ਪਰਗਟ ਸਿੰਘ ਸਤੌਜ
ਪਰਗਟ ਸਿੰਘ ਸਤੌਜ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਪਿੰਡ ਦੇ ਸਾਧਾਰਨ ਕਿਸਾਨੀ ਪਰਿਵਾਰ ਵਿਚ 1981 ਵਿਚ
ਜਨਮਿਆ ਸੀ। ਗ੍ਰੈਜੂਏਸ਼ਨ ਤੋਂ ਪਿੱਛੋਂ ਉਹ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ ਸੀ ਅਤੇ ਸਾਲ 2006 ਤੋਂ ਹੁਣ ਤਕ ਇਹੋ
ਅਧਿਆਪਨ ਦਾ ਕਾਰਜ ਕਰਦਾ ਆ ਰਿਹਾ ਹੈ। ਨੌਕਰੀ ਦੇ ਨਾਲ ਨਾਲ ਹੀ ਉਸਨੇ ਪੰਜਾਬੀ ਅਤੇ ਇਤਿਹਾਸ ਦੇ ਵਿਸ਼ੇ ਵਿਚ ਐੱਮ.ਏ.
ਦੀ ਡਿਗਰੀ ਹਾਸਲ ਕੀਤੀ ਹੈ। ਲਿਖਣਾ ਉਸਨੇ ਛੋਟੀ ਉਮਰੇ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਇਕ ਕਹਾਣੀ ਦੇ ਰੂਪ ਵਿਚ ਉਸਦੀ
ਪਹਿਲੀ ਰਚਨਾ 2002 ਵਿਚ ਛਪੀ ਸੀ। ਸਤੌਜ ਦੀ ਪਹਿਲ ਪਲੇਠੀ ਦੀ ਪੁਸਤਕ ‘ਤੇਰਾ ਪਿੰਡ’ ਕਾਵਿ ਸੰਗ੍ਰਹਿ ਸੀ, ਜਿਸਦਾ ਪ੍ਰਕਾਸ਼ਨ
2008 ਵਿਚ ਹੋਇਆ। ਪਰ ਇਸਤੋਂ ਮਗਰੋਂ ਉਸਨੇ ਆਪਣਾ ਸਾਰਾ ਧਿਆਨ ਗਲਪ ਰਚਨਾ ਵੱਲ ਮੋੜ ਦਿੱਤਾ। ਹੁਣ ਤਕ ਉਸਦੇ ਤਿੰਨ
ਨਾਵਲ ਅਤੇ ਇਕ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਉਸਦੇ ਪਹਿਲੇ ਦੋ ਨਾਵਲਾਂ ‘ਭਾਗੂ’ (2009) ਅਤੇ ‘ਤੀਵੀਆਂ’ (2012)
ਦਾ ਪੰਜਾਬੀ ਸਾਹਿਤ-ਜਗਤ ਵਿਚ ਭਰਪੂਰ ਸੁਆਗਤ ਹੋਇਆ ਹੈ ਅਤੇ ਦੋਵੇਂ ਹੀ ਨਾਵਲ ਇਕ ਤੋਂ ਵੱਧ ਐਡੀਸ਼ਨਾਂ ਵਿਚ ਛਪ ਚੁੱਕੇ ਹਨ।
ਸੂਬਾਈ ਅਤੇ ਸਥਾਨਕ ਪੱਧਰ ਉਤੇ ਤਾਂ ਲੇਖਕ ਵਜੋਂ ਪਰਗਟ ਸਿੰਘ ਸਤੌਜ ਦੀ ਪਛਾਣ ਛੇਤੀ ਹੀ ਹੋਣ ਲੱਗੀ ਸੀ ਅਤੇ ਕਈ ਇਨਾਮ
ਸਨਮਾਨ ਉਸਦੀ ਝੋਲੀ ਪਏ। ਪਰ ਉਸਦੀ ਸਿਰਜਣਾਤਮਕ ਪ੍ਰਤਿਭਾ ਨੂੰ ਕੌਮੀ ਪੱਧਰ ਉੱਤੇ ਪ੍ਰਵਾਨਗੀ ਉਦੋਂ ਮਿਲੀ ਜਦੋਂ ਨਾਵਲ
‘ਤੀਵੀਆਂ’ ਲਈ ਉਸਨੂੰ ਸਾਲ 2012 ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ‘ਯੁਵਾ ਸਾਹਿਤਕਾਰ’ ਦੇ ਵਕਾਰੀ ਇਨਾਮ ਚੁਣਿਆ
ਗਿਆ। ਸਾਲ 2014 ਵਿਚ ਛਪੀ ਉਸਦੀ ਕਹਾਣੀਆਂ ਦੀ ਕਿਤਾਬ ‘ਗ਼ਲਤ ਮਲਤ ਜ਼ਿੰਦਗੀ’ ਦਾ ਵੀ ਚੰਗਾ ਸੁਆਗਤ ਹੋਇਆ ਸੀ
ਅਤੇ ਇਸ ਪੁਸਤਕ ਵਿਚਲੀਆਂ ਕਈ ਕਹਾਣੀਆਂ ਹਿੰਦੀ,ਉਰਦੂ ਤੇ ਰਾਜਸਥਾਨੀ ਵਿਚ ਅਨੁਵਾਦ ਹੋ ਕੇ ਛਪ ਚੁੱਕੀਆਂ ਹਨ। ਨਾਵਲ
‘ਭਾਗੂ’ ਅਤੇ ਕਹਾਣੀਆਂ ਦੀ ਪੁਸਤਕ ‘ਗ਼ਲਤ ਮਲਤ ਜ਼ਿੰਦਗੀ’ ਦਾ ਸ਼ਾਹਮੁਖੀ ਵਿਚ ਲਿਪੀਅੰਤਰਨ ਹੋ ਚੁੱਕਿਆ ਹੈ। ਪਰਗਟ ਸਿੰਘ
ਸਤੌਜ ਦੀਆਂ ਸਮੁੱਚੀਆਂ ਲਿਖਤਾਂ ਕਿਸਾਨੀ ਸਮਾਜ ਅਤੇ ਨਿਮਨ ਮਧ ਵਰਗ ਦੇ ਜੀਵਨ ਦੀਆਂ ਪਰਤਾਂ ਦੀ ਡੂੰਘੀ ਪਛਾਣ ਦੇ ਨਾਲ
ਨਾਲ ਬੋਲੀ ਸ਼ੈਲੀ ਉੱਤੇ ਮੁਹਾਰਤ ਅਤੇ ਗਲਪੀ ਜੁਗਤਾਂ ਦੀ ਕੁਸ਼ਲ ਵਰਤੋਂ ਦਾ ਪ੍ਰਮਾਣ ਦਿੰਦੀਆਂ ਹਨ। ਉਸ ਦਾ ਤੀਜਾ ਅਤੇ ਸੱਜਰਾ
ਨਾਵਲ ‘ਖਬਰ ਇਕ ਪਿੰਡ ਦੀ’ ਸਾਲ 2016 ਵਿਚ ਛਪਿਆ ਸੀ, ਜਿਸਨੂੰ ਪੰਜਾਬੀ ਸਾਹਿਤ ਲਈ ਕੌਮਾਂਤਰੀ ਪੱਧਰ ਦੇ ਸਭ ਤੋਂ ਵੱਡੇ
‘ਢਾਹਾਂ ਇਨਾਮ’ ਲਈ ਚੁਣਿਆ ਗਿਆ ਹੈ।