- ਪਰਕਾਸ਼ਕ: ਨਵਯੁਗ ਪਬਲਿਸ਼ਰਜ਼
ਮਿੱਟੀ ਬੋਲ ਪਈ ਨਾਵਲ ਵਿੱਚ ਨੀਵੀਂ ਜਾਤ (ਆਦਿ ਵਾਸੀ) ਅਤੇ ਔਰਤਾਂ ਦੇ ਦੁਖਾਂਤ ਜਿਵੇਂ ਸਮਾਜਕ ਨਾਬਰਾਬਰੀ, ਜਾਤ-ਪਾਤ, ਦਲਿਤਾਂ ਨੂੰ ਪੜ੍ਹਾਈ ਦਾ ਹੱਕ ਨਾ ਮਿਲਣਾ, ਜ਼ਿਮੀਂਦਾਰਾਂ ਅਤੇ ਚੌਧਰੀਆਂ ਦੀ ਜਬਰੀ ਬਗਾਰ, ਆਦਿ ਨੂੰ ਚਿਤਰਿਆ ਗਿਆ ਹੈ। ਇਸ ਦਾ ਵਿਸ਼ਾ ਵਸਤੂ ਅੱਜ ਕੱਲ੍ਹ ਵੀ ਵਿਸ਼ਵ ਪੱਧਰੇ ਸਮਾਜ ਵਿੱਚ ਢੁੱਕਵਾਂ ਹੈ। ਨਾਵਲ ਦਾ ਇਕ ਮੁਖ ਪਾਤਰ ਬਾਬਾ ਸੰਗਤੀਆ ਸੂਤਰਧਾਰ ਅਤੇ ਐਨਸਾਈਕਲੋਪੀਡੀਆ ਵਜੋਂ ਭੂਮਿਕਾ ਨਿਭਾਉਂਦਾ ਹੈ। ਉਸ ਕੋਲ ਉਸ ਸਮੇਂ ਦੇ ਹਾਲਾਤ ਜਿਨ੍ਹਾਂ ਵਿੱਚ ਸਮਾਜਕ ਤਬਦੀਲੀਆਂ, ਸਰਗਰਮੀਆਂ, ਅਖ਼ਬਾਰਾਂ ਦੀਆਂ ਖ਼ਬਰਾਂ, ਸਿਆਸੀ ਮੀਟਿੰਗਾਂ, ਵਿਧਾਨ ਸਭਾ ਵਿੱਚ ਪਾਸ ਹੁੰਦੇ ਬਿੱਲਾਂ, ਅਛੂਤਾਂ ਲਈ ਪੜ੍ਹਨ ਦੇ ਹੱਕਾਂ, ਦੂਸਰੇ ਸੰਸਾਰ ਯੁੱਧ ਦੇ ਖ਼ੌਫ਼ਨਾਕ ਅਤੇ ਦਰਦਨਾਕ ਵੇਰਵਿਆਂ ਦਾ ਖਜ਼ਾਨਾ ਹੈ। ਉਹ ਆਖਦਾ ਹੈ, ‘ਅਸੀਂ ਖੋਪੇ ਬੱਧੇ ਬਲਦ-ਬੋਤੇ ਹਾਂ’। ਇਹ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਉਸ ਨੂੰ ਪੜ੍ਹਾਈ ਇਕ ਵੱਡਾ ਹਥਿਆਰ ਲਗਦਾ ਹੈ। ਇਸੇ ਕਰ ਕੇ ਉਹ ਆਪਣੇ ਪੋਤੇ ‘ਗੋਰਾ’ ਜੋ ਦੂਜਾ ਮੁਖ ਪਾਤਰ ਹੈ ਨੂੰ ਦਲਿਤ ਜੀਵਨ ਦੀ ਬਿਹਤਰੀ ਲਈ ਉਚੇਰੀ ਸਿੱਖਿਆ ਪ੍ਰਾਪਤ ਕਰਨ, ਚੇਤਨਾ ਗ੍ਰਹਿਣ ਕਰਨ ਅਤੇ ਆਪਣੇ ਹੱਕਾਂ ਦੀ ਪਛਾਣ ਅਤੇ ਰਾਖੀ ਕਰਨ ਪ੍ਰਤੀ ਨਿਰੰਤਰ ਪ੍ਰੇਰਨਾ ਦਿੰਦਾ ਹੈ।
ਮਾਧੋਪੁਰੀ ਨੇ ਦਲਿਤਾਂ ਦੀ ਸਦੀਆਂ ਪੁਰਾਣੀ ਦਾਸਤਾਨ ਦਾ ਬਿਆਨ ਕਰਨ ਲਈ ਆਦਿ-ਧਰਮ ਦੇ ਮੋਢੀ ਗਦਰੀ ਬਾਬਾ ਮੰਗੂ ਰਾਮ ਨੂੰ ਵੀ ਚੁਣਿਆ ਹੈ। ਮੰਗੂ ਰਾਮ ਇਕ ਸਿਆਸੀ ਜਾਗਰੂਕ ਆਦਿ-ਧਰਮ ਭਾਈਚਾਰੇ ਵਿੱਚੋਂ ਹੈ ਜਿਹੜਾ ਜਲਸੇ-ਸਭਾਵਾਂ ਕਰ ਕੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਹੱਕਾਂ ਲਈ ਲੜਨ, ਬਗਾਰਾਂ-ਬੁੱਤੀਆਂ ਦੇ ਖਿਲਾਫ਼ ਜੂਝਣ ਅਤੇ ਗੁਲਾਮੀ ਦੇ ਸੰਗਲਾਂ ਨੂੰ ਤੋੜ ਸੁੱਟਣ ਲਈ ਤਿਆਰ ਕਰਦਾ ਹੈ।
ਇਸ ਨਾਵਲ ਦੀ ਸੈਟਿੰਗ ਜੇਜੋਂ ਅਤੇ ਰਾਹੋਂ ਦੇ ਇਲਾਕੇ ਵਿੱਚ ਕੀਤੀ ਗਈ ਹੈ। ਲੇਖਕ ਨੇ ਐਸੇ ਵਧੀਆ ਢੰਗ ਨਾਲ ਕੁਦਰਤੀ ਨਜ਼ਾਰੇ ਜਿਵੇਂ ਖੱਡਾਂ ਅਤੇ ਚੋਆਂ ਵਿੱਚ ਵਗਦਾ ਪਾਣੀ, ਹਰਿਆਈ ਅਤੇ ਪਸ਼ੂ-ਪੰਛੀਆਂ ਦਾ ਵਰਣਨ ਕੀਤਾ ਹੈ ਕਿ ਪਾਠਕ ਪਾਤਰਾਂ ਦੇ ਨਾਲ ਤੁਰਦਾ ਹੋਇਆ ਇਹ ਨਜ਼ਾਰੇ ਮਾਣਦਾ ਪ੍ਰਤੀਤ ਹੁੰਦਾ ਹੈ। ਗੁਰੂ ਰਵਿਦਾਸ ਅਤੇ ਕਬੀਰ ਦੀ ਬਾਣੀ ’ਚੋਂ ਤੁਕਾਂ, ਬਾਂਕਾ ਬੱਕਰੀਆਂ ਵਾਲੇ ਦੇ ਬੈਂਤ ਅਤੇ ਬੋਲੀਆਂ ਅਤੇ ਬਾਬੇ ਦੇ ਦੁਖੀ ਹਿਰਦੇ ਦੀਆਂ ਤਾਰਾਂ ਉਸ ਦੀ ਸਾਰੰਗੀ ਦੀ ਸੁਰ ਨਾਲ ਤਾਲ ਮੇਲ ਬਣਾ ਕੇ ਨਾਵਲ ਨੂੰ ਹੋਰ ਰੋਚਕ ਬਣਾਉਂਦੇ ਹਨ।
“ਨਾਵਲ ਵਿੱਚ ਦਲਿਤ ਚਿੰਤਨ ਅਤੇ ਚੇਤਨਾ ਦੇ ਪੱਖ ਤੋਂ ਦਲਿਤ ਨਾਇਕਤਵ ਦਾ ਜੋ ਮਾਡਲ ਪੇਸ਼ ਕੀਤਾ ਗਿਆ ਹੈ, ਉਸ ਦਾ ਪੰਜਾਬੀ ਨਾਵਲ ਵਿੱਚ ਹੁਣ ਤਕ ਅਭਾਵ ਹੀ ਰਿਹਾ ਹੈ।”
ਗੁਰਮੁਖੀ ਜਿਊਰੀ
“ਨਾਵਲ ‘ਮਿੱਟੀ ਬੋਲ ਪਈ’ ਦਲਿਤ ਵਰਗ ਵਿੱਚ ਦਲੇਰੀ ਅਤੇ ਜਾਗ੍ਰਤੀ ਦਾ ਪ੍ਰਤੀਕ ਹੈ”
ਸੈਂਟ੍ਰਲ ਜਿਊਰੀ