- ਪਰਕਾਸ਼ਕ: ਨਵਯੁਗ ਪਬਲਿਸ਼ਰਜ਼
‘ਸੇਫ਼ਟੀ ਕਿੱਟ’ ਵਿਚਲੀਆਂ ਕਹਾਣੀਆਂ ਦੇ ਥੀਮ ਸਮਾਜਿਕ, ਸਭਿਆਚਾਰਕ, ਆਰਥਿਕ ਅਤੇ ਮਨੋਵਿਗਿਆਨਕ ਖੇਤਰਾਂ ਦੇ ਵੱਖ ਵੱਖ ਪਾਸਾਰਾਂ ਨਾਲ ਸੰਬੰਧਿਤ ਹਨ। ਜਿੰਦਰ ਨੇ ਵਰਤਮਾਨ ਸਮੇਂ ਦੇ ਪਰਵਾਸ ਦੇ ਮਸਲਿਆਂ ਦੀ ਸੂਖਮਤਾ ਅਤੇ ਸਥੂਲਤਾ ਨੂੰ ਸਮਝਣ ਅਤੇ ਪਕੜਨ ਦਾ ਯਤਨ ਕੀਤਾ ਹੈ। ਇਸ ਦੇ ਨਾਲ ਹੀ ਕਥਾਕਾਰ ਨੇ ਨਾਰੀ ਮਨ ਨੂੰ ਪਛਾਣਦਿਆਂ ਹੋਇਆਂ ਸਦੀਆਂ ਤੋਂ ਚੱਲੇ ਆ ਰਹੇ ਪ੍ਰੰਪਰਕ ਘੇਰਿਆਂ ਅਤੇ ਵਿਭਿੰਨ ਡਰਾਂ ਤੋਂ ਔਰਤਾਂ ਨੂੰ ਉਤਾਂਹ ਉੱਠਣ ਦੀ ਪ੍ਰੇਰਨਾ ਦੇਣ ਦਾ ਵੀ ਉੱਦਮ ਕੀਤਾ ਹੈ।
ਸਿਰਲੇਖ ਕਹਾਣੀ, ‘ਸੇਫ਼ਟੀ ਕਿੱਟ’ ਵਿੱਚ ਪਾਤਰ ਜਸਪ੍ਰੀਤ ਦੇ ਮਨ ਵਿੱਚ ਸੈਕਸ ਪ੍ਰਤੀ ਮਰਦ ਦਾ ਖੌਫ਼ ਰਹਿੰਦਾ ਹੈ ਜਿਸ ਕਰ ਕੇ ਉਸ ਨੂੰ ਵਿਦੇਸ਼ ਦੇ ਖੁੱਲ੍ਹੇ ਡੁੱਲ੍ਹੇ ਮਾਹੌਲ ਵਿੱਚ ਵਿਚਰਨਾ ਔਖਾ ਲਗਦਾ ਹੈ। ਉਸ ਦੀ ਪੱਤਰਕਾਰ ਸਹੇਲੀ ਸਮਾਂਥਾ ਦਾ ਇਰਾਕ ਵਿੱਚ ਬਲਾਤਕਾਰ ਹੋ ਚੁੱਕਾ ਸੀ। ਉਹ ਜਸਪ੍ਰੀਤ ਨੂੰ ਪੁੱਛਦੀ ਹੈ, “ਸੈਕਸ ਨੂੰ ਲੈ ਕੇ ਤੁਹਾਡੇ ਸਮਾਜ ’ਚ ਅਲੱਗ ਟੈਬੂ ਕਿਉਂ ਨੇ?” (ਪੰਨਾ 95)। ਕਹਾਣੀ ਦੇ ਅਖੀਰ ਵਿੱਚ ਉਹ ਇਹ ਆਖ ਕੇ ਜਸਪ੍ਰੀਤ ਦੇ ਮਨ ’ਚੋਂ ਡਰ ਕੱਢ ਦਿੰਦੀ ਹੈ, “ਮਾਈ ਡਾਰਲਿੰਗ, ਰੇਪ ਇਕ ਹਊਆ ਜ਼ਰੂਰ ਏ ਪਰ ਇਹਦੇ ਕੋਲੋਂ ਐਨਾ ਨਾ ਡਰ ਕਿ ਜਿਊਣਾ ਹੀ ਛੱਡ ਦੇਵੇਂ” (ਪੰਨਾ) 105)।
‘ਮੇਰਾ ਕੋਈ ਕਸੂਰ ਨਹੀਂ’ ਕਹਾਣੀ ਵਿਚਲੇ ਪਰਵਾਸ ਨਾਲ ਸੰਬੰਧਿਤ ਵਿਸ਼ੇ ਨੂੰ ਕਹਾਣੀਕਾਰ ਨੇ ਨਿਵੇਕਲੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ। ਹੈ। ਮਾਪਿਆਂ ਵੱਲੋਂ ਆਪਣੇ ਸਵਾਰਥੀ ਹਿੱਤਾਂ ਲਈ ਆਪਣੇ ਨੌਜਵਾਨ ਬੱਚਿਆਂ ਨੂੰ ਬਾਹਰ ਭੇਜ ਕੇ ਪੌੜੀ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ। ਬੱਚਿਆਂ ਦੀ ਆਰਥਿਕ ਤੰਗੀ ਦੀ ਪਰਵਾਹ ਨਾਂਹ ਕਰਦਿਆਂ ਉਨ੍ਹਾਂ ਤੋਂ ਧੜਾਧੜ ਪੈਸੇ ਭੇਜਣ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਹਾਲਾਤਾਂ ਤੋਂ ਮਜਬੂਰ ਹੋ ਕੇ ਸਟੱਡੀ ਵੀਜ਼ੇ ’ਤੇ ਵਿਦੇਸ਼ ਗਈ ਲਵਜੀਤ ਸੈਕਸ ਵਰਕਰ ਬਣ ਜਾਂਦੀ ਹੈ।
ਜਿੰਦਰ ਦੇ ਪਾਤਰ ਉੱਦਮੀ ਅਤੇ ਸੰਘਰਸ਼ਸ਼ੀਲ ਖਾਸੇ ਵਾਲੇ ਹਨ। ਉਸ ਕੋਲ ਇਤਿਹਾਸ-ਮਿਥਿਹਾਸ ਦੇ ਹਵਾਲਿਆਂ ਰਾਹੀਂ ਆਪਣੇ ਭਾਵਾਂ ਨੂੰ ਸਪੱਸ਼ਟ ਕਰਨ ਦੀ ਸਮਰੱਥਾ ਵੀ ਹੈ।
-ਗੁਰਮੁਖੀ ਜਿਊਰੀ
ਮਸਲਿਆਂ ਦੀ ਆਰਥਿਕ ਸਮਾਜਿਕ ਅਤੇ ਸਭਿਆਚਾਰਕ ਨਿਰਖ ਪਰਖ ਦੇ ਨਾਲ ਨਾਲ ਇਨ੍ਹਾਂ ਪ੍ਰਤੀ ਜਿੰਦਰ ਦੀ ਮਨੋਵਿਸ਼ਲੇਸ਼ਣੀ ਪਹੁੰਚ ਇਨ੍ਹਾਂ ਕਹਾਣੀਆਂ ਦੀ ਵਿਸ਼ੇਸ਼ ਪ੍ਰਾਪਤੀ ਹੈ।
-ਸੈਟ੍ਰਲ ਜਿਉਰੀ