ਜਰਨੈਲ ਸਿੰਘ
ਪਿੰਡ ਮੇਘੋਵਾਲ, ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ, ਭਾਰਤ ਦੇ ਇਕ ਸਾਧਾਰਨ ਕਿਸਾਨੀ ਪਰਿਵਾਰ ਵਿਚ ਪੈਦਾ ਹੋਏ ਜਰਨੈਲ ਸਿੰਘ ਨੇ ਜ਼ਿੰਦਗੀ ਵਿਚ ਬਹੁਤ ਜੱਦੋ ਜਹਿਦ ਕੀਤੀ ਹੈ। ਸਕੂਲੀ ਸਿੱਖਿਆ ਖਤਮ ਹੋਣ ਦੇ ਝੱਟ ਪਿੱਛੋਂ 1962 ਵਿਚ ਉਹ ਇੰਡੀਅਨ ਏਅਰ ਫ਼ੋਰਸ ਵਿਚ ਭਰਤੀ ਹੋ ਗਿਆ ਸੀ। ਪੰਜਾਬੀ ਅਤੇ ਅੰਗਰੇਜ਼ੀ ਵਿਚ ਐੱਮ. ਏ. ਤਕ ਦੀ ਪੜ੍ਹਾਈ ਉਸ ਨੇ ਨੌਕਰੀ ਦੌਰਾਨ ਹੀ ਕੀਤੀ। ਏਅਰ ਫ਼ੋਰਸ ਦੀ ਨੌਕਰੀ ਤੋਂ ਮਗਰੋਂ ਅਤੇ 1988 ਵਿਚ ਕੈਨੇਡਾ ਪਰਵਾਸ ਤੋਂ ਪਹਿਲਾਂ ਉਸ ਨੇ ਦਸ ਸਾਲ ਤਕ ਬੈਂਕ ਵਿਚ ਅਕਾਊਂਟੈਂਟ ਵਜੋਂ ਕੰਮ ਕੀਤਾ। ਭਾਰਤ ਰਹਿਣ ਦੌਰਾਨ ਹੀ ਉਹ ਸਾਹਿਤ-ਰਚਨਾ ਕਰਦਾ ਰਿਹਾ ਸੀ ਅਤੇ ਉੱਥੇ ਉਸਦੀਆਂ ਕਹਾਣੀਆਂ ਦੀਆਂ ਤਿੰਨ ਕਿਤਾਬਾਂ ਛਪੀਆਂ ਸਨ: ‘ਮੈਨੂੰ ਕੀ’ (1981), ‘ਮਨੁੱਖ ਤੇ ਮਨੁੱਖ’ (1983) ਅਤੇ ‘ਸਮੇਂ ਦੇ ਹਾਣੀ’ (1987) ਜਿਹਨਾਂ ਵਿਚ ਕਿਸਾਨੀ ਜੀਵਨ ਅਤੇ ਫ਼ੌਜੀ ਜੀਵਨ ਨਾਲ ਜੁੜੇ ਮਸਲਿਆਂ ਨੂੰ ਵਿਸ਼ਾ ਵਸਤੂ ਬਣਾਇਆ ਗਿਆ ਸੀ।
ਕੈਨੇਡਾ ਵਿਚ ਪਹੁੰਚਣ ‘ਤੇ ਉਸ ਨੇ ਦੋ ਦਹਾਕਿਆਂ ਤਕ ਸਕਿਉਰਟੀ ਸੁਪਰਵਾਈਜ਼ਰ ਵਜੋਂ ਕੰਮ ਕੀਤਾ। ਕੈਨੇਡਾ ਪਹੁੰਚਣ ਮਗਰੋਂ ਪਰਵਾਸੀ ਜੀਵਨ ਦੇ ਉਸ ਦੇ ਤਜਰਬੇ ਨੇ ਜਰਨੈਲ ਸਿੰਘ ਦੀ ਕਹਾਣੀ ਨੂੰ ਨਵਾਂ ਪਸਾਰ ਦਿੱਤਾ ਅਤੇ ਏਸੇ ਕਰਕੇ ਹੀ ਉਸਦੀ ਪੰਜਾਬੀ ਸਾਹਿਤ ਵਿਚ ਨਵੇਕਲੀ ਪਛਾਣ ਬਣੀ। ਇਸ ਸਮੇਂ ਦੌਰਾਨ ਛਪੀਆਂ ਉਸਦੀਆਂ ਤਿੰਨੋਂ ਹੀ ਕਹਾਣੀ ਪੁਸਤਕਾਂ ‘ਦੋ ਟਾਪੂ’ (1999), ‘ਟਾਵਰਜ਼’ (2005), ਅਤੇ ‘ਕਾਲ਼ੇ ਵਰਕੇ’ (2015) ਨੇ ਪਾਠਕਾਂ ਤੋਂ ਚੰਗੀ ਪ੍ਰਸ਼ੰਸਾ ਖੱਟੀ ਹੈ। ਇਹਨਾਂ ਵਿਚਲੀਆਂ ਕਹਾਣੀਆਂ ਵਿਚ ਕੈਨੇਡਾ ਵਸਦੇ ਪੰਜਾਬੀਆਂ ਦੇ ਸੰਘਰਸ਼, ਸੱਭਿਆਚਾਰਕ ਟਕਰਾਉ ਤੇ ਰਲ਼ੇਵੇਂ, ਪੀੜ੍ਹੀ ਪਾੜੇ, ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਟੀਨੇਜਰਾਂ ਦੀਆਂ ਸਮੱਸਿਆਵਾਂ ਦੀ ਕਲਾਤਮਿਕਤਾ ਸਹਿਤ ਪੇਸ਼ਕਾਰੀ ਹੋਈ ਹੈ। ਪੂੰਜੀਵਾਦ ਨਾਲ ਸੰਬੰਧਿਤ ਵਿਸ਼ਵ-ਵਿਆਪੀ ਮਸਲਿਆਂ, ਖਵਤਵਾਦ, ਵਿਅਕਤੀਵਾਦ ਆਦਿ ਨੂੰ ਵੀ ਉਸਨੇ ਗਲਪ ਬਿੰਬ ਵਿਚ ਢਾਲ਼ਿਆ ਹੈ। ਜਰਨੈਲ ਸਿੰਘ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਪੰਜਾਬ ਤੇ ਹਰਿਆਣਾ ਦੀਆਂ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿਚ ਸ਼ਾਮਲ ਹਨ। ਪਰਵਾਸੀ ਪੰਜਾਬੀ ਲੇਖਕ ਵਜੋਂ ਭਾਰਤ ਵਿਚ ਪੰਜਾਬ ਸਰਕਾਰ ਦਾ ‘ਸ਼੍ਰੋਮਣੀ ਸਾਹਿਤਕਾਰ’ ਦਾ ਪੁਰਸਕਾਰ ਵੀ ਉਸਨੂੰ ਮਿਲ ਚੁੱਕਿਆ ਹੈ।