‘ਜੰਗਲ ਰਾਖੇ ਜੱਗ ਦੇ’, ਸ਼ਹਿਜ਼ਾਦ ਅਸਲਮ ਦਾ ਸ਼ਾਹਮੁਖੀ ਲਿਪੀ ਵਿੱਚ ਛਪਿਆ ਤੀਜਾ ਕਹਾਣੀ ਸੰਗ੍ਰਹਿ ਹੈ। ਇਸ ਵਿਚਲੀਆਂ ਕਹਾਣੀਆਂ ਦਾ ਥੀਮ ਸਮਾਜਿਕ, ਮਨੋਵਿਗਿਆਨਕ, ਆਰਥਿਕ ਅਤੇ ਸਭਿਆਚਾਰਕ ਸਰੋਕਾਰਾਂ ਤੱਕ ਫੈਲਿਆ ਹੋਇਆ ਹੈ।
ਸਿਰਲੇਖ ਕਹਾਣੀ ‘ਜੰਗਲ ਰਾਖੇ ਜੱਗ ਦੇ’ ਵਿੱਚ ਅੱਜ ਕੱਲ੍ਹ ਦਾ ਬੜਾ ਗੰਭੀਰ ਗਲੋਬਲ ਮੁੱਦਾ ‘ਰੁੱਖਾਂ ਦੀ ਅੰਨ੍ਹੇਵਾਹ ਕਟਾਈ’ ਦੀ ਸਮੱਸਿਆ ਅਤੇ ਇਸ ਦੇ ਭਿਆਨਕ ਨਤੀਜੇ ਬੜੇ ਸੁਚੱਜੇ ਢੰਗ ਨਾਲ ਦਰਸਾਏ ਗਏ ਹਨ। ਭਾਵੇਂ ਸ਼ੇਰਾ, ਜਾਨੀ ਅਤੇ ਉਨ੍ਹਾਂ ਦੇ ਸਾਥੀ ਜੰਗਲ ਨੂੰ ਆਪਣੀਆਂ ਭੈੜੀਆਂ ਕਾਰਵਾਈਆਂ ਦਾ ਅੱਡਾ ਬਣਾ ਲੈਂਦੇ ਹਨ ਪਰ ਚੌਧਰੀ ਕਰਮਦੀਨ ਧੜਾਧੜ ਰੁੱਖ ਕੱਟਣੇ ਸ਼ੁਰੂ ਕਰ ਦਿੰਦਾ ਹੈ। ਜਦੋਂ ਜੰਗਲ ਰੁੱਖਾਂ ਅਤੇ ਪਸ਼ੂ ਪੰਛੀਆਂ ਤੋਂ ਖਾਲੀ ਹੋਣ ਲਗਦਾ ਹੈ ਤਾਂ ਰੁੱਖ ਆਪਣੀ ਹਿਫ਼ਾਜ਼ਤ ਲਈ ਇਸ ਤਰ੍ਹਾਂ ਕਦਮ ਚੁੱਕਦੇ ਹਨ।
“ਅਖੀਰ ਓਨ੍ਹਾਂ ਰੁੱਖਾਂ ‘ਸ਼ੇਰੇ’ ਕੋਲੋਂ ਮਦਦ ਮੰਗਣ ਲਈ ਏਕਾ ਕਰ ਲਿਆ। ਰੁੱਖਾਂ ਦੇ ਸਰਪੰਚ ਬੋਹੜ ਨੇ ਰੈਸਟਹਾਊਸ ਦੇ ਨੇੜੇ ਪੱਖੂਆਂ ਨੂੰ ਵੀ ਸੱਦ ਲਿਆ … ਓਨ੍ਹਾਂ ਸ਼ਹਿਤੂਤ ਜੇਹੇ ਸਨਿਆਸੀ ਰੁੱਖਾਂ ਨਾਲ ਗੱਲ ਕੀਤੀ ਪਰ ਉਹ ਆਪਣੀ ਮੌਜ ਵਿੱਚ ਚੁੱਪ ਰਹੇ…ਇਹ ਫੈਸਲਾ ਸੀ ਕਿ ਸੁਹਾਂਜਨਾ ਈ ਮਨੁੱਖਾਂ ਨਾਲ ਗੱਲ ਕਰ ਸਕਦਾ ਏ।…ਤੋਤੇ, ਘੁੱਗੀਆਂ, ਤਿੱਤਰ, ਤੇ ਚਿੜੀਆਂ ਰਲ਼ ਕੇ ਸੁਹਾਂਜਨਾ ਦੇ ਰੁੱਖ ਉੱਤੇ ਜਾ ਬੈਠੇ” (ਪੰਨਾ 42)।
‘ਮਿੱਟੀ ਦੇ ਭਾਂਡੇ’ ਕਹਾਣੀ ਵਿੱਚ ਲੇਖਕ ਆਪਸੀ ਰਿਸ਼ਤਿਆਂ ਵਿੱਚੋਂ ਮੁਹੱਬਤ ਅਤੇ ਅਪਣੱਤ ਘਟਦੇ ਪਰ ਸੁਆਰਥ ਅਤੇ ਲਾਲਚ ਵੱਧਦੇ ਪੇਸ਼ ਕਰਦਾ ਹੈ। ਰਿਸ਼ਤਿਆਂ ਦੇ ਨਿੱਘ ਅਤੇ ਆਪਣੀ ਜਨਮ ਭੂਮੀ ਦੀ ਮਿੱਟੀ ਦੀ ਖੁਸ਼ਬੋ ਦੀ ਤਲਾਸ਼ ਵਿੱਚ ਕਾਸਿਮ ਜਰਮਨੀ ਵਿਚਲਾ ਕਾਰੋਬਾਰ ਛੱਡ ਕੇ ਆਪਣੇ ਵਤਨ ਆ ਜਾਂਦਾ ਹੈ। ਉਹ ਰਿਸ਼ਤਿਆਂ ਦਾ ਐਸਾ ਵਿਕਰਾਲ ਰੂਪ ਦੇਖਦਾ ਹੈ ਕਿ ਤੁਰੰਤ ਜਰਮਨੀ ਨੂੰ ਮੁੜ ਜਾਂਦਾ ਹੈ।
ਅਸਲਮ ਦੀਆਂ ਕਹਾਣੀਆਂ ਦੇ ਵਿਸ਼ੇ ਵੰਨ ਸੁਵੰਨੇ ਅਤੇ ਵੱਖ ਵੱਖ ਬਿਰਤਾਂਤਕ ਜੁਗਤਾਂ ਜਿਵੇਂ ਵਿਅੰਗ ਅਤੇ ਐਬਸਰਡ ਸ਼ੈਲੀ, ਟੀ.ਵੀ., ਖ਼ਬਰਾਂ, ਜਲੂਸ, ਯਾਦਾਂ, ਸ਼ਾਇਰੀ ਆਦਿ ਦੀ ਸੁਚੱਜੀ ਵਰਤੋਂ ਕੀਤੀ ਗਈ ਹੈ।
“ਬਨਸਪਤੀ ਦੀ ਸ਼ਖਸੀਅਤ ਅਤੇ ਜੀਵੰਤ ਚਿੱਤਰ ਬਹੁਤ ਸਪਸ਼ਟ ਹਨ। ਇਹ ਇੱਕ ਫਿਲਮ ਵਾਂਗ ਜਾਪਦਾ ਹੈ।”
-ਸ਼ਾਹਮੁਖੀ ਜਿਊਰੀ
“ਕਹਾਣੀਆਂ ਸਮਕਾਲ ਨਾਲ ਪ੍ਰਸੰਗਿਕਤਾ ਕਾਇਮ ਰੱਖਣ ਵਿੱਚ ਕਾਮਯਾਬ ਹਨ।”
-ਸੈਂਟ੍ਰਲ ਜਿਊਰੀ