ਅਲੀ ਅਨਵਰ ਅਹਿਮਦ
ਸ਼ਾਹਮੁਖੀ ਵਿਚ ਸਾਲ 2017 ਦਾ ਦੂਸਰੇ ਸਥਾਨ ਦਾ ਢਾਹਾਂ ਇਨਾਮ ਜਿੱਤਣ ਵਾਲੇ ਲੇਖਕ ਅਲੀ ਅਨਵਰ ਅਹਿਮਦ ਦਾ ਜਨਮ
ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਇਕ ਦੂਰ ਦੁਰਾਡੇ ਪਿੰਡ ਚਾਹਲ ਕਹਿਣਾ ਵਿਚ 1963 ਵਿਚ ਹੋਇਆ। ਐੱਮ.ਏ.(ਉਰਦੂ) ਬੀ
ਐੱਡ ਤਕ ਦੀ ਤਾਲੀਮ ਹਾਸਲ ਕਰ ਕੇ ਉਸਨੇ ਸਤਾਈ ਸਾਲ ਤਕ ਬਤੌਰ ਸਕੂਲ ਟੀਚਰ ਦੀ ਨੌਕਰੀ ਕੀਤੀ। ਸੰਨ 2000 ਈ. ਵਿਚ
ਉਸਦਾ ਪੰਜਾਬੀ ਸਾਹਿਤ ਵੱਲ ਮੁਹਾੜ ਹੋਇਆ ਅਤੇ ਉਸਨੇ ‘ਅੱਖ ਸਮੁੰਦਰ ਹੋਈ’ ਨਾਂ ਦੀ ਪੰਜਾਬੀ ਨਜ਼ਮਾਂ ਦੀ ਆਪਣੀ ਪਹਿਲੀ
ਕਿਤਾਬ ਛਪਵਾਈ। ਲਾਹੌਰੋਂ ਛਪਣ ਵਾਲੇ ‘ਸਵੇਰ ਇੰਟਰਨੈਸ਼ਨਲ’ ਅਤੇ ‘ਰਵੇਲ’ ਰਿਸਾਲਿਆਂ ਨਾਲ ਜੁੜੇ ਪੰਜਾਬੀ ਦਾਨਸ਼ਵਰਾਂ ਜਮੀਲ
ਅਜਿਮਦ ਪਾਲ ਅਤੇ ਕਰਾਮਤ ਮੁਗਲ ਦੀ ਪ੍ਰੇਰਣਾ ਨਾਲ ਉਹ ਕਹਾਣੀ ਦੀ ਰਚਨਾ ਵੱਲ ਅਹੁਲਿਆ। ਸੰਨ 2002 ਵਿਚ ਉਸਦੀਆਂ
ਕਹਾਣੀਆਂ ਦੀ ਪਹਿਲੀ ਕਿਤਾਬ ‘ਇਨਸਾਨ ਤੇ ਸੱਪ’ ਪੰਜਾਬੀ ਮਰਕਜ਼ ਲਾਹੌਰ ਵਲੋਂ ਛਾਪੇ ਚੜ੍ਹੀ। ਏਸ ਕਿਤਾਬ ਨੂੰ ਮਸਊਦ ਖੱਦਰਪੋਸ਼
ਟ੍ਰਸਟ ਲਾਹੌਰ ਵਲੋਂ ਪਹਿਲਾ ਇਨਾਮ ਮਿਲਿਆ। ਹੁਣ ਤਕ ਅਲੀ ਅਨਵਰ ਅਹਿਮਦ ਦੀਆਂ ਕਹਾਣੀਆਂ ਦੀਆਂ ਨੌਂ ਕਿਤਾਬਾਂ ਛਪ
ਚੁੱਕੀਆਂ ਹਨ ਅਤੇ ਉਸ ਵਲੋਂ ਲਿਖੀਆਂ ਗਈਆਂ ਕਹਾਣੀਆਂ ਦੀ ਗਿਣਤੀ 200 ਤਕ ਪੁੱਜਦੀ ਹੈ। ਦੋ ਵਾਰ ਮਸਊਦ ਖੱਦਰ ਖੱਦਰਪੋਸ਼
ਐਵਾਰਡ ਹਾਸਲ ਕਰਨ ਤੋਂ ਬਿਨਾਂ ਉਹ ਕਈ ਹੋਰ ਇਨਾਮ ਸਨਮਾਨ ਵੀ ਹਾਸਲ ਕਰ ਚੁੱਕਿਆ ਹੈ, ਜਿਨ੍ਹਾਂ ਵਿਚ ਪਾਕਿਸਤਾਨੀ ਪੰਜਾਬ
ਦੇ ਸਰਕਾਰੀ ਅਦਾਰੇ ‘ਪੰਜਾਬੀ ਇੰਸਟੀਚਿਊਟ ਆਫ਼ ਲੈਂਗੁਏਜ਼ ਆਰਟ ਐਂਡ ਕਲਚਰ, ਲਾਹੌਰ’ ਦਾ ਸ਼ਫ਼ਕਤ ਤਨਵੀਰ ਮਿਰਜ਼ਾ
ਐਵਾਰਡ ਵੀ ਸ਼ਾਮਲ ਹੈ। ਉਸਦੀਆਂ ਲਿਖਤਾਂ ਉਪਰ ‘ਲਾਹੌਰ ਯੂਨੀਵਰਸਿਟੀ ਬਰਾਏ ਖ਼ਵਾਤੀਨ’ ਵਲੋਂ ਐੱਮ. ਫਿਲ ਪੱਧਰ ‘ਤੇ ਖੋਜ ਵੀ
ਕਰਵਾਈ ਜਾ ਚੁੱਕੀ ਹੈ। ਉਸਦੀਆਂ ਕਹਾਣੀਆਂ ਦੀ ਹੁਣ ਤਕ ਛਪੀ ਆਖਰੀ ਕਿਤਾਬ ‘ਤੰਦ ਤੰਦ ਮੈਲੀ ਚਾਦਰ’ ਵਿਚ 23 ਕਹਾਣੀਆਂ
ਸ਼ਾਮਲ ਹਨ, ਜਿਨ੍ਹਾਂ ਵਿਚ ਪੰਜਾਬੀ ਵਸੇਬ ਤੇ ਸਕਾਫ਼ਤ ਦੇ ਵੱਖ ਵੱਖ ਪੱਖਾਂ ਨੂੰ ਕਲਾਵੇ ਵਿਚ ਲਿਆ ਗਿਆ ਹੈ। ਆਪਣੀ ਏਸ ਕਿਤਾਬ
‘ਤੰਦ ਤੰਦ ਮੈਲੀ ਚਾਦਰ’ ਨੂੰ ਦੂਸਰੇ ਸਥਾਨ ਦੇ ‘ਢਾਹਾਂ ਇਨਾਮ’ ਲਈ ਚੁਣੇ ਜਾਣ ‘ਤੇ ਉਹ ਬੇਹੱਦ ਖੁਸ਼ ਹੈ। ਅਲੀ ਅਨਵਰ ਅਹਿਮਦ
ਦਾ ਕਹਿਣਾ ਹੈ ਕਿ ਪੰਜਾਬੀ ਸਾਹਿਤ ਲਈ ਇੰਟਰਨੈਸ਼ਨਲ ਪੱਧਰ ‘ਤੇ ਢਾਹਾਂ ਇਨਾਮ ਦਾ ਜਾਰੀ ਹੋਣਾ ਪੰਜਾਬੀ ਜ਼ੁਬਾਨ ਤੇ ਅਦਬ ਦੀ
ਬਿਹਤਰੀ ਲਈ ਚੁੱਕਿਆ ਗਿਆ ਇਕ ਵੱਡਾ ਕਦਮ ਹੈ, ਜਿਸਦੀ ਜਿੰਨੀ ਵੀ ਸਲਾਹੁਣਾ ਕੀਤੀ ਜਾਵੇ ਘੱਟ ਏ।