ਜ਼ੁਬੈਰ ਅਹਿਮਦ
ਲਹੌਰ, ਪੰਜਾਬ, ਪਾਕਿਸਤਾਨ
ਜ਼ੁਬੈਰ ਅਹਿਮਦ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੰਗਰੇਜ਼ੀ ਦੀ ਐਮ.ਏ. ਅਤੇ ਇੰਗਲਿਸ਼ ਲੈਂਗੁਏਜ ਟੀਚਿੰਗ ਵਿਚ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰਾਪਤ ਕੀਤੇ। ਉਹ ਓਲਡ ਇਸਲਾਮੀਆ ਕਾਲਜ ਤੋਂ ਅੰਗਰੇਜ਼ੀ ਸਾਹਿਤ ਦਾ ਸਾਬਕਾ ਐਸੋਸੀਏਟ ਪ੍ਰੋਫ਼ੈਸਰ ਅਤੇ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਪੁਰਜੋਸ਼ ਪ੍ਰਸਤਾਵਕ ਹੈ। ਉਸ ਨੇ ਤਿੰਨ ਵਧੀਆ ਕਹਾਣੀ ਸੰਗ੍ਰਹਿ - ਮੀਂਹ ਬੂਹੇ ਤੇ ਬਾਰੀਆਂ , ਕਬੂਤਰ ਬਨੇਰੇ ਤੇ ਗਲੀਆਂ ਅਤੇ ਪਾਣੀ ਦੀ ਕੰਧ; ਨਜ਼ਮਾਂ ਦੀ ਕਿਤਾਬ ਦੱਮ ਯਾਦ ਨਾ ਕੀਤਾ; ਅਤੇ ਸਾਹਿਤਕ ਆਲੋਚਨਾ ਵਿਚਾਰ ਲੇਖ ਪ੍ਰਕਾਸ਼ਿਤ ਕਰਵਾਏ। ਸਾਲ 2014 ਵਿਚ ਕਬੂਤਰ ਬਨੇਰੇ ਤੇ ਗਲੀਆਂ ਨੂੰ ਬੇਹਤਰੀਨ ਗਲਪ ਦਾ ਖੱਦਰਪੋਸ਼ ਟ੍ਰਸਟ ਵੱਲੋਂ ਇਨਾਮ ਅਤੇ ਸ਼ਾਹਮੁਖੀ ਲਿਪੀ ਵਿੱਚ ਉਦਘਾਟਨੀ ਢਾਹਾਂ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਗਰੀਵਿੰਗ ਫ਼ਾਰ ਪਿਜਨਜ਼ ਨਾਂ ਹੇਠ ਇਸੇ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਪ੍ਰੋ: ਐਨ ਮਰਫੀ ਨੇ ਕੀਤਾ। ਗੈਰ ਲਾਭਵੰਦ ਪੰਜਾਬੀ ਕਿਤਾਬਾਂ ਦੀ ਦੁਕਾਨ 1997-2009 ਤੱਕ ਚਲਾਈ ਅਤੇ ਪਿਛਲੇ ਵਰ੍ਹੇ ਤੋਂ ਮੁੜ ਖੋਲ੍ਹੀ ਗਈ। ਹੁਣ ਉਹ ਅਮਰਜੀਤ ਚੰਦਨ ਨਾਲ ਸਲਾਨਾ ਰਸਾਲਾ ‘ਬਾਰਾਂ ਮਾਂਹ’ ਪ੍ਰਕਾਸ਼ਿਤ ਅਤੇ ਸੰਪਾਦਿਤ ਕਰਦਾ ਹੈ। ਉਹ ਆਪਣੇ ਸਾਹਿਤਕ ਸਫਰ ਬਾਰੇ ਦੱਸਦਾ ਹੈ, "ਆਪਣੀ ਮਾਂ ਦੀਆਂ ਵੰਡ ਤੋਂ ਪਹਿਲਾਂ ਦੀਆਂ ਕਹਾਣੀਆਂ ਨਿੱਤ ਸੁਣਦਿਆਂ, ਮੇਰੇ ਵਿਚ ਅਚੇਤ ਹੀ ਲਿਖਾਰੀ ਪੈਦਾ ਹੋ ਚੁੱਕਿਆ ਸੀ । ਮੈਂ ਉਸ ਨੂੰ ਖੋਦਿਆ, ਲੱਭਿਆ, ਅਤੇ ਕਹਾਣੀਆਂ ਲਿਖਣ ਲੱਗ ਪਿਆ ਜੋ ਮੇਰੀ ਜ਼ਿੰਦਗੀ, ਲੋਕਾਂ, ਆਲੇ ਦੁਆਲੇ, ਅਤੇ ਲਾਹੌਰ ਸ਼ਹਿਰ ਨਾਲ ਜੁੜੀਆਂ ਹੋਈਆਂ ਹਨ। ਲਾਹੌਰ ਮੇਰੇ ਵਿਚ ਹੈ ਅਤੇ ਮੈਂ ਲਾਹੌਰ ਵਿਚ ਹਾਂ।"