ਹਰਕੀਰਤ ਕੌਰ ਚਹਿਲ, ਚਿਲੀਵੈਕ
ਚਿਲੀਵੈਕ, ਬੀ ਸੀ, ਕੈਨੇਡਾ
ਹਰਕੀਰਤ ਕੌਰ ਚਹਿਲ ਨੇ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐਸ.ਸੀ. ਅਤੇ ਕਾਲਜ ਆਫ਼ ਐਗਰੀਕਲਚਰ ਤੋਂ ਬੀ.ਐੱਡ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਕਾਲਜ ਸਮੇਂ ਤੋਂ ਹੀ ਸਾਹਿਤਕ ਅਤੇ ਸਭਿਆਚਾਰਕ ਗਤੀ-ਵਿਧੀਆਂ ਵਿਚ ਕਾਫ਼ੀ ਸਰਗਰਮ ਸੀ। ਉਹ ਪੰਜਾਬ ਦੇ ਸੁਪ੍ਰਸਿੱਧ ਲੋਕ ਨਾਚ ਗਿੱਧੇ ਦੀ ਕੈਪਟਨ ਸੀ। ਪੜ੍ਹਾਈ ਉਪਰੰਤ ਉਹ ਇਕ ਸਕੂਲ ਅਧਿਆਪਕਾ ਬਣੀ ਅਤੇ ਫਿਰ ਪਟਿਆਲੇ ਦੇ ਇਕ ਸਕੂਲ ਵਿਚ ਪ੍ਰਿੰਸੀਪਲ ਵਜੋਂ ਜ਼ਿੰਮੇਵਾਰੀ ਨਿਭਾਈ। ਸਾਲ 2005 ਵਿੱਚ ਪਰਿਵਾਰ ਸਮੇਤ ਵੈਨਕੂਵਰ, ਕੈਨੇਡਾ ਆ ਵਸੀ। ਸਕੂਲ ਵਿੱਚ ਪੜ੍ਹਾਉਂਦੇ ਸਮੇਂ ਉਸ ਨੇ ਲਿਖਣਾ ਸ਼ੁਰੂ ਕੀਤਾ। ਇਕ ਕਹਾਣੀ ਸੰਗ੍ਰਹਿ - ਪਰੀਆਂ ਸੰਗ ਪਰਵਾਜ਼ (2016); ਤਿੰਨ ਨਾਵਲ - ਤੇਰੇ ਬਾਝੋਂ (2017),ਥੋਹਰਾਂ ਦੇ ਫੁੱਲ (2018), ਆਦਮ-ਗ੍ਰਹਿਣ (2018) ਅਤੇ ਇਕ ਸਵੈਜੀਵਨੀ ਇੰਜ ਪ੍ਰਦੇਸਣ ਹੋਈ ਪ੍ਰਕਾਸ਼ਿਤ ਹੋਏ। ਆਦਮ-ਗ੍ਰਹਿਣ ਸ਼ਾਹਮੁਖੀ ਵਿਚ ਅਨੁਵਾਦ ਹੋ ਕੇ ਪਾਕਿਸਤਾਨ ਵਿਚ ਛਪਿਆ। ਇਸ ਕਿਤਾਬ ਦਾ ਹਿੰਦੀ ਅਨੁਵਾਦ ਵੀ ਛਪ ਚੁੱਕਾ ਹੈ। ਹੁਣ ਉਹ ਆਪਣਾ ਲਾਹੌਰ ਦਾ ਸਫ਼ਰਨਾਮਾ ਲੱਠੇ ਲੋਕ ਲਾਹੌਰ ਦੇ ਲਿਖ ਰਹੀ ਹੈ। ਉਸ ਦੀ ਇਕ ਕਹਾਣੀ ਅਧੂਰੇ ਖ਼ਤ ਉੱਤੇ ਟੈਲੀ ਫ਼ਿਲਮ ਵੀ ਬਣ ਚੁੱਕੀ ਹੈ। ਪੰਜਾਬ ਦੇ ਕਈ ਸਾਹਿਤਕ ਅਦਾਰਿਆਂ ਵਲੋਂ ਮਾਨ ਸਨਮਾਨ ਵੀ ਮਿਲੇ ਹਨ।