੀ ਟੀ ਕਿਊ+ (LGBTQ+) ਲੋਕਾਂ ਅਤੇ ਜਾਤੀ ਵਿਤਕਰੇ ਦੇ ਵਿਸ਼ਿਆਂ ’ਤੇ ਵੀ ਸੁਰਖੀਆਂ ਦਿੱਤੀਆਂ।
“ਪੰਜਾਬੀ ਸਾਹਿਤ ਨੇ ਮੈਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਿਆ ਹੈ….ਪੰਜਾਬੀ ਸੱਭਿਆਚਾਰ ਅਤੇ ਲੋਕਾਂ ਦੀਆਂ ਜੜ੍ਹਾਂ ਨੂੰ ਸਮਝਣ ਲਈ ਪੰਜਾਬੀ ਸਾਹਿਤ ਪੜ੍ਹਨਾ ਜ਼ਰੂਰੀ ਹੈ।”
-ਨਵਜੋਤ ਢਿੱਲੋਂ
ਕੀਰਤ ਕੌਰ
2023 ਮੁੱਖ ਬੁਲਾਰਾ ਅਤੇ ਪ੍ਰਦਰਸ਼ਕ
ਕਨੇਡਾ ਦੀ ਜਮਪਲ਼ ਕੀਰਤ ਕੌਰ ਕਈ ਮਾਧਿਅਮਾਂ ਦੀ ਸਿੱਖ-ਪੰਜਾਬੀ ਕਲਾਕਾਰ ਹੈ। ਉਹ ਚਿੱਤਰਕਾਰੀਆਂ, ਡਿਜੀਟਲ ਉਦਾਹਰਣਾਂ, ਮੂਰਤੀਆਂ, ਕਢਾਈ, ਮਿਸ਼ਰਤ ਫੋਟੋਗ੍ਰਾਫੀ, ਸੁਲੇਖ ਕਲਾ, ਸੰਗੀਤ ਅਤੇ ਲਿਖਤੀ ਸ਼ਬਦਾਂ ਦੀ ਰਚਨਾ ਕਰਦੀ ਹੈ। ਉਹ ਇਕ ਲਾਇੰਸੈਂਸਸ਼ੁਦਾ, ਪਾਰਟ-ਟਾਈਮ ਆਰਕੀਟੈਕਟ ਵੀ ਹੈ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਫ਼ਰਾਂਸੀਸੀ ਬੋਲੀਆਂ ਵਿੱਚ ਮਾਹਰ ਹੈ।
ਇਕ ਲੇਖਕਾ ਦੇ ਤੌਰ ’ਤੇ, ਉਸ ਨੇ 2022 ਵਿਚ ਆਪਣੀ ਕਿਤਾਬ ‘ਪੰਜਾਬੀ ਗਾਰਡਨ: ਨੇਚਰ’ਜ਼ ਵੰਡਰਜ਼, ਥਰੂ ਦਾ ਗੁਰਮੁਖੀ ਸਕਰਿਪਟ’ ਸਵੈ-ਪ੍ਰਕਾਸ਼ਿਤ ਕੀਤੀ। ਉਸ ਦੇ ਅਲੰਕਾਰਿਕ ਦਿਰਸ਼ਟਾਂਤਾਂ, ਲਿਪੀਅੰਤਰਨ ਅਤੇ ਕੁਦਰਤ-ਅਧਾਰਿਤ ਕਹਾਣੀਆਂ ਨਾਲ ਭਰੀ, ਇਹ ਕਿਤਾਬ ਹਰ ਉਮਰ ਦੇ ਭਾਸ਼ਾ ਪ੍ਰੇਮੀਆਂ ਨੂੰ ਪੰਜਾਬੀ ਬੋਲੀ ਦੀ ਜਾਣ-ਪਛਾਣ ਕਰਾਉਂਦੀ ਹੈ। ਪੰਜਾਬੀ ਬੋਲੀ ਨੂੰ ਸੰਭਾਲਣਾ ਕੀਰਤ ਕੌਰ ਦਾ ਜਨੂੰਨ ਹੈ। ਇਹ ਕਿਤਾਬ ਉਸ ਦੇ ਜਨੂੰਨ ਲਈ ਇਕ ਉਪਦੇਸ਼ ਵਜੋਂ ਕੰਮ ਕਰਦੀ ਹੈ।
ਨਿੱਜੀ ਅਤੇ ਜਨਤਕ ਕਲਾ ਕਮਿਸ਼ਨਾਂ ਤੋਂ ਇਲਾਵਾ, ਬੀ.ਸੀ. ਵਿੱਚ ਸਰੀ ਆਰਟ ਗੈਲਰੀ ਅਤੇ ਬਰੈਂਪਟਨ, ਓਂਟਾਰੀਓ ਵਿੱਚ ਪੀਲ ਆਰਟ ਗੈਲਰੀ ਮਿਊਜ਼ੀਅਮ ਐਂਡ ਆਰਕਾਈਵਜ਼ ਵਿਖੇ ਕੀਰਤ ਕੌਰ ਦੇ ਸ਼ਾਨਦਾਰ ਡਿਜ਼ਾਈਨ ਪ੍ਰਦਰਸ਼ਿਤ ਕੀਤੇ ਗਏ ਹਨ। ਉਸ ਨੇ ਗੁਰਬਾਣੀ ਕੀਰਤਨ ਅਤੇ ਭਾਰਤੀ ਸ਼ਾਸਤਰੀ ਸੰਗੀਤ ਸ਼ੈਲੀਆਂ (ਖਾਸ ਤੌਰ ‘ਤੇ ਧਰੁਪਦ ਅਤੇ ਖਿਆਲ) ਵਿੱਚ ਸਿਖਲਾਈ ਪ੍ਰਾਪਤ ਕਰ ਕੇ, ਕਨੇਡਾ ਭਰ ਵਿੱਚ ਸਟੇਜਾਂ ‘ਤੇ ਸੰਗੀਤਕ ਪ੍ਰਦਰਸ਼ਨ ਕੀਤਾ ਹੈ।
ਕੀਰਤ ਕੌਰ ਨੂੰ ਮੀਡੀਆ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਜਿਸ ਵਿੱਚ ਸੀਬੀਸੀ ਵੈਨਕੂਵਰ, ਵੋਗ, ਐਲੇ ਇੰਡੀਆ (ਇੰਸਟਾਗ੍ਰਾਮ ਉੱਤੇ) ਅਤੇ ਹੋਰ ਮੀਡੀਆ ਵੀ ਸ਼ਾਮਲ ਹਨ। ਇੰਸਟਾਗ੍ਰਾਮ ’ਤੇ ਉਸ ਦੇ ਸਾਢੇ 28 ਹਜ਼ਾਰ ਫੌਲੋਵਰਜ਼ ਹਨ, ਜਿਸ ਨਾਲ ਉਹ ਅੱਜ ਦੀ ਪੀੜ੍ਹੀ ਲਈ ਇਕ ਪੰਜਾਬੀ ਪ੍ਰਭਾਵਕ ਬਣ ਗਈ ਹੈ।
“ਇਕ ਕੋਮਲ ਉਮਰ ਤੋਂ ਪਾਲਿਆ ਗਿਆ ਭਾਸ਼ਾ ਦੀ ਦੁਨੀਆ ਨਾਲ ਇਹ ਸੰਬੰਧ, ਸਾਡੇ ਨਾਲ ਉੱਗਦਾ ਅਤੇ ਵਧਦਾ-ਫੁੱਲਦਾ, ਸਾਡੇ ਤੱਤ ਦਾ ਇਕ ਅਨਿੱਖੜਵਾਂ ਅੰਗ ਬਣ ਜਾਂਦਾ ਹੈ, ਸਾਡੇ ਵਿਕਾਸ ਅਤੇ ਸਿੱਖਣ ਦੀ ਯਾਤਰਾ ਤੋਂ ਕਦੇ ਵੀ ਵੱਖ ਨਹੀਂ ਹੁੰਦਾ।”
-ਕੀਰਤ ਕੌਰ
Photo: London ON – Clara Hill (Woodgate Photography)
ਲਿੰਡਾ ਗ੍ਰੇਅ
2022 ਮੁੱਖ ਬੁਲਾਰਾ
ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਦੀ ਵਸਨੀਕ ਲਿੰਡਾ ਗ੍ਰੇਅ ਸਿਮਸ਼ਿਆਨ ਨੇਸ਼ਨ ਦੀ ਮੈਂਬਰ ਹੈ। ਉਸ ਦੀ ਕਿਤਾਬ ਫ਼ਸਟ ਨੇਸ਼ਨਜ਼ 101 ਹੁਣ ਦੂਜੇ ਐਡੀਸ਼ਨ (2022) ਵਿੱਚ ਛਪ ਚੁੱਕੀ ਹੈ। ਇਹ ਕਿਤਾਬ ਕਲਾਸਰੂਮਾਂ ਅਤੇ ਸੰਸਥਾਵਾਂ ਵਿੱਚ ਤਾਂ ਵਰਤੀ ਹੀ ਜਾਂਦੀ ਹੈ। ਇਸ ਦੇ ਨਾਲ ਹੀ ਸੁਦੇਸ਼ੀ ਇਤਿਹਾਸਕ ਅਤੇ ਮੌਜੂਦਾ ਜੀਵਨ ਦੀ ਸੰਖੇਪ ਜਾਣਕਾਰੀ ਹਾਸਲ ਕਰਨ ਵਾਲੇ ਵਿਅਕਤੀ ਵੀ ਇਸ ਦੀ ਵਰਤੋਂ ਕਰਦੇ ਹਨ।
ਗ੍ਰੇਅ ਨੇ ਅਰਬਨ ਨੇਟਿਵ ਯੂਥ ਐਸੋਸੀਏਸ਼ਨ (UNYA) ਦੇ ਕਾਰਜਕਾਰੀ ਨਿਰਦੇਸ਼ਕ ਵਜੋਂ 8 ਸਾਲਾਂ ਲਈ ਸੇਵਾ ਨਿਭਾਈ। ਅੱਜ ਕੱਲ੍ਹ ਉਹ ਨੈਸ਼ਨਲ ਇੰਡਿਜਨਸ ਕਲਚਰਲ ਸੇਫ਼ਟੀ (ICS) ਸਲਾਹਕਾਰ ਸਰਕਲ ਵਿੱਚ ਸੇਵਾ ਕਰਦੀ ਹੈ। ਉਹ ਦਰਸ਼ਕਾਂ ਦੇ ਵੱਖਰੇ ਵੱਖਰੇ ਸਮੂਹਾਂ ਨੂੰ ਨਸਲਵਾਦ ਵਿਰੋਧੀ, ਸਿੱਖਿਆ, ਇਕ ਮਹਾਨ ਸਹਿਯੋਗੀ ਕਿਵੇਂ ਬਣਨਾ ਹੈ, ਅਤੇ ਸਮਾਜਿਕ ਮੁੱਦਿਆਂ ਬਾਰੇ ਪੇਸ਼ਕਾਰੀਆਂ ਵੀ ਦਿੰਦੀ ਹੈ।
ਫ਼ਸਟ ਨੇਸ਼ਨਜ਼ 101 ਕਿਤਾਬ ਵਿੱਚ ਬਸਤੀਵਾਦੀ ਦਖਲਅੰਦਾਜੀ ਦੇ ਵੇਰਵੇ ਦਰਜ ਹਨ ਜੋ ਮੂਲਵਾਸੀ ਲੋਕਾਂ ਨੂੰ ਕਨੇਡੀਅਨ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਅਤੇ ਉਨ੍ਹਾਂ ਦੀਆਂ ਬੋਲੀਆਂ, ਸੱਭਿਆਚਾਰਾਂ, ਪਰੰਪਰਾਗਤ ਗਿਆਨ ਅਤੇ ਹੋਂਦ ਨੂੰ ਮਿਟਾਉਣ ਦੀ ਕੋਸ਼ਿਸ਼ ਵਿੱਚ ਵਰਤੇ ਗਏ ਸਨ। ਨਤੀਜੇ ਵਜੋਂ, ਲੰਬੇ ਸਮੇਂ ਦੀਆਂ ਚੁਣੌਤੀਆਂ ਅਤੇ ਅਣਸੁਲਝੇ ਸਦਮੇ ਪੈਦਾ ਹੋ ਚੁੱਕੇ ਹਨ। ਗ੍ਰੇਅ ਉਨ੍ਹਾਂ ਤਰੀਕਿਆਂ ਵੱਲ ਇਸ਼ਾਰਾ ਕਰ ਕੇ ਭਵਿੱਖ ਲਈ ਉਮੀਦ ਦੀ ਪੇਸ਼ਕਸ਼ ਕਰਦੀ ਹੈ ਜਿਸ ਵਿੱਚ ਸਮਾਜ, ਸਮੁੱਚੇ ਤੌਰ ’ਤੇ, ਆਦਿਵਾਸੀ ਲੋਕਾਂ ਦੇ ਅੰਦਰਲੇ ਜ਼ਖਮ ਭਰਨ ਅਤੇ ਉਨ੍ਹਾਂ ਨਾਲ ਦਿਲੋਂ ਸੁਲ੍ਹਾ ਕਰਨ ਲਈ ਕੰਮ ਕਰ ਸਕਦੇ ਹਨ।
ਲਿੰਡਾ ਗ੍ਰੇਅ ਨੇ 2022 ਦੇ ਢਾਹਾਂ ਇਨਾਮ ਸਮਾਰੋਹਾਂ ਵਿੱਚ ਮੁੱਖ ਬੁਲਾਰਾ ਦੇ ਤੌਰ ’ਤੇ ਸਨੇਹਮਈ ਸੱਦਾ ਪਰਵਾਨ ਕਰਨ ਉਪਰੰਤ ਆਪਣੀ ਸ਼ਮੂਲੀਅਤ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਉਸ ਨੇ ਪ੍ਰਵਾਸੀ ਭਾਈਚਾਰਿਆਂ ਦੇ ਅਨੁਭਵਾਂ ਵਿੱਚ ਸਮਾਨਤਾਵਾਂ ਨੂੰ ਨੋਟ ਕੀਤਾ, ਜਿਨ੍ਹਾਂ ਵਿੱਚੋਂ ਕੁਝ ਨੇ ਬਸਤੀਵਾਦ ਅਤੇ ਵਿਤਕਰੇ ਦੇ ਸਥਾਈ ਪ੍ਰਭਾਵਾਂ ਦਾ ਵੀ ਅਨੁਭਵ ਕੀਤਾ ਹੋਇਆ ਸੀ। ਉਹ ਨਿਰੀਖਣ ਕਰਦੀ ਹੈ ਕਿ ਜਿੱਥੇ ਬਸਤੀਵਾਦ ਨੇ ਬਹੁਤਿਆਂ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਬਹੁਤ ਸਾਰਿਆਂ ਨੇ ਸਿਹਤਮੰਦ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਮੁੜ ਨਿਰਮਾਣ ਵਿੱਚ ਮਦਦ ਕਰਨ ਲਈ ਆਪਣੇ ਸੱਭਿਆਚਾਰਾਂ ਅਤੇ ਪਰੰਪਰਾਵਾਂ ਤੋਂ ਸੇਧ ਲੈਣੀ ਸ਼ੁਰੂ ਕੀਤੀ। ਗ੍ਰੇਅ ਇਹ ਵੀ ਸਮਝਦੀ ਹੈ ਕਿ ਸਾਡੇ ਸੱਭਿਆਚਾਰ ਵਿਲੱਖਣ ਤਾਂ ਹੋ ਸਕਦੇ ਹਨ ਪਰ ਕਲਾ ਅਤੇ ਸਾਹਿਤ ਸਾਡੀ ਸਾਂਝੀਵਾਲਤਾ ਨੂੰ ਮਨਾਉਣ ਅਤੇ ਭਾਈਚਾਰੇ ਬਣਾਉਣ ਵਿੱਚ ਮਦਦ ਕਰਦੇ ਹਨ।
“ਖੋਜ ਭਰੇ ਵੇਰਵਿਆਂ ਦਾ ਪ੍ਰਕਾਸ਼ਿਤ ਰੂਪ ਇਤਿਹਾਸ ਬਾਰੇ ਗੁੰਮ ਹੋਈ ਜਾਣਕਾਰੀ ਪ੍ਰਦਾਨ ਕਰਨ ਦੇ ਰਾਹ ਖੋਲ੍ਹਦਾ ਹੈ, ਇਤਿਹਾਸ ਅੱਜ ਸਾਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਵਿਭਿੰਨ ਵਿਚਾਰ, ਗਿਆਨ ਅਤੇ ਅਨੁਭਵ ਜਾਣੇ ਅਤੇ ਸਾਂਝੇ ਕੀਤੇ ਜਾਣ।.”
-ਲਿੰਡਾ ਗ੍ਰੇਅ
ਡਾ. ਸਿਮਰਨ ਜੀਤ ਸਿੰਘ
2020 ਮੁੱਖ ਬੁਲਾਰਾ
ਨਿਊ ਯੌਰਕ ਅਧਾਰਿਤ ਡਾ: ਸਿਮਰਨ ਜੀਤ ਸਿੰਘ ਇਕ ਪੁਰਸਕਾਰ-ਜੇਤੂ, ਸਿੱਖਿਅਕ, ਵਿਦਵਾਨ ਅਤੇ ਕਾਰਜਸ਼ੀਲ ਸ਼ਖਸੀਅਤ ਹੈ। ਉਹ ਭਾਸ਼ਾ, ਸਭਿਆਚਾਰ ਅਤੇ ਨੁਮਾਇੰਦਗੀ ’ਤੇ ਗੱਲਬਾਤ ਕਰਦਾ ਹੈ। ਉਹ ਵਿਭਿੰਨਤਾ, ਨਿਰਪੱਖਤਾ ਅਤੇ ਵੱਖ-ਵੱਖ ਦਰਸ਼ਕਾਂ ਨੂੰ ਸ਼ਾਮਲ ਕਰਨ ’ਤੇ ਵਰਕਸ਼ਾਪਾਂ ਦੀ ਸਹੂਲਤ ਦਿੰਦਾ ਹੈ। ਉਸ ਦੀਆਂ ਵਰਕਸ਼ਾਪਾਂ ਪ੍ਰੀਸਕੂਲਾਂ ਤੋਂ ਲੈ ਕੇ ਯੂਨੀਵਰਸਿਟੀ ਕੈਂਪੱਸਾਂ ਤੱਕ, ਅਤੇ ਸਥਾਨਕ ਕਮਿਊਨਿਟੀ ਸੈਂਟਰਾਂ ਤੋਂ ਕਾਰਪੋਰੇਟ ਬੋਰਡ ਰੂਮਾਂ ਤੱਕ ਚੱਲਦੀਆਂ ਹਨ।
ਸਿਮਰਨ ਇਕ ਨਵੇਂ ਸ਼ੋਅ, ‘ਬਿਕਮਿੰਗ ਲੈੱਸ ਰੇਸਿਸਟ: ਲਾਈਟਿੰਗ ਏ ਪੈਥ ਟੂ ਐਂਟੀ-ਰੇਸਿਜ਼ਮ’, ਦੇ ਨਾਲ ਪੌਡਕਾਸਟ ‘ਸਪਿਰਿਟਡ’ ਦਾ ਵੀ ਹੋਸਟ ਹੈ, ਜਿਨ੍ਹਾਂ ਵਿੱਚ ਇਹ ਪੜਚੋਲ ਕੀਤੀ ਜਾਂਦੀ ਹੈ ਕਿ ਹਾਸ਼ੀਏ ’ਤੇ ਚੜ੍ਹੇ ਸਮੂਹਾਂ ਦੇ ਆਗੂ ਕਿਵੇਂ ਇਨਸਾਫ਼ ਦੇ ਕੰਮਾਂ ਬਾਰੇ ਸੋਚਦੇ ਹਨ ਅਤੇ ਨੈਵੀਗੇਟ ਕਰਦੇ ਹਨ। ਉਹ ਹਾਰਵਰਡ ਅਤੇ ਕੋਲੰਬੀਆ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਡਿਗਰੀਆਂ ਪ੍ਰਾਪਤ ਕਰਨ ਵਾਲਾ ਇਕ ਨਿਪੁੰਨ ਪ੍ਰੋਫੈਸਰ ਹੁੰਦਾ ਹੋਇਆ ਵੀ, ਲੋਕ ਜਿੱਥੇ ਵੀ ਮਰਜ਼ੀ ਹੋਣ ਉਨ੍ਹਾਂ ਨਾਲ ਜੁੜਨ ਲਈ ਨਿੱਜੀ ਕਹਾਣੀਆਂ, ਡੈਡੀ-ਚੁਟਕਲੇ ਅਤੇ ਪੌਪ ਸਭਿਆਚਾਰ ਪ੍ਰਤੀ ਪਿਆਰ ਦੀ ਵਰਤੋਂ ਕਰਦਾ ਹੈ। ਇਹ ਇਸ ਲਈ ਹੈ ਕਿਉਂਕਿ ਉਹ ਸਮਝਦਾ ਹੈ ਕਿ ਹਾਸ਼ੀਏ ’ਤੇ ਚੜ੍ਹੇ ਸਮੂਹ ਆਪਣੇ ਮਾਣ-ਸਨਮਾਨ ਨੂੰ ਨਹੀਂ ਦਰਸਾਉਣਗੇ ਅਤੇ ਇਹ ਹਮਦਰਦੀ ਸੱਚਮੁੱਚ ਉਦੋਂ ਬਣਦੀ ਹੈ ਜਦੋਂ ਅਸੀਂ ਇਕ ਦੂਜੇ ਨਾਲ ਇਨਸਾਨਾਂ ਦੇ ਤੌਰ ’ਤੇ ਜੁੜਦੇ ਹਾਂ। ਸਿਮਰਨ ਜੀਤ ਸਿੰਘ ਇਕ ਮੈਰਾਥਾਨ ਦੌੜਨ ਵਾਲਾ ਸਭ ਤੋਂ ਜ਼ਿਆਦਾ ਬਿਰਧ ਵਿਅਕਤੀ ਦੀ ਜੀਵਨੀ ਬਾਰੇ ਇਕ ਨਵੀਂ ਤਸਵੀਰਾਂ ਵਾਲੀ ਕਿਤਾਬ ‘ਫੌਜਾ ਸਿੰਘ ਕੀਪਸ ਗੋਇੰਗ’ ਦਾ ਲੇਖਕ ਹੈ। ਸਿਮਰਨ ਪੈਂਗੁਇਨ ਰੈਂਡਮ ਹਾਊਸ ਲਈ ਸਾਡੀ ਪਰੇਸ਼ਾਨੀ ਭਰੀ ਦੁਨੀਆਂ ਵਿੱਚ ਹਮਦਰਦੀ ਪੈਦਾ ਕਰਨ ਅਤੇ ਜੋੜਨ ’ਤੇ ਬਾਲਗ ਗੈਰ-ਗਲਪ ਕਿਤਾਬ ਵੀ ਲਿਖ ਰਿਹਾ ਹੈ।
ਮੈਂ ਘੱਟ ਗਿਣਤੀ ਭਾਈਚਾਰਿਆਂ ਬਾਰੇ ਕਹਾਣੀਆਂ ਲਿਖਣਾ ਅਰੰਭ ਕਰਨ ਦੀ ਅਸਲੀ ਅਹਿਮੀਅਤ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ ਕਿਉਂਕਿ ਇਤਿਹਾਸਕ ਤੌਰ ਤੇ ਜਾਂ ਇਥੋਂ ਤੱਕ ਕਿ ਇਸ ਸਮੇਂ ਬੱਚਿਆਂ ਦੀਆਂ ਕਿਤਾਬਾਂ ਵਿੱਚ ਵੀ ਉਨ੍ਹਾਂ ਦੀ ਪ੍ਰਤੀਨਿਧਤਾ ਨਹੀਂ ਕੀਤੀ ਜਾਂਦੀ।
ਬੱਲੀ ਕੌਰ ਜਸਵਾਲ
2019 ਮੁੱਖ ਬੁਲਾਰਾ
ਬੱਲੀ ਕੌਰ ਜਸਵਾਲ ਸਿੰਘਾਪੁਰ ਦੀ ਜਮਪਲ਼ ਹੈ ਜਿਸਦੇ ਪਰਵਾਰ ਦਾ ਪਿਛੋਕੜ ਪੰਜਾਬ ਵਿੱਚ ਹੈ। ਉਹ ਜਪਾਨ, ਰੂਸ, ਫਿਲਪੀਨਜ਼, ਆਸਟ੍ਰੇਲੀਆ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਰਹਿ ਕੇ ਵੱਡੀ ਹੋਈ ਹੈ। ਉਹ ਭਾਸ਼ਾ, ਕਲਾ ਅਤੇ ਸੱਭਿਅਤਾ ਬਾਰੇ ਅਮੀਰ ਦਰਿਸ਼ਟੀਕੋਨ ਰੱਖਣ ਵਾਲੀ ਇਕ ਵਿਸ਼ਵ ਵਿਆਪੀ ਨਾਗਰਿਕ ਹੈ।
ਬੱਲੀ ਚਾਰ ਨਾਵਲਾਂ ਦੀ ਜੇਤੂ-ਲੇਖਕਾ ਹੈ, ਸਮੇਤ ਸਿੰਘਾਪੁਰ ਲਿਟਰੇਚਰ ਪਰਾਈਜ਼ ਫਾਈਨਲਿਸਟ ਸ਼ੂਗਰਬਰੈੱਡ, ਅਤੇ ਵਧੀਆ ਵਿੱਕਰੀ ਵਾਲਾ ਇਰੌਟਿਕ ਸਟੋਰੀਜ਼ ਫਾਰ ਪੰਜਾਬੀ ਵਿਡੋਜ਼, ਜਿਹੜਾ ਰੀਸ ਵਿਦਰਸਪੂਨ ਦੀ ਬੁੱਕ ਕਲੱਬ ਦੀ ਚੋਣ ਸੀ। ਉਸਦੇ ਪਲੇਠੇ ਨਾਵਲ ਇਨਹੈਰਿਟੈਂਸ ਨੂੰ ਸਿਡਨੀ ਮੌਰਨਿੰਗ ਹੈਰਲਡ ਦਾ ਬੈੱਸਟ ਯੰਗ ਆਸਟ੍ਰੇਲੀਅਨ ਨਾਵਲਿਸਟ ਇਨਾਮ ਹਾਸਲ ਹੋਇਆ ਸੀ। ਯੂਨੀਵਰਸਿਟੀ ਆਫ਼ ਈਸਟ ਐਂਗਲਿਆ ਦੀ ਇਕ ਸਾਬਕਾ ਲਿਖਤ ਸਾਥਣ ਬੱਲੀ, ਹੁਣ ਯੇਅਲ ਐੱਨ ਯੂ ਐੱਸ ਕਾਲਿਜ (ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਘਾਪੁਰ) ਵਿਖੇ ਰਚਨਾਤਮਕ ਲਿਖਾਈ ਸਿਖਾਉਂਦੀ ਹੈ। ਉਸਦੀ ਗੈਰ-ਕਲਪਨਾ ਹੋਰ ਪ੍ਰਕਾਸ਼ਨਾਂ ਸਣੇ ਨਿਊ ਯੌਰਕ ਟਾਇਮਜ਼, ਕੌਜ਼ਮੋਪੌਲਿਟਨ.ਕੌਮ, ਹਾਰਪਰ’ਜ਼ ਬਾਜ਼ਾਰ ਇੰਡੀਆ ਐਂਡ ਸੈਲੌਨ.ਕੌਮ ਵਿਚ ਪ੍ਰਗਟ ਹੋ ਚੁਕੀ ਹੈ। ਉਸਦਾ ਅਜੋਕਾ ਨਾਵਲ ਦਅ ਅਨਲਾਇਕਲੀ ਅਡਵੈਂਚਰਜ਼ ਆਫ਼ ਦਅ ਸ਼ੇਰਗਿੱਲ ਸਿਸਟਰਜ਼ ਇਸ ਸਾਲ ਦੇ ਸ਼ੁਰੂ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਜਾਰੀ ਕੀਤਾ ਗਿਆ ਸੀ।
ਇਹ ਤੁਹਾਡੇ ਲਹੂ ਵਿੱਚ ਹੈ – ਭਾਸ਼ਾ, ਭੋਜਨ, ਚੀਜ਼ਾਂ ਕਿਵੇਂ ਹਨ; ਇਹ ਚੀਜ਼ਾਂ ਸਿਰਫ ਇਸ ਲਈ ਅੱਖੋਂ ਓਹਲੇ ਨਹੀਂ ਕੀਤੀਆਂ ਜਾ ਸਕਦੀਆਂ ਕਿ ਤੁਸੀਂ ਕਿਤੇ ਹੋਰ ਥਾਂ ਜੰਮੇਂ ਪਲੇ ਤੇ ਵੱਡੇ ਹੋਏ ਹੋ।
ਪਰਵੀਨ ਮਲਿਕ
2018 ਮੁੱਖ ਬੁਲਾਰਾ
ਪਰਵੀਨ ਮਲਿਕ ਪੰਜਾਬੀ ਗਲਪ ਦੇ ਬਹੁਤ ਹੀ ਸਤਿਕਾਰਯੋਗ ਲੇਖਕਾ ਹਨ ਅਤੇ ਇਕ ਨਾਮਵਰ ਪ੍ਰਸਾਰਕ ਵੀ। ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਕੀ ਜਾਣਾ ਮੈਂ ਕੌਣ’, ‘ਨਿੱਕੇ ਨਿੱਕੇ ਦੁੱਖ’ ਅਤੇ ਇਕ ਉਰਦੂ ਦਾ ਨਾਵਲ ‘ਆਧੀ ਔਰਤ’ ਪਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਦੁਆਰਾ ਲਿਖੀ ਸਵੈਜੀਵਨੀ ‘ਕੱਸੀਆਂ ਦਾ ਪਾਣੀ’ 2016 ਵਿਚ ਛਪਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਾਕਿਸਤਾਨ ਟੈਲੀਵਿਜ਼ਨ ਲਈ ਅਨੇਕਾ ਸਕ੍ਰੀਨਪਲੇਅ ਲਿਖੇ ਅਤੇ ਇਕ ਸਾਹਿਤਕ ਪਰੋਗਰਾਮ ‘ਲਿਖਾਰੀ’ ਲਹੌਰ ਟੈਲੀਵਿਜ਼ਨ ਤੋਂ ਚਲਾਇਆ। ਉਨ੍ਹਾਂ ਦਾ ਪ੍ਰਸਿੱਧ ਪਰੋਗਰਾਮ ‘ਪੰਜਾਬ ਰੁੱਤ’ ਲਹੌਰ ਰੇਡੀਓ ਤੋਂ 1988-1998 ਤਕ ਪ੍ਰਸਾਰਿਤ ਹੋਇਆ।
ਪਰਵੀਨ ਮਲਿਕ ਨੇ ਕਈ ਵੱਕਾਰੀ ਸਾਹਿਤਕ ਅਤੇ ਨਿਵੇਕਲੇ ਇਨਾਮ ਸਮੇਤ ‘ਵਾਰਸ ਸ਼ਾਹ’ ਅਤੇ ‘ਬਾਬਾ ਫ਼ਰੀਦ’ ਇਨਾਮ ਦੇ ਅਤੇ 2016 ਵਿਚ ਪਾਕਿਸਤਾਨ ਗੌਰਮੈਂਟ ਵਲੋਂ ‘ਸਿਤਾਰਾ ਇਮਤਿਆਜ਼’ ਹਾਸਲ ਕੀਤੇ ਹਨ। ਉਨ੍ਹਾਂ ਨੇ ਪਾਕਿਸਤਾਨ ਦੀ ਫੈਡ੍ਰਲ ਮਨਿਸਟਰੀ ਆਫ ਇਨਫਰਮੇਸ਼ਨ ਐਂਡ ਬਰੌਡਕਾਸਟਿੰਗ ਵਿਚ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾਈ।
ਅੱਜ ਕੱਲ੍ਹ ਉਹ ਪਾਕਿਸਤਾਨ ਵਿਚ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੀ ਉੱਨਤੀ ਲਈ ਕੰਮ ਕਰ ਰਹੀ ਇਕ ਪ੍ਰਮੁੱਖ ਸੰਸਥਾ ‘ਪੰਜਾਬੀ ਅਦਬੀ ਬੋਰਡ’, ਲਹੌਰ ਦੀ ਸਕੱਤਰ ਦੇ ਤੌਰ ਤੇ ਸੇਵਾ ਕਰ ਰਹੇ ਹਨ।
ਸਦੀਆਂ ਤੋਂ ਮਾਵਾਂ ਨੇ ਆਪਣੀਆਂ ਧੀਆਂ ਨੂੰ ਚੁੱਪ ਰਹਿਣਾ ਸਿਖਾਇਆ ਹੈ…‘ਭਾਵੇਂ ਤੁਹਾਡੇ ਕੋਲ ਬੋਲਣ ਦਾ ਚੰਗਾ ਕਾਰਨ ਹੈ ਫਿਰ ਵੀ ਚੁੱਪ ਰਹੋ’…। ਇਕ ਪੰਜਾਬੀ ਲੇਖਿਕਾ ਹੋਣ ਦੇ ਨਾਤੇ, ਮੈਂ ਚਾਹੁੰਦੀ ਹਾਂ ਕਿ ਵਧੇਰੇ ਔਰਤਾਂ ਅੱਗੇ ਆਉਣ, ਆਪਣੀਆਂ ਕਹਾਣੀਆਂ ਲਿਖਣ ਅਤੇ ਸੁਣਾਉਣ।
ਖੇਲਸਿਲੈੱਮ
2017 ਮੁੱਖ ਬੁਲਾਰਾ
ਖੇਲਸਿਲੈੱਮ ਇਕ ਪ੍ਰੇਰਣਾਮਈ ਨੌਜਵਾਨ ਅਧਿਆਪਕ ਅਤੇ ਕਮਿਊਨਿਟੀ ਔਰਗੇਨਾਈਜ਼ਰ ਹੈ। ਆਪਣੇ ਮੂਲ ਵਜੋਂ ਉਹ ਸਕੁਐਮਿਸ਼ ਵੀ ਹੈ ਅਤੇ Kwakwaka’wakw ਵੀ, ਜਦਕਿ ਰਿਹਾਇਸ਼ ਉਸਦੀ ਵੈਨਕੂਵਰ ਵਿਚ ਹੈ। ਮੂਲਵਾਸੀ ਲੋਕਾਂ ਲਈ ਤਰੱਕੀ, ਪੁਨਰ ਸੁਰਜੀਤੀ ਅਤੇ ਖੋਜ ਦੇ ਮੌਕੇ ਸਿਰਜਣ ਖਾਤਰ ਉਹ ਜੋਸ਼ ਨਾਲ ਭਰਿਆ ਹੋਇਆ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਚ ਸੁਕਐਮਿਸ਼ ਭਾਸ਼ਾ ਨੂੰ ਲੀਨ ਕਰਨ ਵਾਲੇ ਆਪਣੀ ਕਿਸਮ ਦੇ ਪਹਿਲੇ ਪ੍ਰੋਗਰਾਮ ਦਾ ਉਹ ਮੋਢੀ ਹੈ ਅਤੇ ਇੰਝ ਹੀ ਕਲਾ ਤੇ ਸਿੱਖਿਆ ਲਈ ਮੰਚ ਮੁਹਈਆ ਕਰਨ ਵਾਲੀ Kwi Awt Stelmexw Cultural Society ਦਾ ਵੀ ਉਹ ਬਾਨੀ ਹੈ। ਦੇਸੀ ਜ਼ੁਬਾਨਾਂ, ਸਭਿਆਚਾਰਕ ਪਛਾਣ ਅਤੇ ਹਕੂਮਤੀ ਪ੍ਰਬੰਧ ਦੇ ਮਾਮਲਿਆਂ ਉੱਤੇ ਉਹ ਪ੍ਰਮਾਣਿਕ ਰੂਪ ਵਿਚ ਲਿਖਣ ਅਤੇ ਬੋਲਣ ਵਾਲਾ ਸ਼ਖਸ ਹੈ। ਇਸ ਸਮੇਂ ਖੇਲਸਿਲੈੱਮ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਚ ਲੈਕਚਰਾਰ ਵਜੋਂ ਕੰਮ ਕਰ ਰਿਹਾ ਹੈ, ਅਤੇ ਇਸ ਹੈਸੀਅਤ ਵਿਚ ਉਸਨੇ ਸੁਕਐਮਿਸ਼ ਤੇ ਹਾਕੋਮੈਲਿਮ ਸਮੇਤ ਮੂਲਵਾਸੀ ਜ਼ੁਬਾਨਾਂ ਦੇ ਨਿਘਾਰ ਦੇ ਅਮਲ ਨਾਲ ਨਜਿੱਠਣ ਲਈ ਕਨੇਡਾ ਦੀਆਂ ਮੂਲਵਾਸੀਆਂ ਕਮਿਊਨਿਟੀਆਂ ਨਾਲ ਰਲ ਕੇ ਕੰਮ ਕੀਤਾ ਹੈ।
ਅੱਜ ਅਸੀਂ ਜੋ ਵੀ ਹਾਂ ਅਤੇ ਆਪਣੇ ਭਾਈਚਾਰੇ ਵਿੱਚ ਸਾਨੂੰ ਕੀ ਸਿਖਾਇਆ ਜਾਂਦਾ ਹੈ, ਇਸਦਾ ਬਹੁਤ ਕੁਝ ਸਾਡੇ ਪੂਰਵਜਾਂ ਬਾਰੇ ਸੋਚਣਾ ਬਣਦਾ ਹੈ, ਅਤੇ ਇਹ ਵੀ ਕਿ ਉਨ੍ਹਾਂ ਨੇ ਸਾਡੇ ਲਈ ਕੀ ਕੁਝ ਕੀਤਾ ਹੈ।
ਐਮ ਜੀ ਵਸਨਜੀ
2016 ਮੁੱਖ ਬੁਲਾਰਾ
ਐੱਮ. ਜੀ. ਵਸਨਜੀ ਦਾ ਜਨਮ ਕੈਨੀਆ ਦੇ ਸ਼ਹਿਰ ਨੈਰੋਬੀ ਵਿਚ ਹੋਇਆ ਅਤੇ ਪਾਲਣ ਪੋਸਣ ਤਨਜ਼ਾਨੀਆ ਦੇ ਸ਼ਹਿਰ ਦਾਰੇਸਲਾਮ ਵਿਚ। ਪੱਕੀ ਰਿਹਾਇਸ਼ ਕਰਨ ਲਈ ਕੈਨੇਡਾ ਆਉਣ ਤੋਂ ਪਹਿਲਾਂ ਉਹਨਾਂ ਅਮਰੀਕਾ ਵਿਚ ਮੈਸਾਚੂਸਟਸ ਇੰਸਟੀਚਿਊਟ ਔਫ ਟੈਕਨੌਲੋਜੀ ਤੋਂ ਬੈਚਲਰ ਅਤੇ ਯੂਨੀਵਰਸਿਟੀ ਔਫ ਪੈਨਸਿਲਵੇਨੀਆਂ ਤੋਂ ਪੀਐਚ.ਡੀ. ਕੀਤੀ। ਔਰਡਰ ਔਫ ਕੈਨੇਡਾ ਦੇ ਮੈਂਬਰ ਹੋਣ ਤੋਂ ਇਲਾਵਾ ਉਹਨਾਂ ਨੂੰ ਔਨਰੇਰੀ ਡੌਕਟਰੇਟ ਦੀਆਂ ਕਈ ਉਪਾਧੀਆਂ ਵੀ ਮਿਲੀਆਂ ਹਨ। ਇਸ ਸਮੇਂ ਉਹ ਟੋਰਾਂਟੋ ਵਿਚ ਰਹਿ ਰਹੇ ਹਨ।
ਵਸਨਜੀ ਦੀਆਂ ਲਿਖਤਾਂ ਦੀ ਸੂਚੀ ਵਿਚ ਸੱਤ ਨਾਵਲ, ਦੋ ਕਹਾਣੀ ਸੰਗ੍ਰਹਿ, ਭਾਰਤ ਦਾ ਸਫ਼ਰਨਾਮਾ, ਈਸਟ ਅਫ਼ਰੀਕਾ ਬਾਰੇ ਯਾਦਾਂ ਅਤੇ ਮੋਰਡੀਕਾਏ ਰਿਕਲਰ ਦੀ ਜੀਵਨੀ ਸ਼ਾਮਲ ਹਨ। ਫ਼ਿਕਸ਼ਨ ਦੀਆਂ ਬਿਹਤਰੀਨ ਰਚਨਾਵਾਂ ਲਈ ਉਹ ਦੋ ਵਾਰ (1994, 2003) ਕੈਨੇਡਾ ਵਿਚਲੇ ਗਿਲਰ ਇਨਾਮ ਦੇ ਜੇਤੂ ਰਹੇ ਹਨ। ਵਾਰਤਕ ਵਿਚ ਸਰਬ ਸ੍ਰੇਸ਼ਟ ਰਚਨਾ ਲਈ ਗਵਰਨਰ ਜਨਰਲ ਦਾ ਇਨਾਮ (2009)ਵੀ ਉਹਨਾਂ ਨੂੰ ਮਿਲਿਆ ਹੈ। ਇਸ ਤੋਂ ਬਿਨਾਂ ਹਾਰਬਰਫਰੰਟ ਫ਼ੈਸਟੀਵਲ ਪਰਾਈਜ਼, ਕੌਮਨਵੈਲਥ ਫ਼ਸਟ ਬੁੱਕ ਪਰਾਈਜ਼ (ਅਫ਼ਰੀਕਾ 1990) ਅਤੇ ਬਰੈਸਨੀ ਲਿਟਰੇਰੀ ਪਰਾਈਜ਼ ਵੀ ਉਨ੍ਹਾਂ ਦੀ ਝੋਲੀ ਪੈ ਚੁੱਕੇ ਹਨ। ਉਹਨਾਂ ਦੀ ਰਚਨਾ The Assassin’s song (ਹਤਿਆਰੇ ਦਾ ਗੀਤ) ਗਿਲਰ ਪਰਾਈਜ਼, ਗਵਰਨਰ ਜਨਰਲ’ਜ਼ ਪਰਾਈਜ਼, ਦੀ ਰਾਈਟਰਜ਼ ਟ੍ਰਸਟ ਅਵੌਰਡ ਅਤੇ ਭਾਰਤ ਦੇ ਕਰੌਸਵਰਡ ਪਰਾਈਜ਼ ਲਈ ਚੁਣੇ ਜਾਣ ਦੇ ਯੋਗ ਪੁਸਤਕਾਂ ਦੀ ਅੰਤਮ ਸੂਚੀ ਵਿਚ ਸ਼ਾਮਲ ਸੀ। ਉਹਨਾਂ ਦੀਆਂ ਪੁਸਤਕਾਂ ਦਾ ਹਿੰਦੀ ਸਮੇਤ ਕਈ ਜ਼ੁਬਾਨਾਂ ਵਿਚ ਤਰਜਮਾ ਹੋ ਚੁੱਕਿਆ ਹੈ। ਵਸਨਜੀ ਨੇ ਸੰਸਾਰ ਭਰ ਵਿਚ ਅਨੇਕਾਂ ਥਾਵਾਂ ‘ਤੇ ਭਾਸ਼ਨ ਦਿੱਤੇ ਹਨ। ਉਹਨਾਂ ਨੇ ਬਹੁਤ ਸਾਰੇ ਲੇਖ ਲਿਖੇ ਹਨ, ਜਿਹਨਾਂ ਵਿਚ ਮਹਾਤਮਾ ਗਾਂਧੀ ਦੀ ਸਵੈਜੀਵਨੀ ਤੋਂ ਇਲਾਵਾ ਰੌਬਰਟਸਨ ਡੇਵੀਜ਼, ਅਨੀਤਾ ਡੇਸਾਏ, ਮੋਰਡੀਕਾਏ ਰਿਕਲਰ ਦੀਆਂ ਲਿਖਤਾਂ ਦੀਆਂ ਭੂਮਿਕਾਵਾਂ ਸ਼ਾਮਲ ਹਨ। ਜੂਨ 2015 ਵਿਚ ਐੱਮ. ਜੀ. ਵਸਨਜੀ ਨੂੰ ‘ਕੈਨੇਡਾ ਕੌਂਸਲ ਮੋਲਸਨ ਪਰਾਈਜ਼ ਫੌਰ ਦੀ ਆਰਟਸ’ ਨਾਲ ਸਨਮਾਨਤ ਕੀਤਾ ਗਿਆ ਸੀ
ਸਾਹਿਤ ਨੂੰ ਅੱਗੇ ਵਧਾਉਣ ਲਈ ਢਾਹਾਂ ਇਨਾਮ ਸੱਚਮੁੱਚ ਇਕ ਸ਼ਾਨਦਾਰ ਹੰਭਲਾ ਹੈ। ਹੋਰ ਵੱਡੀ ਗੱਲ ਇਹ ਹੈ ਕਿ ਅਜਿਹੀ ਪਹਿਲਕਦਮੀ ਗ਼ੈਰ ਸਰਕਾਰੀ ਪੱਧਰ ‘ਤੇ ਹੋਈ ਹੈ। ਕਹਾਣੀਆਂ ਰਾਹੀਂ ਅਸੀਂ ਆਪਣੀ ਜ਼ਿੰਦਗੀ ਦੀਆਂ ਹੋਈਆਂ ਬੀਤੀਆਂ ਦੀ ਸਾਂਝ ਪਾਉਂਦੇ ਹਾਂ । ਗਲਪ ਦਾ ਇਹ ਇਨਾਮ ਪੰਜਾਬ ਅਤੇ ਅਗਾਂਹ ਦੁਨੀਆਂ ਨੂੰ ਸਾਡੇ ਤਕ ਲੈ ਆਵੇਗਾ। ਮੈਂ ਇਸ ਦੀ ਹਰ ਪੱਖੋਂ ਸਫਲਤਾ ਦੀ ਕਾਮਨਾ ਕਰਦਾ ਹਾਂ।
ਸ਼ੌਨਾ ਸਿੰਘ ਬਾਲਡਵਿਨ
2015 ਮੁੱਖ ਬੁਲਾਰਾ
ਮਾਂਟਰੀਅਲ ਵਿੱਚ ਜੰਮੀਂ, ਸ਼ੌਨਾ ਸਿੰਘ ਬਾਲਡਵਿਨ ਭਾਰਤ ਵਿੱਚ ਵੱਡੀ ਹੋਈ। ਉਸਦੀ ਪਹਿਲੀ ਕਿਤਾਬ ਏ ਫਾਰਨ ਵਿਜ਼ਿਟਰ’ਜ਼ ਸਰਵਾਈਵਲ ਗਾਈਡ ਟੂ ਅਮੈਰੇਕਾ ਦੀਆਂ ਕਾਪੀਆਂ ਵਿਕ ਤਾਂ ਗਈਆਂ ਪਰ ਇਹ ਕਿਸੇ ਸਾਹਿਤਕ ਆਲੋਚਨਾ ਜਾਂ ਵਿਚਾਰ-ਵਟਾਂਦਰਾ ਤੋਂ ਵਾਂਝੀ ਰਹੀ।
ਸਾਲ 1996 ਵਿੱਚ ਸ਼ੌਨਾ ਨੇ ਆਪਣੇ ਸੰਗ੍ਰਹਿ ਇੰਗਲਿਸ਼ ਲੈਸਨਜ਼ ਐਂਡ ਅਦਰ ਸਟੋਰੀਜ਼ ਲਈ ਦਾ ਫਰੈਂਡਜ਼ ਆਫ ਅਮੈਰੇਕਨ ਰਾਈਟਰਜ਼ ਪਰਾਈਜ਼, ਅਤੇ ਆਪਣੀ ਕਹਾਣੀ ਸਤਿਆ ਲਈ 1997 ਦਾ ਸੀ ਬੀ ਸੀ ਸਾਹਿਤਕ ਪੁਰਸਕਾਰ ਜਿੱਤੇ। ਉਸਦਾ ਪਹਿਲਾ ਨਾਵਲ, ਵੱਟ ਦਾ ਬਾਡੀ ਰੀਮੈਂਬਰਜ਼ ਨੇ ਕਾਮਨਵੈਲਥ ਰਾਈਟਰ’ਜ਼ ਪਰਾਈਜ਼ (ਕੈਨੇਡਾ-ਕੈਰੇਬੀਅਨ) ਜਿੱਤਿਆ ਜਿਸਦੀ ਵੀਹਵੀਂ ਵਰ੍ਹੇ ਗੰਢ ਦੀ ਐਡੀਸ਼ਨ 2020 ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ।
ਸ਼ੌਨਾ ਦਾ ਨਾਵਲ ਦਾ ਟਾਈਗਰ ਕਲੌਅ 2004 ਦੇ ਗਿਲਰ ਪੁਰਸਕਾਰ ਲਈ ਫਾਇਨਲਿਸਟ ਰਿਹਾ। ਉਸ ਦੇ ਸੰਗ੍ਰਹਿ ਵੀ ਆਰ ਨਾਟ ਇੰਨ ਪਾਕਸਤਾਨ ਦੀਆਂ ਅੰਤਰ-ਸਭਿਆਚਾਰਕ ਕਹਾਣੀਆਂ ਅੰਤਰਰਾਸ਼ਟਰੀ ਪੱਧਰ ਦੇ ਸੰਗ੍ਰਹਿ ਵਿੱਚ ਪ੍ਰਕਾਸ਼ਿਤ ਹੋਈਆਂ। ਉਸਦੇ ਤੀਜੇ ਨਾਵਲ ਦਾ ਸਿਲੈਕਟਰ ਆਫ ਸੋਲਜ਼ ਨੇ ਐਨ ਪਾਵਰਜ਼ ਫਿਕਸ਼ਨ ਪਰਾਈਜ਼ ਜਿੱਤਿਆ। ਸਾਵਿੱਤਰੀ ਥੀਏਟਰ ਗਰੁੱਪ ਦੁਆਰਾ ਉਸਦਾ ਨਾਟਕ ਵੀ ਆਰ ਸੋ ਡਿਫਰੈਂਟ ਨਾਓ ਟੋਰਾਂਟੋ ਵਿੱਚ ਰੰਗ-ਮੰਚ ਤੇ ਖੇਡਿਆ ਗਿਆ। ਰੀਲੱਕਟੈਂਟ ਰਿਬੈਲੀਅਨਜ਼: ਨਿਊ ਐਂਡ ਸੀਲੈਕਟਡ ਨਾਨ-ਫਿਕਸ਼ਨ 2016 ਵਿੱਚ ਪ੍ਰਕਾਸ਼ਿਤ ਹੋਈ। ਦਾ ਸਾਊਥ ਏਸ਼ਿਅਨ ਲਿਟਰੇਰੀ ਐਸੋਸ਼ੀਏਸ਼ਨ ਨੇ ਸ਼ੌਨਾ ਨੂੰ ਉਨ੍ਹਾਂ ਦਾ 2018 ਦਾ ਡਿਸਟਿੰਗੁਇਸ਼ਡ ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ।
ਸ਼ੌਨਾ ਦੀਆਂ ਲਿਖਤਾਂ ਦਾ 14 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ ਅਤੇ ਰਸਾਲਿਆਂ, ਸੰਗ੍ਰਹਿ ਅਤੇ ਅਖਬਾਰਾਂ ਵਿੱਚ ਪਰਕਾਸ਼ਿਤ ਵੀ ਹੋਇਆ ਹੈ। ਉਸਦੀ ਬੀ. ਕਾਮ. (ਆਨਰਜ਼) ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਹੈ। ਉਸਨੇ ਮਾਰਕੁਐੱਟ ਯੂਨਿਵਰਸਿਟੀ ਤੋਂ ਐੱਮ ਬੀ ਏ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਐੱਮ ਐੱਫ ਏ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ।
ਅਸੀਂ ਹਰ ਭਾਸ਼ਾ ਵਿੱਚ ਕਹਾਣੀਆਂ ਸੁਣਾਉਂਦੇ, ਪੜ੍ਹਦੇ ਅਤੇ ਵੇਖਦੇ ਹਾਂ ਕਿਉਂਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਸੇ ਹੋਰ ਵਿਅਕਤੀ ਵਰਗੇ ਬਣ ਕੇ ਅਤੇ ਉਸੇ ਦਾ ਦ੍ਰਿਸ਼ਟੀਕੋਣ ਰੱਖਦੇ ਹੋਏ ਸਾਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ। ਅਸੀਂ ਇਹ ਵੀ ਪਤਾ ਲਗਾਉਣ ਲਈ ਕਹਾਣੀਆਂ ਦੱਸਦੇ ਹਾਂ, ਪੜ੍ਹਦੇ ਅਤੇ ਵੇਖਦੇ ਹਾਂ ਕਿ ਦੂਸਰੇ ਕਿਵੇਂ ਆਗਮਨ, ਰਵਾਨਗੀ ਅਤੇ ਯਾਤਰਾਵਾਂ ਨਾਲ ਨਜਿੱਠ ਸਕਦੇ ਹਨ। ਉਨ੍ਹਾਂ ਨੇ ਕਿਵੇਂ ਸਮੱਸਿਆਵਾਂ ਨੂੰ ਹੱਲ ਕੀਤਾ ਹੈ ਜੋ ਬੇਲਗਾਮ ਅਤੇ ਅਜਿੱਤ ਜਾਪਦੀਆਂ ਹਨ। ਉਨ੍ਹਾਂ ਨੇ ਸਿਸਟਮ ਨੂੰ ਕਿਵੇਂ ਮਾਤ ਦਿੱਤੀ। ਅਸਲ ਵਿੱਚ ਕਹਾਣੀਆਂ ਇਕ ਹਕੀਕਤ ਹਨ ਕਿਉਂਕਿ ਇਨ੍ਹਾਂ ਦੇ ਪਾਤਰਾਂ ਨਾਲ ਬਿਨਾ ਮਿਲੇ ਪਹਿਲਾ ਮਿਲਾਪ ਹੋ ਜਾਂਦਾ ਹੈ।
ਵਰਿਆਮ ਸਿੰਘ ਸੰਧੂ
2014 ਮੁੱਖ ਬੁਲਾਰਾ
ਡਾ: ਵਰਿਆਮ ਸਿੰਘ ਸੰਧੂ ਛੋਟੀਆਂ ਕਹਾਣੀਆਂ ਅਤੇ ਗੈਰ-ਗਲਪ ਕਿਤਾਬਾਂ ਦਾ ਪੁਰਸਕਾਰ ਜੇਤੂ ਪੰਜਾਬੀ ਲੇਖਕ ਹੈ। ਉਸ ਨੇ ਪੰਜ ਆਲੋਚਨਾਤਮਿਕ ਪ੍ਰਸਿੱਧੀ ਪ੍ਰਾਪਤ ਛੋਟੀਆਂ ਕਹਾਣੀਆਂ ਸੰਗ੍ਰਹਿ ਅਤੇ ਗੈਰ-ਕਲਪਨਾ ਦੀਆਂ ਤਿੰਨ ਰਚਨਾਵਾਂ ਲਿਖੀਆਂ ਹਨ। ਉਸ ਦੇ 1998 ਵਿੱਚ ਛਪੀਆਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਚੌਥੀ ਕੂਟ (ਦਾ ਫੋਰਥ ਡਾਇਰੈਕਸ਼ਨ), ਨੇ 2000 ਵਿੱਚ ਭਾਰਤ ਦਾ ਪ੍ਰਸਿੱਧ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ। ਇਨ੍ਹਾਂ ਵਿੱਚੋਂ ਦੋ ਕਹਾਣੀਆਂ ਨੂੰ 2015 ਵਿੱਚ ਦਾ ਫੋਰਥ ਡਾਇਰੈਕਸ਼ਨ ਨਾਮ ਦੀ ਫਿਲਮ ਵਿੱਚ ਰੂਪਾਂਤਰ ਕੀਤਾ ਗਿਆ ਸੀ। ਸੰਧੂ ਨੂੰ ਸੁਜਾਨ ਸਿੰਘ ਪੁਰਸਕਾਰ ਅਵਾਰਡ ਅਤੇ ਪੰਜਾਬ ਸਾਹਿਤ ਅਕਾਦਮੀ ਅਵਾਰਡ ਸਮੇਤ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਹੈ। ਉਸ ਦੀਆਂ ਰਚਨਾਵਾਂ ਦਾ ਅੰਗਰੇਜ਼ੀ, ਹਿੰਦੀ, ਉਰਦੂ ਅਤੇ ਬੰਗਾਲੀ ਵਿੱਚ ਅਨੁਵਾਦ ਕੀਤਾ ਗਿਆ ਹੈ। ਵਿਸ਼ਵ ਵਿਆਪੀ ਪੰਜਾਬੀ ਸਾਹਿਤਕ ਕਾਨਫਰੰਸਾਂ ਵਿੱਚ ਉਸਦੀ ਬੁਲਾਰੇ ਵਜੋਂ ਬਹੁਤ ਜ਼ਿਆਦਾ ਮੰਗ ਕੀਤੀ ਜਾਂਦੀ ਹੈ।
ਸੰਧੂ ਨੇ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਉਸਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ, ਪੰਜਾਬ ਵਿੱਚ ਲੈਕਚਰਾਰ ਵਜੋਂ ਕੰਮ ਕੀਤਾ ਅਤੇ ਹੁਣ ਸੇਵਾ-ਮੁਕਤ ਹੈ। ਉਹ ਵਿਸ਼ਵ ਵਿਆਪੀ ਪੰਜਾਬੀ ਕਲਾ ਅਤੇ ਸਾਹਿਤਕ ਮੰਡਲਾਂ ਵਿੱਚ ਸਰਗਰਮ ਰਹਿੰਦਾ ਹੋਇਆ ਭਾਰਤ ਅਤੇ ਕੈਨੇਡਾ ਵਿੱਚ ਆਪਣਾ ਸਮਾਂ ਬਿਤਾਉਂਦਾ ਹੈ।
ਕੁਝ ਕਹਿੰਦੇ ਹਨ ਕਿ ਪੰਜਾਬੀ ਭਾਸ਼ਾ ਪੰਜਾਹ ਸਾਲਾਂ ਵਿੱਚ ਮਰ ਜਾਵੇਗੀ। ਮੈਂ ਕਹਿੰਦਾ ਹਾਂ ਕਿ ਜਿੰਨਾਂ ਚਿਰ ਇਸ ਦੀਆਂ ਧੀਆਂ ਅਤੇ ਪੁੱਤਰ ਜਿਊਂਦੇ ਹਨ, ਬੋਲਦੇ ਅਤੇ ਲਿਖਦੇ ਹਨ, ਪੰਜਾਬੀ ਭਾਸ਼ਾ ਕਦੇ ਨਹੀਂ ਮਰੇਗੀ। ਢਾਹਾਂ ਇਨਾਮ ਵਿਸ਼ਵ ਭਰ ਵਿੱਚ ਨਵੀਂ ਲਿਖਤ ਨੂੰ ਪ੍ਰੇਰਿਤ ਕਰਦਾ ਹੈ। ਪੰਜਾਬੀ ਸਾਹਿਤ ਦਾ ਭਵਿੱਖ ਅਮੀਰ ਅਤੇ ਉੱਜਲ ਹੈ।