- ਪਰਕਾਸ਼ਕ: ਕੈਲੀਬਰ ਪਬਲੀਕੇਸ਼ਨ, ਪਟਿਆਲਾ, ਪੰਜਾਬ, ਭਾਰਤ
‘ਉੱਚੀਆਂ ਆਵਾਜ਼ਾਂ’ ਕਹਾਣੀ ਸੰਗ੍ਰਹਿ ਵਿੱਚ 10 ਕਹਾਣੀਆਂ ਸ਼ਾਮਲ ਹਨ। ਬਲੀਜੀਤ ਨੇ ਸਮਕਾਲੀ ਪੰਜਾਬੀ ਸਮਾਜ ਦੇ ਅਣਗੌਲੇ ਯਥਾਰਥ ਨੂੰ ਪਰਤੀਕਾਤਮਕ ਰੂਪ ਵਿੱਚ ਪੇਸ਼ ਕੀਤਾ ਹੈ। ਲੇਖਕ ਦੀ ਇਨਾਮੀ ਕਹਾਣੀ ‘ਨੂਣ’ ਦੇ ਮੁੱਖ ਪਾਤਰ ਸੌਦਾਗਰ ਅਤੇ ਪ੍ਰਸਿੰਨੀ ਦੇ ਪਰਵਾਰ ਬਾਰੇ ਹੈ। ਉਹ ਆਪਣੇ ਬੱਚਿਆਂ ਲਈ ਚਾਹੁੰਦੇ ਹਨ ਕਿ ਘਰ ਵਿੱਚ ਮੱਝ ਦਾ ਦੁੱਧ ਘਿਓ ਹੋਵੇ। ਆਰਥਿਕ ਹਾਲਤ ਕਮਜ਼ੋਰ ਹੋਣ ਕਰ ਕੇ ਉਹ ਸਿਰਫ ਇਕ ਮਰੀਅਲ ਜਿਹੀ ਕੱਟੀ ਹੀ ਲੈ ਸਕੇ। ਉਨ੍ਹਾਂ ਨੇ ਬੱਚਿਆਂ ਦੇ ਨਾਲ ਨਾਲ ਇਸ ਕੱਟੀ ਨੂੰ ਵੀ ਚਾਈਂ ਚਾਈਂ ਪਾਲਣਾ ਸ਼ੁਰੂ ਕਰ ਦਿੱਤਾ। ਉਹ ਕੱਟੀ ਨੂੰ ਝੋਟੀ ਅਤੇ ਫਿਰ ਮੱਝ ਬਣਦੀ ਦੇਖ ਕੇ ਬੇਹੱਦ ਖੁਸ਼ ਹੁੰਦੇ ਰਹੇ। 10-12 ਸਾਲ ਦੁੱਧ ਦੇਣ ਤੋਂ ਬਾਅਦ ਤੋਕੜ ਹੋਈ ਮੱਝ ਦਾ ਖਰਚਾ ਚੁੱਕਣ ਦੇ ਅਸਮਰਥ ਸੌਦਾਗਰ ਇਸ ਮੱਝ ਨੂੰ ਖਟੀਕਾਂ ਕੋਲ ਵੇਚ ਆਇਆ। ਥੋੜ੍ਹੀ ਦੇਰ ਬਾਅਦ ਹੀ ਸੌਦਾਗਰ ਨੂੰ ਮੁਰਦਾ ਮੱਝ ਚੁੱਕਣ ਦਾ ਸੁਨੇਹਾ ਮਿਲਦਾ ਹੈ, ਤਾਂ ਉਹ ਪਹਿਲਾਂ ਵਾਂਗ ਖੁਸ਼ ਹੋਣ ਦੀ ਥਾਂ ਉਦਾਸ ਹੋ ਜਾਂਦਾ ਹੈ। ਮਰੀ ਮੱਝ ਦਾ ਪੋਸ਼ ਲਾਹ ਕੇ ਜਦੋਂ ਸੌਦਾਗਰ ਉਸ ਦੀ ਖੱਲ ਨੂੰ ਖੱਲਾਂ ਵਾਲੇ ਕਮਰੇ ’ਚ ਵਿਛਾ ਕੇ ਉਸ ਉੱਪਰ ਨੂਣ ਬਰੂਰ ਦਿੰਦਾ ਹੈ ਤਾਂ ਉਹ ਉਸੇ ਖੱਲ ਉੱਪਰ ਬੇਬਸ ਹੋ ਕੇ ਡਿੱਗ ਪੈਂਦਾ ਹੈ। ਗੁਰਮੁਖੀ ਜਿਊਰੀ ਇਸ ਕਹਾਣੀ ਬਾਰੇ ਇਹ ਬਿਆਨ ਦਿੰਦੀ ਹੈ, “ਬਲੀਜੀਤ ਗਰੀਬੀ ਦੇ ਭੰਨੇ ਢੋਰ-ਗੰਵਾਰ ਸਮਝੇ ਜਾਂਦੇ ਚਮਾਰਾਂ ਨੂੰ ਮਾਨਵੀ ਭਾਵਨਾਵਾਂ ਨਾਲ ਲਬਰੇਜ਼ ਇਨਸਾਨਾਂ ਵਾਂਗ ਸਥਾਪਿਤ ਕਰਦਾ ਹੈ”।
‘ਸਿਰ ਦੇ ਵਾਲ’ ਕਹਾਣੀ ਦਿੱਲੀ ਦੇ ਦੰਗਿਆਂ ’ਚ ਹੋਏ ਸਿੱਖ ਕਤਲੇਆਮ ਬਾਰੇ ਹੈ। ਭਾਰਤੀ ਲੋਕਤੰਤਰ ਦੀ ਵਿਡੰਬਣਾ ਇਹ ਹੈ ਕਿ ਇੱਥੇ ਧਾਰਮਿਕ ਪਛਾਣ ਹੀ ਬੰਦੇ ਦੀ ਦੁਸ਼ਮਣ ਬਣ ਜਾਂਦੀ ਹੈ। ਲੇਖਕ ਦੱਸਦਾ ਹੈ ਕਿ ਅਸੀਂ ਅਜੇ ਸਭਿਅਕ ਅਤੇ ਲੋਕਤਾਂਤ੍ਰਿਕ ਮੁੱਲਾਂ ਦੇ ਧਾਰਨੀ ਨਹੀਂ ਬਣ ਸਕੇ।
ਗੁਰਮੁਖੀ ਜਿਊਰੀ ਦਾ ਬਿਆਨ ਇਹ ਹੈ, “ਬਲੀਜੀਤ ਦੇ ਸ਼ਬਦਾਂ ਵਿੱਚ ਇੰਨਾ ਜਾਦੂ ਹੈ ਕਿ ਉਸ ਦੇ ਅੰਦਰ ਲੁਕੇ ਖਿਆਲਾਂ ਦੀ ਆਵਾਜ਼ ਉੱਚੀ ਹੋ ਜਾਂਦੀ ਹੈ ਅਤੇ ਕਹਾਣੀ ਦੇ ਸੁਆਦ ਨੂੰ ਦੁੱਗਣਾ ਕਰ ਦਿੰਦੀ ਹੈ”।
ਬਲੀਜੀਤ ਦੀ ਕਹਾਣੀ ‘ਨੂਣ’ ਵਿੱਚੋਂ:
“ਮ੍ਹੈਸ ਦੀ ਖੱਲ ਲਿਆਕੇ ਉਸਨੇ ਆਪਣੇ ਅਲੱਗ ਕੋਠੇ ਵਿੱਚ ਖੱਲਾਂ ਦੇ ਢੇਰ ਦੇ ਸਭ ਤੋਂ ਉੱਪਰ ਪੁੱਠੀ ਵਿਛਾ ਦਿੱਤੀ। ਪਿਛਲੇ ਗਿਆਰਾਂ ਬਾਰਾਂ ਸਾਲਾਂ ਤੋਂ ਉਹ ਇਸ ਖੱਲ ਦੀ ਵਾਲਾਂ ਵਾਲੇ ਪਾਸੇ ਦੀ ਨਿੱਘੀ ਛੋਹ ਦਾ ਸ਼ੁਦਾਈ ਸੀ। ਅੱਜ ਇਸ ਦੇ ਅੰਦਰ ਤਸਲਾ ਭਰ ਕੇ ਨੂਣ ਬਰੂਰ ਦਿੱਤਾ … ਹਨੇਰੇ ਵਿੱਚ ਬੇਬਸ ਹੋਇਆ ਖੱਲ ਉੱਤੇ ਹੀ ਬੈਠ ਗਿਆ। …ਚੌਂਕੜੀ ਮਾਰ ਲਈ। ਅੱਖਾਂ ਮੀਚ ਲਈਆਂ। ਸੁਦਾਗਰ ਡੱਡੂ ਦੇ ਬਾੜੇ ਵਿੱਚ ਕੱਟੀ ਨਾਲ ਪਹਿਲਾ ਦਿਨ ਯਾਦ ਕਰ ਕੇ ਰੋ ਪਿਆ। ਲੱਤਾਂ, ਗੋਡੇ ਉੱਠਣ ਤੋਂ ਜੁਆਬ ਦੇ ਗਏ।”