
ਜਿਊਣਾ ਸੱਚ ਬਾਕੀ ਝੂਠ ਕਹਾਣੀ ਸੰਗ੍ਰਹਿ ਰਾਹੀਂ ਹਾਂਸ ਆਪਣੀ ਵਿਲੱਖਣ ਅਤੇ ਉੱਚੇ ਮਿਆਰਾਂ ਵਾਲੀ ਬਿਰਤਾਂਤਕਾਰੀ ਦਾ ਉੱਤਮ ਨਮੂਨਾ ਪੇਸ਼ ਕਰਦਾ ਹੈ। ਇਸ ਸੰਗ੍ਰਹਿ ਦਾ ਵਿਸ਼ਾ ਵਸਤੂ, ਕਲਾ-ਪੱਖ, ਅਤੇ ਦ੍ਰਿਸ਼ਟੀਕੋਣ ਆਪਣੇ ਨਵੇਂਪਣ ਕਰ ਕੇ ਇਕ ਪਾਸੇ ਪਾਠਕਾਂ ਦਾ ਅਤੇ ਦੂਜੇ ਪਾਸੇ ਆਲੋਚਕਾਂ ਦਾ ਉਚੇਚਾ ਧਿਆਨ ਖਿੱਚਣ ਵਿਚ ਸਫ਼ਲ ਰਿਹਾ ਹੈ। ਕਹਾਣੀ ਜਿਊਣਾ ਸੱਚ ਬਾਕੀ ਝੂਠ ਵਿਚ ਉਹ ਦਰਸਾਉਂਦਾ ਹੈ ਕਿ ਹਰੇਕ ਦੀ ਜ਼ਿੰਦਗੀ ਬਹੁਤ ਕੀਮਤੀ ਹੈ। ਹਰ ਮਨੁੱਖ ਦਾ ਆਪਣਾ ਸੱਚ ਵੱਖਰਾ ਅਤੇ ਅਨੋਖਾ ਹੁੰਦਾ ਹੈ ਜੋ ਉਸ ਦੇ ਹਾਲਾਤਾਂ ਉੱਪਰ ਨਿਰਭਰ ਕਰਦਾ ਹੈ।‘ਙ’ ਖਾਲੀ ਨਹੀਂ ਹੁੰਦਾ ਕਹਾਣੀ ਵਿਚ ਇਕ ਗਰੀਬ ਘਰ ਦਾ ਲੜਕਾ ‘ਜਿੰਦੂ’ ਸਰਕਾਰੀ ਸਕੂਲ ਵਿਚ ਪੜ੍ਹਾਈ ਕਰਨ ਲਈ ਜਦੋ-ਜਹਿਦ ਕਰ ਰਹੇ ਨੂੰ ਬੇਪਰਵਾਹ ਅਤੇ ਸ਼ਰਾਰਤੀ ਮੰਨਿਆਂ ਜਾਂਦਾ ਹੈ। ਇਕ ਆਦਰਸ਼ਕ ਅਧਿਆਪਕ ਉਸਦੀ ਯੋਗਤਾ ਅਤੇ ਬੁੱਧੀ ਨੂੰ ਪਛਾਣਦਾ ਅਤੇ ਸਮਝਦਾ ਹੈ। ਉਹ ਜਿੰਦੂ ਨੂੰ ਰਵਾਇਤੀ ਸਿੱਖਿਆ ਦੀ ਥਾਂ ਨਾਟਕੀ ਕਿਰਿਆਵਾਂ ਰਾਹੀਂ ਸਿੱਖਣ ਦੇ ਮੌਕੇ ਪ੍ਰਦਾਨ ਕਰਦਾ ਹੈ। ਹਾਂਸ ਇਸ ਕਹਾਣੀ ਰਾਹੀਂ ਆਪਣੇ ਪਾਠਕਾਂ ਨੂੰ ਇਹ ਸੋਚਣ ‘ਤੇ ਮਜ਼ਬੂਰ ਕਰਦਾ ਹੈ ਕਿ ਕੋਈ ਵੀ ਯੋਗਤਾ ਅਤੇ ਬੁੱਧੀ ਤੋਂ ਖਾਲੀ ਨਹੀਂ ਹੁੰਦਾ। ਉਹ ਸਮਾਜਕ ਅਸਮਾਨਤਾ, ਸਿੱਖਿਆ ਪ੍ਰਨਾਲੀ ਦੀ ਕਠੋਰਤਾ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਵਿਚਕਾਰ ਦੀ ਅਸਮਾਨਤਾ ਤੇ ਪ੍ਰਸ਼ਨ ਚਿੰਨ੍ਹ ਖੜ੍ਹੇ ਕਰਦਾ ਹੈ। ਇਨ੍ਹਾਂ ਕਹਾਣੀਆਂ ਦੇ ਪਾਤਰ ਮਾਨਸਕ ਅਤੇ ਭਾਵਾਤਮਕ ਤਣਾਅ ਵਿਚ ਜਕੜੇ ਹੋਏ ਪੇਸ਼ ਕੀਤੇ ਗਏ ਹਨ। ‘ਲੁਤਰੋ’ ਕਹਾਣੀ ਦੀ ਕੇਂਦਰੀ ਪਾਤਰ ਅੰਤ ਵਿਚ ਆਪਣੀ ਮਾਲਕਣ ਨੂੰ ਦੋ-ਟੁੱਕ ਜਵਾਬ ਦੇ ਦਿੰਦੀ ਹੈ, “ਫਿਰ ਤਾਂ ਬੀਬੀ ਬੇਵਾਹ, ਫੇਰ ਤਾਂ ਛੁੱਟੀ ਕਰਨੀ ਹੀ ਪੈਣੀ ਆਂ, ਭਾਵੇਂ ਮਹੀਨੇ ਦੀ ਤਨਖਾਹ ਕੱਟ ਲਈਂ। ਲੜਾਈ ਤਾਂ ਮੈਂ ਦੇਖਣੀ ਹੀ ਦੇਖਣੀ ਆ।” ਇਹੋ ਜਿਹੀਆਂ ਕਹਾਣੀਆਂ ਪਾਠਕਾਂ ਨੂੰ ਅਹਿਸਾਸ ਕਰਵਾਉਂਦੀਆਂ ਹਨ ਕਿ ਔਕੜਾਂ ਭਰਿਆ ਜੀਵਨ ਆਪਣੀ ਜਗ੍ਹਾ ਅਤੇ ਚਿੱਤ ਨੂੰ ਰਾਜ਼ੀ ਕਰਨ ਵਾਲਾ ਅਨੰਦ ਆਪਣੀ ਜਗ੍ਹਾ।