- ਪਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ
‘ਟੈਬੂ’ ਵਿਚਲੀਆਂ ਕਹਾਣੀਆਂ ਦੇ ਵਿਸ਼ਿਆਂ ਵਿੱਚ ਵੰਨ ਸੁਵੰਨਤਾ ਦੇ ਨਾਲ ਨਾਲ ਲੇਖਿਕਾ ਦੀ ਮਨੋਵਿਗਿਆਨਕ ਵਿਚਾਰਧਾਰਾ ਵੀ ਦਿਖਾਈ ਦਿੰਦੀ ਹੈ। ਉਹ ਜੀਵਨ ਯਥਾਰਥ ਨੂੰ ਫ਼ਲਸਫੇ ਨਾਲ ਜੋੜ ਕੇ ਕਥਾ ਬਿਰਤਾਂਤ ਨੂੰ ਡੂੰਘਾਈ ਨਾਲ ਪੇਸ਼ ਕਰਦੀ ਹੈ। ਬਹੁਤੀਆਂ ਕਹਾਣੀਆਂ ਨਾਰੀਵਾਦੀ-ਦ੍ਰਿਸ਼ਟੀਕੋਣ ਤੋਂ ਲਿਖੀਆਂ ਗਈਆਂ ਹਨ। ਇਸ ਦੇ ਨਾਲ ਨਾਲ ਮਰਦਾਵੀਂ ਸੋਚ, ਸ਼ੋਸ਼ਣ, ਪੜ੍ਹੇ-ਲਿਖੇ ਨੌਜਵਾਨ ਵਰਗ ਦੀ ਮਾਨਸਿਕਤਾ, ਜਲਾਵਤਨੀ ਹੰਢਾਅ ਰਹੇ ਕਸ਼ਮੀਰੀ ਪੰਡਤਾਂ ਅਤੇ ਸ਼ਰਣਾਰਥੀਆਂ ਦੇ ਸੰਤਾਪੀ ਮਨਾਂ ਦੀ ਯਥਾਰਥਕ ਪੇਸ਼ਕਾਰੀ ਹੈ।
ਸਿਰਲੇਖ ਕਹਾਣੀ ‘ਟੈਬੂ’ ਉਤਰ ਆਧੁਨਿਕ ਜੀਵਨ ਵਿੱਚ ਆ ਰਹੇ ਪਰਿਵਰਤਨਾਂ ਦੇ ਦੌਰ ‘ਚ ਮਾਂ ਧੀ ਦੇ ਰਿਸ਼ਤੇ ਸੰਬੰਧੀ ਬਿਰਤਾਂਤ ਹੈ ਪਰ ਇਸ ਦੀ ਪ੍ਰਵਿਰਤੀ ਮਨੋਵਿਗਿਆਨਕ ਹੈ। “… ਮਾਂ ਨੇ … ਧੀ ਦੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਟ੍ਰੈਡੀਸ਼ਨਲੀ ਨਹੀਂ, ਸਗੋਂ ਇਮੋਸ਼ਨਲੀ ਸਮਝਿਆ ਸੀ। ਉਹ ਆਪ ਜਾਣਦੀ ਸੀ ਇਕਲਾਪੇ ਦਾ ਦਰਦ ਕੀ ਹੁੰਦਾ ਹੈ” (ਪੰਨਾ 26)। “ਮੈਂ ਆਪਣੀ ਆਜ਼ਾਦੀ ਕਿਸੇ ਕੋਲ ਸਰੈਂਡਰ ਨਹੀਂ ਕਰ ਸਕਦੀ ਮਾਂ”। “ਅੱਜ ਕੱਲ੍ਹ ਰਿਲੇਸ਼ਨਜ਼ ਕੋਈ ਟੈਬੂ ਨਹੀਂ ਰਹਿ ਗਏ ਮਾਂ” (ਪੰਨਾ 27)। ਇੱਕ ਦਿਨ, ਧੀ ਮਾਂ ਦੇ ਫੋਨ ’ਤੇ ਸੁਨੇਹਾ, ”ਮਾਈ ਡੀਅਰ” ਪੜ੍ਹ ਕੇ ਗੁੱਸੇ ਵਿੱਚ ਆ ਜਾਂਦੀ ਹੈ। ਮਾਂ ਜਵਾਬ ਦਿੰਦੀ ਹੈ, “ਤੂੰ ਮੇਰਾ ਫੋਨ ਕਿਉਂ ਖੋਹਲਿਆ”? “ਮਤਲਬ ਇਹ ਕਿ ਮੈਂ ਵੀ ਆਪਣੀ ਆਜ਼ਾਦੀ ਕਿਸੇ ਅੱਗੇ ਸਰੈਂਡਰ ਨਹੀਂ ਕਰਨਾ ਚਾਹੁੰਦੀ”। ਕਹਾਣੀਕਾਰ ਇਹ ਦਰਸਾਉਂਦੀ ਹੈ ਕਿ ਨਾਰੀ ਲਿਵ-ਇਨ ਰਿਲੇਸ਼ਨਸ਼ਿਪ ਤਕ ਪਹੁੰਚ ਕੇ ਵੀ ਆਪਣੇ ਅਵਚੇਤਨ ’ਚੋਂ ਸਮਾਜਿਕ ਟੈਬੂ ਨਹੀਂ ਕੱਢ ਸਕੀ।
ਨੀਰ ਦੀਆਂ ‘ਮਿਟੀ’, ‘ਅਨਾਰਕਲੀ’, ‘ਨਦੀਓਂ ਵਿਛੜੇ ਨੀਰ’ ਤੂਫਾਨ ਥੰਮ੍ਹ ਜਾਣ ਬਾਦ’ ਕਹਾਣੀਆਂ ਇੱਕ ਪਾਸੇ ਤਾਂ ਕਸ਼ਮੀਰੀ ਸਭਿਆਚਾਰ ਅਤੇ ਉੱਥੇ ਦੀ ਧਰਤੀ ਦੀ ਖੁਸ਼ਬੋ ਨਾਲ ਜੁੜੀਆਂ ਹੋਈਆਂ ਹਨ ਅਤੇ ਦੂਜੇ ਪਾਸੇ ਕਸ਼ਮੀਰ ਦੀਆਂ ਸਮੱਸਿਆਵਾਂ ਦੇ ਵੱਖ ਵੱਖ ਪੱਖਾਂ ਨੂੰ ਵੀ ਵਿਸ਼ਾ ਵਸਤੂ ਬਣਾਉਂਦੀਆਂ ਹਨ।
“ਕਹਾਣੀਆਂ ਦੀ ਭਾਸ਼ਾ ਪ੍ਰਤੀਕਮਈ ਅਤੇ ਸ਼ੈਲੀ ਰੋਚਕ ਸੰਵਾਦੀਆ ਲਹਿਜੇ ਵਾਲੀ ਹੈ।”
-ਗੁਰਮੁਖੀ ਜਿਊਰੀ
“ਲੇਖਿਕਾ ਦੀ ਅੰਤਰ-ਦ੍ਰਿਸ਼ਟੀ ਉਸ ਦੀਆਂ ਵੱਖ ਵੱਖ ਥੀਮਕ ਪਾਸਾਰਾਂ ਵਾਲੀਆਂ ਕਹਾਣੀਆਂ ਨੂੰ ਮਨੋਵਿਗਿਆਨਕ ਪ੍ਰਵਿਰਤੀ ਦੀਆਂ ਕਹਾਣੀਆਂ ਵਿੱਚ ਪਰਿਵਰਤਿਤ ਕਰ ਕੇ ਇਨ੍ਹਾਂ ਕਹਾਣੀਆਂ ਦੀ ਬਹੁਰੰਗਤਾ ਨੂੰ ਯਕਰੰਗਤਾ ਬਖਸ਼ਦੀ ਹੈ।”
-ਸੈਟ੍ਰਲ ਜਿਊਰੀ