‘ਤੱਸੀ ਧਰਤੀ’ ਲਾਹੌਰ, ਪਾਕਿਸਤਾਨ ਵਿਚ ਵਸਦੇ ਬਹੁ-ਵਿਧ ਲੇਖਕ ਜ਼ਾਹਿਦ ਹਸਨ ਦਾ ਸ਼ਾਹਮੁਖੀ ਲਿੱਪੀ ਵਿਚ 2015 ਵਿਚ ਛਪਿਆ ਨਾਵਲ ਹੈ। ਇਹ ਨਾਵਲ ਅਣਵੰਡੇ ਪੰਜਾਬ ਦੇ ਉਸ ਭੋਂ-ਖੰਡ ਤੇ ਉੱਥੋਂ ਦੇ ਲੋਕਾਂ ਦੀ ਬਾਤ ਪਾਉਂਦਾ ਹੈ ਜਿਸ ਨੂੰ ‘ਬਾਰ’ ਵਜੋਂ ਜਾਣਿਆ ਜਾਂਦਾ ਹੈ। ਅੰਗਰੇਜ਼ੀ ਹਕੂਮਤ ਸਮੇਂ ਨਹਿਰੀ ਪਾਣੀ ਦੀ ਸਿੰਚਾਈ ਨਾਲ ਖੇਤੀ ਕਰਨ ਲਈ ਇਸ ਇਲਾਕੇ ਵਿਚ ਜੰਗਲ ਸਾਫ਼ ਕਰਕੇ ਨਵੀਂ ਆਬਾਦੀ ਕੀਤੀ ਗਈ ਸੀ। ਇਸ ਪ੍ਰਸੰਗ ਵਿਚ ਇਹ ਨਾਵਲ ਇਸ ਖਿੱਤੇ ਦੇ ਦੋ ਸੌ ਸਾਲਾਂ ਵਿਚ ਫ਼ੈਲੇ ਬਦਲਦੇ ਇਤਿਹਾਸਕ ਤੇ ਸਮਾਜੀ-ਸੱਭਿਆਚਾਰਕ ਸੱਚ ਨੂੰ ਕਲਾਵੇ ਵਿਚ ਲੈਣ ਦਾ ਯਤਨ ਕਰਦਾ ਹੈ। ‘ਤੱਸੀ ਧਰਤੀ’ (ਯਾਨੀ ਪਿਆਸੀ ਧਰਤੀ) ਵਿਚ ਅੰਗਰੇਜ਼ੀ ਹਕੂਮਤ ਦੌਰਾਨ ਤਬਦੀਲ ਹੋ ਰਹੇ ਸਮਾਜੀ-ਰਾਜਨੀਤਕ ਵਾਤਾਵਰਨ ਵਿਚ ਇਸ ਖਿੱਤੇ ਦੇ ਬਹਾਦਰ ਲੋਕਾਂ ਦੇ ਜੀਣ ਥੀਣ ਦੇ ਸਰੋਕਾਰਾਂ ਅਤੇ ਆਪਣੀ ਹੋਂਦ ਬਣਾਈ ਰੱਖਣ ਲਈ ਉਹਨਾਂ ਦੇ ਬਿਖਮ ਸੰਘਰਸ਼ ਦੀ ਖੂਬਸੂਰਤ ਪੇਸ਼ਕਾਰੀ ਹੋਈ ਹੈ। ਆਂਚਲਕ ਨਾਵਲ ਹੋਣ ਦੇ ਨਾਤੇ ਇਸ ਵਿਚ ਵਰਤੀ ਗਈ ਭਾਸ਼ਾ ਸਮੇਤ ਇਸਦਾ ਮੁਹਾਵਰਾ ਸਥਾਨਕ ਰੰਗਣ ਵਾਲਾ ਹੈ, ਜਿਸ ਰਾਹੀਂ ਲੋਕ ਸੱਭਿਆਚਾਰ ਤੇ ਰਹਿਤਲ ਨੂੰ ਸਾਹਮਣੇ ਲਿਆਂਦਾ ਗਿਆ ਹੈ। ਸਮੁੱਚੇ ਬਿਰਤਾਂਤ ਵਿਚੋਂ ਵੰਡ ਤੋਂ ਪਹਿਲਾਂ ਦੇ ਲੋਕਾਂ ਦੀ ਧਰਮ-ਨਿਰਪੇਖਤਾ ਦੀ ਤਸਵੀਰ ਖੂਬ ਉੱਘੜਦੀ ਹੈ। ਪੰਜਾਬ ਦੇ ਘੱਟ ਚਿੱਤਰੇ ਖੇਤਰ ਨਾਲ ਸੰਬੰਧਿਤ ਸਾਹਿਤਕ ਕਿਰਤ ਹੋਣ ਦੇ ਨਾਤੇ ਸਮੁੱਚੇ ਤੌਰ ‘ਤੇ ਇਹ ਨਾਵਲ ਇਕ ਬਹੁਮੁੱਲੀ ਰਚਨਾ ਹੈ।