ਜ਼ਾਹਿਦ ਹਸਨ
ਜ਼ਾਹਿਦ ਹਸਨ (ਅਸਲੀ ਨਾਮ ਜ਼ਾਹਿਦ ਹੁਸੈਨ) ਝੋਕ ਪੀਰਾਂ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ ਵਿਚ ਪੈਦਾ ਹੋਇਆ ਸੀ। ਉਹ 1985 ਵਿਚ ਲਾਹੌਰ ਆ ਵਸਿਆ। ਏਥੇ ਉਸ ਨੇ ਵੱਖ ਵੱਖ ਅਖਬਾਰਾਂ, ਰਿਸਾਲਿਆਂ ਤੋਂ ਇਲਾਵਾ ‘ਗੋਰ ਪਬਲੀਕੇਸ਼ਨ’, ‘ਪੰਜਾਬੀ ਅਦਬੀ ਬੋਰਡ’ ਅਤੇ ‘ਮਨੁੱਖੀ ਅਧਿਕਾਰ ਕਮਿਸ਼ਨ’ ਵਿਚ ਕੰਮ ਕੀਤਾ। ਉਹ ਪੰਜਾਬੀ ਅਤੇ ਉਰਦੂ ਵਿਚ ਛਪਣ ਵਾਲੇ ‘ਪੰਜਾਬੀ ਅਦਬ’, ‘ਅਦਬ ਏ ਲਤੀਫ਼’ ਅਤੇ ‘ਕਹਾਣੀ ਘਰ’ ਵਰਗੇ ਰਿਸਾਲਿਆਂ ਦਾ ਐਡੀਟਰ ਵੀ ਰਹਿ ਚੁੱਕਿਆ ਹੈ। ਪੰਜਾਬੀ ਵਿਚ ਫ਼ਿਕਸ਼ਨ, ਸ਼ਾਇਰੀ, ਖੋਜ ਪਰਖ ਦੇ ਹਵਾਲੇ ਨਾਲ ਉਸਦੀਆਂ ਇਕ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ। ਇਹਨਾਂ ਵਿਚ ਚਾਰ ਨਾਵਲ ‘ਇਸ਼ਕ ਲਤਾੜੇ ਆਦਮੀ’, ‘ਗਲੀਚਾ ਉਣਨ ਵਾਲੀ’, ‘ਕਿੱਸਾ ਆਸ਼ਿਕਾਂ’, ‘ਤੱਸੀ ਧਰਤੀ’ ਅਤੇ ਇਕ ਕਹਾਣੀਆਂ ਦਾ ਪਰਾਗਾ ‘ਪੰਜਾਹ ਵਰ੍ਹਿਆਂ ਦੀ ਉਦਾਸੀ’ ਸ਼ਾਮਲ ਹਨ। ਪਾਕਿਸਤਾਨ ਦੀ ਅਦਬੀ ਅਕੈਡਮੀ ਦਾ ‘ਵਾਰਿਸ ਸ਼ਾਹ ਅਵੌਰਡ’ ਅਤੇ ‘ਮਸਊਦ ਖੱਦਰਪੋਸ਼ ਅਵੌਰਡ’ ਵਰਗੇ ਵਕਾਰੀ ਇਨਾਮ ਉਸਦੀ ਝੋਲੀ ਪੈ ਚੁੱਕੇ ਹਨ।
ਜ਼ਾਹਿਦ ਹਸਨ ਆਪਣੀਆਂ ਕਹਾਣੀਆਂ ਦਾ ਮਵਾਦ ਪੰਜਾਬ ਦੇ ਰੀਤ ਰਿਵਾਜ, ਕਲਚਰ ਤੇ ਕਿੱਸੇ ਕਹਾਣੀਆਂ ਤੋਂ ਲੈਂਦਾ ਹੈ। ਉਹਦਾ ਮੰਨਣਾ ਹੈ ਕਿ ਪੰਜਾਬ ਏਨਾ ਜ਼ਰਖੇਜ਼ ਹੈ ਜੋ ਇਹਦੇ ਬਾਰੇ ਲਿਖਦਿਆਂ ਸਾਡੀ ਹਯਾਤੀ ਮੁੱਕ ਸਕਦੀ ਏ। ਅਤੇ ਇਹਦੇ ਲਿਖੇ ਕਿੱਸਿਆਂ ਕਹਾਣੀਆਂ ਦਾ ਕੋਈ ਅੰਤ ਨਹੀਂ। ਉਸਦਾ ਕਹਿਣਾ ਹੈ ਕਿ ਪੰਜਾਬੀ ਨੂੰ ਸੰਸਾਰ ਦੀਆਂ ਦੂਜੀਆਂ ਵੱਡੀਆਂ ਜ਼ੁਬਾਨਾਂ ਦੇ ਸੰਗ ਖੜ੍ਹਾ ਕਰਨ ਲਈ ਇਹਦੇ ਵਿਚ ਵੱਧ ਤੋਂ ਵੱਧ ਕੰਮ ਕਰਨਾ ਜ਼ਰੂਰੀ ਏ। ਉਸ ਮੁਤਾਬਕ ਪੰਜਾਬੀ ਵਿਚ ਪਹਿਲਾਂ ਹੋਏ ਨਿੱਗਰ ਕੰਮ ਨੂੰ ਮੌਡਰਨ ਤਰੀਕੇ ਨਾਲ ਸੰਭਾਲਣ ਤੇ ਨਵੇਂ ਲਿਖਾਰੀਆਂ ਨੂੰ ਸੁਚੱਜੇ ਢੰਗ ਨਾਲ ਆਪਣੀਆਂ ਲਿਖਤਾਂ ਵਿਚ ਉਹਨੂੰ ਵਰਤਣ ਦੀ ਲੋੜ ਹੈ।