ਹਰਪ੍ਰੀਤ ਸੇਖਾ
ਹਰਪ੍ਰੀਤ ਸੇਖਾ ਸਰੀ ਨਿਵਾਸੀ ਕੈਨੇਡੀਅਨ ਪੰਜਾਬੀ ਲੇਖਕ ਹੈ, ਜਿਸਨੇ 1988 ਵਿਚ ਆਪਣੇ ਮਾਪਿਆਂ ਨਾਲ ਕਨੇਡਾ ਪਰਵਾਸ ਕੀਤਾ। ਉਸਨੇ ਮਕੈਨੀਕਲ ਇੰਜਨੀਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਇਸ ਸਮੇਂ ਉਹ ਕੰਪਿਊਟਰ ਨਿਉਮੈਰੀਕਲ ਕੰਟਰੋਲ ਮਸ਼ੀਨਿਸਟ ਵਜੋਂ ਕੰਮ ਕਰਦਾ ਹੈ। ਉਸਦਾ ਸਿਰਜਣਾਤਮਕ ਕੰਮ ਕਨੇਡਾ ਵਸਦੇ ਸਾਊਥ ਏਸ਼ੀਅਨ ਲੋਕਾਂ ਦੇ ਅਨੁਭਵਾਂ ਅਤੇ ਉਨ੍ਹਾਂ ਦੇ ਹੋਰ ਭਾਈਚਾਰਿਆਂ ਨਾਲ ਸੰਬੰਧਾਂ ਦੁਆਲੇ ਕੇਂਦਰਤ ਹੈ। ਨਾ-ਬਰਾਬਰੀ, ਪੀੜ੍ਹੀ ਪਾੜਾ ਅਤੇ ਪਰਵਾਸ ਅਨੁਭਵ ਵਰਗੇ ਵਿਸ਼ੇ ਉਸਦੀਆਂ ਕਹਾਣੀਆਂ ਦੇ ਮੁਖ ਸਰੋਕਾਰ ਹਨ। ਉਸਦੀਆਂ ਪ੍ਰਕਾਸ਼ਤ ਪੁਸਤਕਾਂ ਵਿਚ ਕਹਾਣੀ ਸੰਗ੍ਰਹਿ ‘ਬੀ ਜੀ ਮੁਸਕਰਾ ਪਏ ’(2006) ਅਤੇ ‘ਬਾਰਾਂ ਬੂਹੇ ’(2013) ਤੋਂ ਇਲਾਵਾ ਸਾਲ 2011 ਵਿਚ ਛਪੀ ਵਾਰਤਕ ‘ਟੈਕਸੀਨਾਮਾ’ ਵੀ ਸ਼ਾਮਲ ਹੈ। ਹਰਪ੍ਰੀਤ ਨੇ ਇਤਿਹਾਸਕਾਰ ਹਿਊ ਜੌਹਨਸਟਨ ਦੀ ਵੱਡਮੁੱਲੀ ਕਿਤਾਬ ਜਿਊਲਜ਼ ਆਫ ਦੀ ਕਿਲਾ’ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਅਤੇ ਇਹ ਕਿਤਾਬ ਪੰਜਾਬੀ ਵਿਚ ‘ਕਿਲੇ ਦੇ ਮੋਤੀ ’(2017) ਨਾਂ ਹੇਠ ਛਪੀ ਹੈ। ਉਘੇ ਰਿਸਾਲਿਆਂ ਵਿਚ ਛਪਦੀਆਂ ਰਹੀਆਂ ਹਰਪ੍ਰੀਤ ਦੀਆਂ ਕਹਾਣੀਆਂ ਨਾਮਵਰ ਆਲੋਚਕਾਂ ਵੱਲੋਂ ਸਲਾਹੀਆਂ ਗਈਆਂ ਹਨ। ਹਰਪ੍ਰੀਤ ਦੇ ਸਾਹਿਤਕ ਕੰਮਾਂ ਨੂੰ ਅਕਾਦਮਿਕ ਮਾਣਤਾ ਵੀ ਪ੍ਰਾਪਤ ਹੋਈ ਹੈ। ਉਸਦੀਆਂ ਕਹਾਣੀਆਂ ਭਾਰਤ ਦੇ ਸਕੂਲ ਸਿੱਖਿਆ ਬੋਰਡਾਂ ਅਤੇ ਯੂਨੀਵਰਸਿਟੀਆਂ ਵਿਚ ਪਾਠ ਪੁਸਤਕਾਂ ਵਜੋਂ ਪੜ੍ਹਾਏ ਜਾਂਦੇ ਸੰਗ੍ਰਹਾਂ ਵਿਚ ਸ਼ਾਮਲ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਪੰਜਾਬੀ ਐੱਮ ਏ ਦੇ ਕੋਰਸ ਵਿਚ ਉਸਦੀ ਕਿਤਾਬ ‘ਟੈਕਸੀਨਾਮਾ’ ਸ਼ਾਮਲ ਰਹੀ ਹੈ ਅਤੇ ਉਸ ਦੀਆਂ ਕਹਾਣੀਆਂ ਨੂੰ ਐਮ ਫਿਲ ਪੱਧਰ ਤਕ ਦੀ ਖੋਜ ਲਈ ਵੀ ਚੁਣਿਆ ਗਿਆ ਹੈ। ਹਰਪ੍ਰੀਤ ਦੀਆਂ ਕੁਝ ਕਹਾਣੀਆਂ `ਤੇ ਅਧਾਰਤ ਨਾਟ ਸਕਰਿਪਟ ਤਿਆਰ ਕਰਕੇ ਪੰਜਾਬੀ ਦੇ ਨਾਮੀ ਨਾਟਕਕਾਰਾਂ ਨੇ ਉਹਨਾਂ ਦਾ ਮੰਚਨ ਵੀ ਕੀਤਾ ਹੈ।