ਸ਼ਹਿਜ਼ਾਦ ਅਸਲਮ
ਲਹੌਰ, ਪੰਜਾਬ, ਪਾਕਿਸਤਾਨ
ਸ਼ਹਿਜ਼ਾਦ ਅਸਲਮ ਨੇ ਆਪਣੇ ਅਨਪੜ੍ਹ ਮਾਪਿਆਂ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ। ਅੱਜ ਕੱਲ੍ਹ ਉਹ ਅਦਾਲਤ ਦੇ ਜੱਜ ਵਜੋਂ ਕੰਮ ਕਰ ਰਿਹਾ ਹੈ।
ਕਾਨੂੰਨੀ ਖੋਜ ਦੇ ਰੁਝੇਵਿਆਂ ਵਿੱਚ ਅਸਲਮ ਬੋਰੀਅਤ ਦਾ ਸ਼ਿਕਾਰ ਹੋ ਗਿਆ ਸੀ। ਗਲਪ ਲਿਖਣ ਨਾਲ ਉਸ ਦੀ ਬੋਰੀਅਤ ਵੀ ਦੂਰ ਹੋਈ ਅਤੇ ਜ਼ਿੰਦਗੀ ਜਿਊਣ ਲਈ ਨਵੀਂ ਊਰਜਾ ਵੀ ਪ੍ਰਦਾਨ ਹੋਈ। ਉਸ ਦੇ ਪਹਿਲੇ ਕਹਾਣੀ ਸੰਗ੍ਰਹਿ ‘ਵਾਵਰੋਲੇ’ ਨੂੰ ‘ਸੁਲੇਖ ਇਨਾਮ’ ਮਿਲਿਆ। ਦੂਜੇ ਸੰਗ੍ਰਹਿ ‘ਦਰਿਆਵਾਂ ਦੇ ਹਾਣੀ’ ਨੂੰ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ, ਆਰਟ ਐਂਡ ਕਲਚਰ, ਲਹੌਰ ਵੱਲੋਂ ਪਹਿਲੇ ਇਨਾਮ ਨਾਲ ਸਨਮਾਨਤ ਕੀਤਾ ਗਿਆ। ਇਸੇ ਕਿਤਾਬ ਨੂੰ ਢਾਹਾਂ ਪ੍ਰਾਈਜ਼, 2022 ਦੀ ਛੋਟੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ।
“ਲਿਖਣਾ ਮੇਰੇ ਲਈ ਸੱਚ ਦੀ ਖੋਜ ਕਰਨ ਅਤੇ ਆਪਣੇ ਆਪ ਨੂੰ ਖੋਜਣ, ਸਮਝਣ ਅਤੇ ਦੂਜਿਆਂ ਨੂੰ ਸਮਝਣ ਲਈ ਇੱਕ ਕੁੰਜੀ ਹੈ। ਆਪਣੀ ਮਾਂ ਬੋਲੀ ਵਿੱਚ ਗਲਪ ਲਿਖਣਾ ਹੀ ਅਜਿਹੀ ਖੋਜ ਅਤੇ ਮੁਕਤੀ ਦਾ ਪੱਕਾ ਸਰੋਤ ਹੈ। ਟੁੱਟ ਰਹੀ ਦੁਨੀਆਂ ਵਿੱਚ, ਗਲਪ ਹੀ ਮੇਰੀ ਇੱਕੋ ਇੱਕ ਪਨਾਹ ਹੈ।”
-ਸ਼ਹਿਜ਼ਾਦ ਅਸਲਮ