- ਪਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ, ਭਾਰਤ
‘ਭੁੱਖ ਇਉਂ ਸਾਹ ਲੈਂਦੀ ਹੈ’ ਦੀਪਤੀ ਬਬੂਟਾ ਦਾ ਚੌਥਾ ਕਹਾਣੀ ਸੰਗ੍ਰਹਿ ਹੈ। ਉਸ ਦੀਆਂ ਬਹੁਤੀਆਂ ਕਹਾਣੀਆਂ ਸ਼ਹਿਰੀ ਮੱਧਵਰਗ ਦੇ ਜੀਵਨ ਦੇ ਹਰ ਪਹਿਲੂ ’ਤੇ ਚਾਨਣਾ ਪਾਉਂਦੀਆਂ ਹਨ। ਕਹਾਣੀਆਂ ਦੇ ਸਿਰਲੇਖ ਸਵੈ-ਵਿਆਖਿਆਤਮਕ ਅਤੇ ਫੋਟੋਗ੍ਰਾਫਿਕ ਹਨ। ਸਿਰਲੇਖ ਕਹਾਣੀ ‘ਭੁੱਖ ਇਉਂ ਸਾਹ ਲੈਂਦੀ ਹੈ’ ਦੇ ਵਿਸ਼ੇ ਨੂੰ ਕਲਪਨਾ ਵਿਧੀ ਰਾਹੀਂ ਬਿਆਨ ਕੀਤਾ ਗਿਆ ਹੈ। ਕਹਾਣੀ ਦਾ ਕਥਾ-ਵਸਤੂ ਇਕ ਮਸ਼ਹੂਰ ਪੇਸ਼ੇਵਰ ਫੋਟੋਗਰਾਫਰ ‘ਕੈਵਿਨ ਕਾਰਟਰ’ ਦੀ ਤਸਵੀਰ ਦੇ ਪ੍ਰਸੰਗ ਉੱਤੇ ਆਧਾਰਿਤ ਹੈ। ਇਕ ਗਰੀਬ/ਭੁੱਖ ਮਰੇ ਅਫ਼ਰੀਕੀ ਬੱਚੇ ਨੇੜੇ ਇਕ ਗਿਰਝ ਆਪਣੀ ਭੁੱਖ ਮਿਟਾਉਣ ਲਈ ਬੈਠੀ ਦੇਖ ਕੇ ਫੋਟੋਗਰਾਫਰ ਨੇ ਇਸ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਬੰਦ ਕਰ ਲਿਆ। ਇਸ ਫੋਟੋ ਰਾਹੀਂ ਉਹ ਇਕ ਪਾਸੇ ਭੁੱਖ ਦੀ ਤਕਲੀਫ਼ ਨੂੰ ਨਸ਼ਰ ਕਰਦਾ ਹੈ ਅਤੇ ਦੂਜੇ ਪਾਸੇ ਆਪਣੀ ਤਸਵੀਰੀ ਕਲਾ ਦੀ ਭੁੱਖ ਵੀ ਪੂਰੀ ਕਰਦਾ ਹੈ। ਇਸ ਤਸਵੀਰ ਨੂੰ ਕਲਾ ਦਾ ਬਿਹਤਰੀਨ ਨਮੂਨਾ ਦੱਸਿਆ ਗਿਆ ਹੈ। ਬਾਅਦ ਵਿੱਚ ਫੋਟੋਗ੍ਰਾਫਰ ਨੂੰ ਆਪਣੇ ਪਾਪ-ਬੋਧ ਦਾ ਅਹਿਸਾਸ ਹੋਇਆ ਕਿ ਉਹ ਬੱਚੇ ਨੂੰ ਗਿਰਝ ਤੋਂ ਬਚਾ ਨਾ ਸਕਿਆ ਅਤੇ ਉਸ ਨੇ ਆਤਮ-ਹੱਤਿਆ ਕਰ ਲਈ। ਸੁਪਨੇ ਦੀ ਗਲਪ-ਜੁਗਤ ਨਾਲ ਬੁਣੀ ਇਸ ਕਹਾਣੀ ਵਿੱਚ ਲੇਖਕਾ ਪਾਠਕਾਂ ਨੂੰ ਦੱਸਦੀ ਹੈ ਕਿ ਅਜੋਕੀ ਪੂੰਜੀਵਾਦੀ ਪਰਨਾਲੀ ਗਿਰਝ ਵਾਂਗ ਸਾਨੂੰ ਹੜੱਪਣ ਲਈ ਹਮੇਸ਼ਾ ਤਤਪਰ ਹੈ। ਲੇਖਕਾ ਨੇ ਸਰਕਾਰ ਵੱਲੋਂ ਥੋਪੀ ਗਈ ਭੁੱਖ ’ਤੇ ਵਿਅੰਗ ਵੀ ਕੀਤਾ ਹੈ।
‘ਔਖੀ ਘੜੀ’ ਕਹਾਣੀ ਵਿੱਚ ਇਕ ਔਰਤ ਦਾ ਵਕੀਲ ਪਤੀ ਹਵਸ ਦੀ ਭੁੱਖ ਵਿੱਚ ਆਪਣੀ ਸਟੈਨੋਗ੍ਰਾਫ਼ਰ ਨਾਲ ਦੂਜਾ ਵਿਆਹ ਕਰਵਾਉਂਦਾ ਹੈ। ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਸਕੂਲ ਵਿੱਚ ਪੜ੍ਹਾਉਂਦੀ ਹੈ। ਜੁਆਨੀ ਵਿੱਚ ਪੈਰ ਰੱਖਦਿਆਂ ਹੀ ਉਸ ਦੇ ਪੁੱਤਰ ਨੂੰ ਬਰੇਨ ਟਿਊਮਰ ਹੋ ਜਾਂਦਾ ਹੈ। ਓਪਰੇਸ਼ਨ ਵਾਸਤੇ ਪੈਸਿਆਂ ਲਈ ਮਜ਼ਬੂਰੀ ਤਹਿਤ ਉਹ ਆਪਣੇ ਪਤੀ ਅੱਗੇ ਤਰਲਾ ਕਰਦੀ ਹੈ। ਅੰਤ ਵਿੱਚ ਪਤੀ ਚੈੱਕ ਤਾਂ ਫੜਾਉਂਦਾ ਹੈ ਪਰ ਉਸ ਉੱਤੇ ਸੌਕਣ ਦੇ ਦਸਤਖ਼ਤ ਦੇਖ ਕੇ ਔਰਤ ਦੇ ਦਿਲ ’ਤੇ ਬਹੁਤ ਡੂੰਘੀ ਸੱਟ ਪੈਂਦੀ ਹੈ। ਇਹ ਸਮਾਂ ਉਸ ਲਈ ਔਖੀ ਘੜੀ ਬਣ ਜਾਂਦਾ ਹੈ।
ਸੈਂਟ੍ਰਲ ਜਿਊਰੀ ਦਾ ਬਿਆਨ ਇਸ ਤਰ੍ਹਾਂ ਹੈ, “ਲੇਖਕਾ ਦਾ ਇਕ ਹੋਰ ਅਮੀਰੀ ਗੁਣ ਇਹ ਹੈ ਕਿ ਭਾਸ਼ਾ ਅਖਾਣਾਂ ਅਤੇ ਮੁਹਾਵਰੇ ਭਰੀਆਂ ਕਹਾਣੀਆਂ ਰਾਹੀਂ ਉਹ ਆਪਣੇ ਰਚੇ ਹੋਏ ਪਾਤਰਾਂ ਨੂੰ ਪਾਠਕਾਂ ਨਾਲ ਜੋੜ ਦਿੰਦੀ ਹੈ।
ਦੀਪਤੀ ਬਬੂਟਾ ਦੀ ਸਿਰਲੇਖ ਕਹਾਣੀ ‘ਭੁੱਖ ਇਉਂ ਸਾਹ ਲੈਂਦੀ ਹੈ’ ਵਿੱਚੋਂ:
“ਭੁੱਖ ਦੀ ਭੁੱਖ ਨਾਲ ਜੰਗ ਓਨੀ ਹੀ ਪੁਰਾਣੀ ਹੈ, ਜਿੰਨਾ ਪੁਰਾਣਾ ਧਰਤੀ ’ਤੇ ਮਨੁੱਖੀ ਜੀਵਨ। ਭੁੱਖ ਦਾ ਸਹੀ ਸਮੇਂ ਘੋਗਾ ਚਿੱਤ ਨਾ ਕੀਤਾ ਜਾਵੇ ਤਾਂ ਅੱਖ ਝਪਕਣ ਤੋਂ ਪਹਿਲਾਂ ਭੁੱਖ, ਭੁੱਖ ਨੂੰ ਨਿਗਲ ਜਾਂਦੀ ਹੈ। …ਮੈਂ ਭੁੱਖ ਦੇ ਪਿੱਛੇ, ਭੁੱਖ ਮੇਰੇ ਪਿੱਛੇ। ਅੰਦਰ ਭੁੱਖ, ਬਾਹਰ ਭੁੱਖ। ਚਾਰ ਚੁਫੇਰੇ ਭੁੱਖ ਹੀ ਭੁੱਖ। …ਕੈਮਰੇ ਦੀ ਅੱਖ ਭੁੱਖਮਰੀ ਦੀ ਸ਼ਿਕਾਰ ਹੋਈ ਆਪਣੀ ਝੌਂਪੜੀ ਵੱਲ ਰੇਂਗਦੀ ਜਾ ਰਹੀ ਇਥੋਪੀਅਨ ਬੱਚੀ ’ਤੇ ਪਈ। ਕੈਮਰਾ ਗਿਰਝ ਬਣ ਗਿਆ। ਕੈਮਰੇ ਨੇ ਸਭ ਤੋਂ ਕਮਾਲ ਦੀ ਤਸਵੀਰ ਖਿੱਚ ਕੇ ਆਪਣੀ ਭੁੱਖ ਸ਼ਾਂਤ ਕਰ ਲਈ, ਪਰ ਕੈਵਿਨ ਦੀ ਆਤਮਾ ਹਲੂਣੀ ਗਈ।”