‘ਕਾਲ਼ੇ ਵਰਕੇ’ ਟੋਰਾਂਟੋ ਵਸਦੇ ਕਹਾਣੀਕਾਰ ਜਰਨੈਲ ਸਿੰਘ ਦਾ 2015 ਵਿਚ ਪ੍ਰਕਾਸ਼ਤ ਹੋਇਆ ਕਹਾਣੀ ਸੰਗ੍ਰਿਹ ਹੈ। ਮੁਕਾਬਲਤਨ ਲੰਬੇ ਆਕਾਰ ਦੀਆਂ ਜਰਨੈਲ ਸਿੰਘ ਦੀਆਂ ਕਹਾਣੀਆਂ ਅਕਸਰ ਉੱਤਰੀ ਅਮਰੀਕਾ ਵਿਚ ਰਹਿੰਦੇ ਪੰਜਾਬੀ ਪਰਵਾਸੀਆਂ ਦੇ ਓਪਰੇ ਸੱਭਿਆਚਾਰ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਦਾ ਬਿਰਤਾਂਤ ਸਿਰਜ ਕੇ ਜੀਵਨ ਦੀ ਗੁੰਝਲਦਾਰ ਹਕੀਕਤ ਨੂੰ ਰੂਪਮਾਨ ਕਰਦੀਆਂ ਹਨ। ਇਸ ਪੁਸਤਕ ਵਿਚਲੀਆਂ ਪੰਜੇ ਕਹਾਣੀਆਂ ਰਾਹੀਂ ਪਰਵਾਸੀ ਜੀਵਨ ਦੇ ਪ੍ਰਸੰਗ ਵਿਚ ਪੈਸੇ ਦੇ ਲੋਭ ਵਿਚ ਟੁੱਟ ਰਹੇ ਪਰਿਵਾਰਾਂ, ਰਿਸ਼ਤਿਆਂ ਦੀ ਕਸ਼ੀਦਗੀ ਕਾਰਨ ਪੈਦਾ ਹੋਏ ਮਾਨਸਿਕ ਸੰਕਟਾਂ, ਵਿਸ਼ਵੀਕਰਣ ਦੀ ਦੌੜ ਅਧੀਨ ਸੁੰਦਰਤਾ ਮੁਕਾਬਲਿਆਂ ਵਿਚ ‘ਵਿਕ’ ਰਹੀ ਔਰਤ, ਨਸਲੀ ਹਮਲਿਆਂ ਦੇ ਸ਼ਿਕਾਰ, ਘੱਟ ਗਿਣਤੀਆਂ ਦੇ ਗਰੀਬ ਤਬਕੇ ਅਤੇ ਸਰਮਾਏਦਾਰੀ ਦੀ ਸਥਾਪਤੀ ਲਈ ਲੜੀਆਂ ਜਾ ਰਹੀਆਂ ਜੰਗਾਂ ਦੇ ਸ਼ਿਕਾਰ ਲੋਕਾਂ ਦੀ ਮਾਨਸਿਕ ਟੁੱਟ-ਭੱਜ ਨੂੰ ਕਹਾਣੀ ਕਲਾ ਦੇ ਸਿਰਜਣੀ ਤੱਤਾਂ ਨਾਲ ਇੰਜ ਉਸਾਰਿਆ ਹੈ ਕਿ ਪਰਵਾਸੀ ਜੀਵਨ ਦੀਆਂ ਉਲਝਣਾਂ ਤੇ ਵਿਰੋਧ ਸਾਕਾਰ ਰੂਪ ਗ੍ਰਹਿਣ ਕਰਦੇ ਜਾਪਦੇ ਹਨ। ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ‘ਕਾਲ਼ੇ ਵਰਕੇ’ ਵਿਚ ਕੈਨੇਡਾ ਦੇ ਆਦਿਵਾਸੀਆਂ ਦੀ ਸਮਾਜੀ-ਸੱਭਿਆਚਾਰਕ ਤ੍ਰਾਸਦੀ ਅਤੇ ਉਹਨਾਂ ਨਾਲ ਹੋਈ ਵਧੀਕੀ ਦਾ ਬਿਰਤਾਂਤ ਮਾਨਵੀ ਹਮਦਰਦੀ ਨਾਲ ਜਿਸ ਤਰ੍ਹਾਂ ਪੇਸ਼ ਹੋਇਆ ਹੈ, ਉਹ ਪੰਜਾਬੀ ਗਲਪ ਸਾਹਿਤ ਲਈ ਇਕ ਨਵਾਂ ਤਜਰਬਾ ਹੈ। ਬਾਕੀ ਕਹਾਣੀਆਂ ਵਿਚ ਵੀ ਪੂੰਜੀਵਾਦ ਦੀ ਬੇਲਗਾਮ ਚੜ੍ਹਤ ਤੇ ਚਮਕ ਦਮਕ ਵਿਚ ਮਨੁੱਖੀ ਤੇ ਸਮਾਜੀ ਰਿਸ਼ਤਿਆਂ ਦੇ ਸੱਚ ਨੂੰ ਵਿਸ਼ਾ ਵਸਤੂ ਬਣਾਇਆ ਗਿਆ ਹੈ। ਜਰਨੈਲ ਸਿੰਘ ਦੀ ਕਥਾ-ਦ੍ਰਿਸ਼ਟੀ ਸਥਿਤੀਆਂ ਦੇ ਵਿਸ਼ਲੇਸ਼ਲ ਰਾਹੀਂ ਸਮਾਜੀ ਯਥਾਰਥ ਪਿੱਛੇ ਲੁਕੇ ਰਾਜਸੀ ਮੰਤਕਾਂ ਦੀ ਪਛਾਣ ਕਰਨ ਦੇ ਵੀ ਸਮਰੱਥ ਹੈ। ਇਹੀ ਗੁਣ ਉਸ ਨੂੰ ਵਿਲੱਖਣ ਕਹਾਣੀਕਾਰ ਦਾ ਦਰਜਾ ਦਿਵਾਉਂਦਾ ਹੈ ਜਿਸ ਦਾ ਪ੍ਰਮਾਣ ‘ਕਾਲ਼ੇ ਵਰਕੇ’ ਹੈ।