- ਪਰਕਾਸ਼ਕ: ਕਿਤਾਬ ਤ੍ਰਿੰਞਣ
ਜੋਗੀ, ਸੱਪ, ਤ੍ਰਾਹ ਕਹਾਣੀ ਸੰਗ੍ਰਹਿ ਵਿੱਚ ਨੈਨ ਸੁਖ ਅਣਵੰਡੇ ਪੰਜਾਬ ਦੀ ਲੋਕਧਾਰਾਈ ਵਿਰਾਸਤ ਅਤੇ ਸਰਬ ਸਾਂਝੇ ਇਤਿਹਾਸ ਚੋਂ ਵੰਨ ਸੁਵੰਨੇ ਵਿਸ਼ਿਆਂ ਨੂੰ ਮੋਹ ਅਤੇ ਨਿਰਪੱਖਤਾ ਨਾਲ ਚਿਤਰਦਾ ਹੈ। ਕਹਾਣੀਆਂ ਵਿੱਚ ਬਦਲ ਰਹੇ ਅਰਥਚਾਰੇ ਅਤੇ ਸ਼ਹਿਰੀਕਰਨ ਦੇ ਪ੍ਰਭਾਵ ਹੇਠ ਲਹਿੰਦੇ ਪੰਜਾਬ ਦੀ ਨੁਹਾਰ ਨੂੰ ਨਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ਜੋਗੀ, ਸੱਪ, ਤ੍ਰਾਹ ਵਿੱਚ ਇਕ ਅਣਗੌਲੇ ਸਪੇਰੇ ਦੀ ਵਿਥਿਆ ਹੈ। ਜਿਸ ਦੀ ਬੀਨ ਮਨਮੋਹਕ ਸੁਰਾਂ ਨਾਲ ਜ਼ਹਿਰੀ ਸੱਪਾਂ ਅਤੇ ਲੋਕਾਂ ਦੇ ਮਨਾਂ ਨੂੰ ਕੀਲ ਲੈਂਦੀ ਹੈ। ਉਸ ਦੀ ਪਟਾਰੀ ਵਿੱਚ ਪਏ ਸੱਪਾਂ ਦੇ ਫੁੰਕਾਰੇ ਲੋਕਾਂ ਦਾ ਤ੍ਰਾਹ ਕੱਢ ਦਿੰਦੇ ਹਨ। ਕਦੇ ਅਜਿਹੇ ਕਲਾਕਾਰਾਂ ਦੀ ਸਮਾਜ ਵਿੱਚ ਕਦਰ ਸੀ ਅਤੇ ਕਲਾ ਹੀ ਉਨ੍ਹਾਂ ਦਾ ਰੁਜ਼ਗਾਰ ਸੀ। ਹੁਣ ਬਦਲਦੇ ਪੰਜਾਬ ਵਿੱਚ ਇਨ੍ਹਾਂ ਦੀ ਜ਼ਿੰਦਗੀ ਵਿੱਚ ਗਰੀਬੀ ਅਤੇ ਬੇਕਦਰੀ ਆ ਗਈ ਹੈ। ਵਸੰਤੇ ਜੋਗੀ ਦੀ ਤ੍ਰਾਸਦਿਕ ਮਨੋਸਥਿਤੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, “ਵਿਛੜੀ ਸੰਗਤ ਲਈ ਸਹਿਕਦਾ ਬਾਬਾ ਜੋਗੀ ਇਕ ਦਿਨ ਸੇਵੇਰੇ ਸਵੇਰੇ ਆਪਣੀ ਪਟਾਰੀ ਖੋਲ੍ਹ ਕੇ ਬੈਠਾ ਜਿਹਦੇ ਵਿੱਚ ਸੱਪ ਕੋਈ ਨਾ, ਡਰ ਈ ਡਰ, ਅੱਖਾਂ ਈ ਅੱਖਾਂ ਤੇ ਹਰ ਅੱਖ ਵਿੱਚ ਸੱਪ।“
ਇਨ੍ਹਾਂ ਕਹਾਣੀਆਂ ਦਾ ਮੀਰੀ ਗੁਣ ਅਨੇਕਾਂ ਤਰ੍ਹਾਂ ਦੀਆਂ ਚਣੌਤੀਆਂ ਵਿੱਚੋਂ ਗੁਜ਼ਰ ਰਹੇ ਸਮਕਾਲੀ ਸਮਾਜ ਦੀ ਹਕੀਕਤ ਦੇ ਬਿਰਤਾਂਤ ਨੂੰ ਗਹਿਰਾਈ ਨਾਲ ਸਿਰਜਣਾ ਹੈ। ਜਿਵੇਂ ਕਹਾਣੀ ਸੋਗ ਸੁਹਾਈ ਵਿੱਚ ਇਕ ਨੀਵੇਂ ਵਰਗ ਵਿਚੋਂ ਲਿਲੀ ਫਕੀਰ ਆਪਣੇ ਮੋਏ ਬੱਚੇ ਦੀ ਅੰਤਮ ਅਰਦਾਸ ਲਈ ਮੌਲਵੀ ਕੋਲ ਗਿਆ। ਮੌਲਵੀ ਨੇ ਇਨਕਾਰ ਕਰ ਦਿੱਤਾ ਕਿ ਉਹ ਮੁਸਲਮਾਨ ਨਹੀਂ ਹਨ। ਲਿਲੀ ਫਕੀਰ ਨੇ ਬੱਚੇ ਦਾ ਅੰਤਮ ਸਸਕਾਰ ਉਨ੍ਹਾਂ ਦੇ ਸਦੀਆਂ ਪੁਰਾਣੇ ਰਿਵਾਜ ਅਨੁਸਾਰ ਜੋ ਨਾ ਤਾਂ ਹਿੰਦੂ ਅਤੇ ਨਾ ਹੀ ਮੁਸਲਮਾਨ ਹੈ ਕਰ ਦਿੱਤਾ।
ਨੈਨ ਸੁਖ ਪੰਜਾਬੀ ਦੇ ਉਨ੍ਹਾਂ ਕੁਝ ਲਿਖਾਰੀਆਂ ਵਿੱਚੋਂ ਹੈ ਜਿਹੜੇ ਵਾਹਗਾ ਸਰਹੱਦ ਦੇ ਆਰਪਾਰ ਇਕੋ ਜਿਹਾ ਨਾਮਣਾ ਖੱਟੀ ਬੈਠੇ ਹਨ। ਉਸ ਦੀਆਂ ਕਹਾਣੀਆਂ ਵਿੱਚੋਂ ਮਿਥਿਹਾਸ, ਲੋਕ ਧਾਰਾ, ਪਰੰਪਰਾਵਾਂ, ਲੋਕ ਗੀਤ, ਕਹਾਵਤਾਂ, ਮੁਹਾਵਰਿਆਂ ਅਤੇ ਧਰਤੀ ਜਾਇਆਂ ਦੀ ਲੁਕੀ ਤਾਰੀਖ਼ ਦੀ ਝਲਕ ਵੀ ਪੈਂਦੀ ਹੈ। ਇਹ ਕਹਾਣੀਆਂ ਤਹਿ ਦਰ ਤਹਿ, ਰਮਜ਼ੋਂ ਰਮਜ਼ੀਂ ਵਗਦੀਆਂ ਮਿਥਿਹਾਸ, ਰਹਿਤਲ ਅਤੇ ਤਾਰੀਖ ਤੋਂ ਪਾਰ ਅਪਾਰ ਹੋ ਜਾਂਦੀਆਂ ਹਨ।
ਸੈਂਟ੍ਰਲ ਜਿਊਰੀ, “ਅਜੋਕੀ ਕਿਤਾਬ ਪੰਜਾਬ ਦੇ ਅਸਲ ਲੋਕਾਂ ਦੀ ਪ੍ਰਤਿਨਿਧਤਾ ਕਰਦੀ ਹੈ ਅਤੇ ਇਹ ਆਧੁਨਿਕ ਪੰਜਾਬੀ ਗਲਪ ਵਿੱਚ ਇਕ ਮੀਲ ਪੱਥਰ ਹੈ। ਸਮੁੱਚੇ ਤੌਰ ’ਤੇ ਇਹ ਕਹਾਣੀਆਂ ਬਿਨਾ ਕਿਸੇ ਉਚੇਚ ਦੇ ਸਹਿਜ ਭਾ ਨਾਲ ਪੰਜਾਬ ਦੀ ਸਾਂਝੀ ਲੋਕਧਾਰਾਈ ਵਿਰਾਸਤ ਅਤੇ ਸਮਕਾਲੀ ਯਥਾਰਥ ਦਾ ਬਿੰਬ ਉਸਾਰਦੀਆਂ ਹਨ”।
ਨੈਨ ਸੁਖ ਖਾਲਿਦ ਮਹਿਮੂਦ ਦਾ ਕਲਮੀ ਨਾਮ ਹੈ। ਉਹ ਵਕੀਲ, ਨਿਆਂ ਕਾਰਕੁਨ, ਕਵੀ ਅਤੇ ਪੰਜਾਬੀ ਦਾ ਉੱਘਾ ਲੇਖਕ ਹੈ। ਇਤਿਹਾਸਕ ਅਤੇ ਸਮਾਜਕ ਮਾਨਵ ਵਿਗਿਆਨ ਦੇ ਸੰਦਰਭ ਵਿੱਚ ਕੀਤੀ ਵਿਆਪਕ ਅਤੇ ਡੂੰਘੀ ਖੋਜ ਵਿੱਚੋਂ ਕਹਾਣੀ ਘੜਨ ਲਈ ਉਸ ਦੀ ਨਜ਼ਰ ਗਹਿਰੀ ਹੈ।