ਜ਼ੁਬੈਰ ਅਹਿਮਦ ਦੀ ਕਿਤਾਬ ਕਬੂਤਰ, ਬਨੇਰੇ ਤੇ ਗਲੀਆਂ ਵਿਚਲੀਆਂ ਕਹਾਣੀਆਂ ਸਧਾਰਣ ਅਤੇ ਅਸਧਾਰਣ, ਅਤੇ ਜੋ ਵਾਪਰਦਾ ਹੈ, ਅਤੇ ਜੋ ਵਾਪਰ ਸਕਦਾ ਹੈ, ਦੋਨਾਂ ਤੋਂ ਪ੍ਰੇਰਿਤ ਹਨ। ਪ੍ਰਤੱਖ ਅਤੇ ਅਪ੍ਰਤੱਖ ਕਿਸਮ ਦੀਆਂ ਅਜਿਹੀਆਂ ਘਟਨਾਵਾਂ ਕਲਾਤਮਕ ਬਿਰਤਾਂਤ ਦਾ ਆਧਾਰ ਬਣਦੀਆਂ ਹਨ। ਇੱਥੋਂ ਤੱਕ ਕਿ ਸੁਪਨਿਆਂ ਵਰਗੀਆਂ ਅਘਟਨਾਵਾਂ ਵੀ ਉਸ ਲਈ ਬਿਰਤਾਂਤ ਦੀ ਤਲਾਸ਼ ਕਰ ਰਹੀਆਂ ਅਣਕਹੀਆਂ ਅਤੇ ਅਕੱਥ ਕਹਾਣੀਆਂ ਦੇ ਟੋਟੇ ਹੁੰਦੀਆਂ ਹਨ। ਜ਼ੁਬੈਰ ਦੀਆਂ ਕਹਾਣੀਆਂ ਦਾ ਇੱਕ ਮੁੱਖ ਵਿਸ਼ਾ ਹੈ ਸਮਾਂ; ਕਿਵੇਂ ਇਹ ਚੀਜ਼ਾਂ ਨੂੰ ਬਦਲਦਾ ਹੈ, ਜਿਉਂਦਿਆਂ ਨੂੰ ਮੋਇਆਂ ਕਰਦਾ ਹੈ ਤੇ ਮੋਏ ਨੂੰ ਜਿਉਂਦਾ। ਗਲਪਕਾਰ ਹੋਣ ਸਦਕਾ ਉਹ ਸਮੇਂ ਨੂੰ ਅਲਹਿਦਗੀ ਵਿਚ ਨਹੀਂ ਦੇਖਦਾ। ਸਗੋਂ ਸਮੇਂ ਨੂੰ ਜ਼ਿੰਦਗੀ ਦੇ ਸ਼ਖਸੀ ਅਤੇ ਸਾਂਝੇ ਪੱਖਾਂ ਉੱਤੇ ਛੱਡੇ ਅਸਰਾਂ ਵਿਚੋਂ ਦੇਖਦੇ ਹਾਂ। ਉਸਦੀਆਂ ਕਹਾਣੀਆਂ ਵਿੱਚ ਭੁੱਲਿਆ-ਵਿਸਰਿਆ ਅਤੀਤ ਜਾਣਿਆ-ਪਛਾਣਿਆ ਬਣਕੇ ਉੱਭਰਦਾ ਹੈ ਅਤੇ ਨਾ-ਭੁੱਲਣਯੋਗ ਵਰਤਮਾਨ ਇੱਕ ਅਜਿਹਾ ਰਾਹ ਬਣ ਜਾਂਦਾ ਹੈ ਜਿਹੜਾ ਸਾਜ਼ਿਸ਼ੀ ਅਨਿਸ਼ਚਤਤਾ ਅਤੇ ਅਨਿਸ਼ਚਿਤ ਸਾਜ਼ਿਸ਼ੀ ਨਿਥਾਂ ਵੱਲ ਲਿਜਾਂਦਾ ਹੈ। ਇਹੀ ਉਹ ਸਥਾਨ ਹੈ ਜਿੱਥੇ ਉਸਦੇ ਪਾਤਰ ਵਸਦੇ ਹਨ। ਉਦਰੇਵਾਂ ਸੁਪਨਿਆਂ ਨੂੰ ਜਗਾਉਂਦਾ ਹੈ ਅਤੇ ਸੁਪਨੇ ਉਦਰੇਵਾਂ ਪੈਦਾ ਕਰਦੇ ਹਨ। ਸੰਵੇਦਨਸ਼ੀਲਤਾ ਅਤੇ ਕਲਾਤਮਕ ਗਹੁ ਨਾਲ ਸਿਰਜੀਆਂ ਕਹਾਣੀਆਂ ਦਿਖਾਉਂਦੀਆਂ ਹਨ ਕਿ ਜੋ ਵੀ ਅਸੀਂ ਚੇਤਨ ਅਤੇ ਅਰਧ-ਚੇਤਨ ਪੱਧਰ ਤੇ ਜਿਉਂ ਰਹੇ ਹਾਂ, ਉਹ ਕਿਵੇਂ ਅਤੀਤ, ਜਿਹੜਾ ਅਸੀਂ ਗੁਆ ਚੁੱਕੇ ਹਾਂ ਅਤੇ ਭਵਿੱਖ, ਜਿਸਨੂੰ ਅਸੀਂ ਅਜੇ ਸਮਝਣਾ ਹੈ, ਨਾਲ ਜੁੜਿਆ ਹੋਇਆ ਹੈ।
ਤੁਸੀਂ ਇੱਥੇ ਹੋ:
ਹੋਮ / ਇਨਾਮ ਜੇਤੂ / 2014 ਢਾਹਾਂ ਇਨਾਮ ਜੇਤੂ / Kabutar, Banaire Te Galian