ਸੁਰਿੰਦਰ ਨੀਰ
ਕਸ਼ਮੀਰ, ਭਾਰਤ
ਸੁਰਿੰਦਰ ਨੀਰ ਤਰਾਲ, ਕਸ਼ਮੀਰ ਦੀ ਲੇਖਿਕਾ ਕਸ਼ਮੀਰੀ, ਡੋਗਰੀ, ਗੋਜਰੀ ਅਤੇ ਉਰਦੂ ਭਾਸ਼ਾਵਾਂ ਵਿੱਚ ਨਿਪੁੰਨ ਹੋਣ ਦੇ ਨਾਲ ਨਾਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀ ਮੁਹਾਰਤ ਵੀ ਰੱਖਦੀ ਹੈ। ਉਹ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਸਰਕਾਰੀ ਵਿਭਾਗ ਵਿੱਚ ਕਾਰਜਸ਼ੀਲ ਹੈ।
ਨੀਰ ਦੇ ਮਾਤਾ ਜੀ ਬੜੀ ਦਿਲਚਸਪੀ ਨਾਲ ਲੋਕ ਕਥਾਵਾਂ ਸੁਣਾਉਂਦੇ ਸਨ ਜਿਨ੍ਹਾਂ ਨੇ ਉਸ ਦੇ ਅੰਦਰ ਕਹਾਣੀਆਂ ਲਿਖਣ ਦੀ ਚੇਟਕਾ ਲਾਈ। ਉਸ ਨੂੰ ਆਪਣੇ ਸਥਾਪਿਤ ਕਹਾਣੀਕਾਰ/ਸ਼ਾਇਰ ਮਾਮਾ ਜੀ ਤੋਂ ਵੀ ਪ੍ਰੇਰਨਾ ਮਿਲੀ ਜਿਸ ਨੇ ਉਸ ਦਾ ਤਖੱਲਸ ‘ਨੀਰ’ ਰੱਖ ਦਿੱਤਾ। ਉਸ ਨੇ ਪਹਿਲੀ ਕਹਾਣੀ ‘ਅੱਖਰਾਂ ਦੀ ਆਬਰੂ’ ਟੈਗੋਰ ਹਾਲ, ਸ੍ਰੀਨਗਰ ਵਿਖੇ ਪੜ੍ਹੀ ਸੀ। ਨੀਰ ਦੱਸਦੀ ਹੈ, “ਉੱਥੇ ਹੀ ਸਾਹਿਤਕਾਰ ਬਲਜੀਤ ਸਿੰਘ ਰੈਨਾ ਨੇ ਉਨ੍ਹਾਂ ਅੱਖਰਾਂ ਦੀ ਆਬਰੂ ਰੱਖਦਿਆਂ ਮੈਨੂੰ ਆਪਣੇ ਜੀਵਨ ਦੀ ਅਤੇ ਸਾਹਿਤ ਦੀ ਸਾਥਣ ਬਣਾ ਲਿਆ।”
ਉਹ ਤਿੰਨ ਨਾਵਲ; ‘ਸ਼ਿਕਾਰਗਾਹ’, ‘ਮਾਇਆ’ ਅਤੇ ‘ਚਸ਼ਮੇ ਬੁਲ ਬੁਲ’ ਅਤੇ ਤਿੰਨ ਕਹਾਣੀ ਸੰਗ੍ਰਹਿ; ‘ਦਸਤਕ ਦੀ ਉਡੀਕ’, ‘ਖੁੱਲ੍ਹ ਜਾ ਸਿਮ-ਸਿਮ’ ਅਤੇ ‘ਟੈਬੂ’ ਪ੍ਰਕਾਸ਼ਿਤ ਕਰਵਾ ਚੁੱਕੀ ਹੈ। ਉਹ ਕਈ ਸਾਹਿਤਕ ਸਭਾਵਾਂ ਨਾਲ ਸੰਬੰਧਿਤ ਹੈ। ਉਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ‘ਜੰਮੂ ਅਤੇ ਕਸ਼ਮੀਰ ਦੇ ਉੱਘੇ ਪੰਜਾਬੀ ਲੇਖਕ’, ਜੰਮੂ ਅਤੇ ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਭਾਸ਼ਾ ਵੱਲੋਂ ‘ਸਰਵੋਤਮ ਪੁਸਤਕ ਪੁਰਸਕਾਰ’ ਸਮੇਤ ਹੋਰ ਵੀ ਪੁਰਸਕਾਰ ਮਿਲੇ ਹਨ।