‘ਉਸ ਪਲ’ ਦੇ ਕਰਤਾ ਨੌਜਵਾਨ ਕਹਾਣੀਕਾਰ ਸਿਮਰਨ ਧਾਲੀਵਾਲ ਦਾ ਭਾਵੇਂ ਇਹ ਦੂਜਾ ਕਹਾਣੀ-ਸੰਗ੍ਰਿਹ ਹੈ, ਪਰੰਤੂ ਲੇਖਕ ਪਾਸ ਜੀਵਨ ਦੇ ਸਮੱਗਰ ਵਰਤਾਰਿਆਂ ਨੂੰ ਵੇਖਣ, ਸਮਝਣ ਤੇ ਪਰਖਣ ਦੀ ਸਲਾਹੀਅਤ ਉਸ ਨੂੰ ਇਕ ਨਿਪੁੰਨ ਕਹਾਣੀਕਾਰ ਵਜੋਂ ਸਾਹਮਣੇ ਲਿਆਉਂਦੀ ਹੈ। ਕਹਾਣੀਕਾਰ ਵਿਰਸੇ ਤੇ ਵਰਤਮਾਨ ਦੇ ਟਕਰਾਅ ਵਿਚੋਂ ਵਿਰਸੇ ਦਾ ਹਾਂਦਰੂ ਪਰਿਪੇਖ ਉਸਾਰਦਾ ਹੈ ਅਤੇ ਵਰਤਮਾਨ ਦੇ ਉਸ ਨਾਂਹਮੁਖੀ ਕਿਰਦਾਰ ਨੂੰ ਰੱਦ ਕਰਦਾ ਹੈ ਜੋ ਮਾਨਵ ਵਿਰੋਧੀ ਹੈ। ਇਹ ਕਹਾਣੀਆਂ ਲੋਕਧਾਰਾ ਦੇ ਮਹੱਤਵ ਤੋਂ ਲੈ ਕੇ ਜਾਤਪਾਤ ਦੇ ਕੋਹੜ, ਰਿਸ਼ਤਿਆਂ ਦੀ ਕਸ਼ੀਦਗੀ, ਬੰਦੇ ਅੰਦਰ ਲੁਕੇ ਬੰਦੇ ਦੀ ਕਨਾਬਕੁਸ਼ਾਈ, ਆਰਿਥਕ ਪਾੜੇ ਅਤੇ ਇਸਤਰੀ-ਪੁਰਸ਼ ਸੰਬੰਧਾਂ ਦੀ ਪੁਖ਼ਤਗੀ ਤੇ ਪਾਕੀਜ਼ਗੀ ਨੂੰ ਬੜੀ ਬਾਰੀਕੀ ਨਾਲ ਪੇਸ਼ ਕਰਦੀਆਂ ਹਨ। ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ‘ਉਸ ਪਲ’ ਤੋਂ ਬਿਨਾਂ ‘ਮੈਂ ਹੁਣ ਝੂਠ ਨਹੀਂ ਬੋਲਦਾ’ ਨਾਂ ਦੀ ਕਹਾਣੀ ਤਾਂ ਕਹਿਣ ਦੀ ਕਲਾਤਮਕ ਜੁਗਤ ਦਾ ਸ੍ਰੇਸ਼ਟ ਨਮੂਨਾ ਹਨ। ਸਿਮਰਨ ਧਾਲੀਵਾਲ ਪਾਸ ਜੀਵਨ ਦੇ ਸਾਧਾਰਨ ਵੇਰਵਿਆਂ ਵਿਚੋਂ ਅਸਾਧਾਰਨ ਵਿਵੇਕ ਉਸਾਰਨ ਦੀ ਤਾਕਤ ਹੈ। ਉਸਦੀ ਇਹੀ ਤਾਕਤ ਉਸ ਨੂੰ ਸਮਾਜੀ, ਰਾਜਸੀ ਤੇ ਮਨੋਵਿਗਿਆਨਕ ਮਸਲਿਆਂ ਨੂੰ ਸਮਝਣ ਤੇ ਸੁਲਝਾਉਣ ਦੇ ਸਮਰੱਥ ਬਣਾਉਂਦੀ ਹੈ। ਉਸ ਦੀਆਂ ਬਿਰਤਾਂਤ ਜੁਗਤਾਂ, ਪਾਤਰ ਉਸਾਰੀ ਦੀਆਂ ਵਿਧੀਆਂ ਅਤੇ ਭਾਸ਼ਾਈ ਸੰਜਮ ਉਸ ਨੂੰ ਵਿਲੱਖਣ ਕਹਾਣੀਕਾਰ ਬਣਾਉਂਦੇ ਹਨ। ਇਸੇ ਲਈ ਇਹ ਕਹਾਣੀਆਂ ਪੰਜਾਬੀ ਕਹਾਣੀ ਦੇ ਉੱਜਲੇ ਭਵਿਖ ਦੀ ਆਸ ਬੰਨ੍ਹਾਉਂਦੀਆਂ ਹਨ।