ਸਿਮਰਨ ਧਾਲੀਵਾਲ
ਪੰਜਾਬੀ ਕਹਾਣੀ ਸਿਰਜਣਾ ਦੇ ਖੇਤਰ ਵਿਚ ਨਵੀਂ ਪੀੜ੍ਹੀ ਦੇ ਜ਼ਿਕਰਯੋਗ ਲੇਖਕਾਂ ਵਿਚੋਂ ਸਿਮਰਨ ਧਾਲੀਵਾਲ ਦਾ ਨਾਮ ਮੋਹਰਲੀ ਕਤਾਰ ਵਿਚ ਆਉਂਦਾ ਹੈ। ਇਸ ਨੌਜਵਾਨ ਲੇਖਕ ਦਾ ਜਨਮ ਜ਼ਿਲਾ ਤਰਨ ਤਾਰਨ ਦੇ ਪੱਟੀ ਲਾਗਲੇ ਸਰਹੱਦੀ ਪਿੰਡ ਦੇ ਇਕ ਕਿਸਾਨੀ ਪਰਿਵਾਰ ਵਿਚ ਹੋਇਆ ਸੀ। ਉਸ ਨੇ ਪੰਜਾਬੀ ਸਾਹਿਤ ਵਿਚ ਐੱਮ. ਏ. ਤਕ ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਮੁਕੰਮਲ ਕੀਤੀ। ਕਿੱਤੇ ਵਜੋਂ ਉਹ ਅਧਿਆਪਕ ਹੈ, ਅਤੇ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੀ ਪੱਟੀ ਸ਼ਹਿਰ ਵਿਚਲੇ ਕੈਂਪੱਸ ਕੌਲਿਜ ਦੇ ਪੰਜਾਬੀ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ।
ਸਾਹਿਤ-ਸਿਰਜਣਾ ਦੇ ਖੇਤਰ ਵਿਚ ਉਹ ਆਪਣੀਆਂ ਮੁਢਲੀਆਂ ਰਚਨਾਵਾਂ ਨਾਲ ਹੀ ਸੰਭਾਵਨਾਵਾਂ ਭਰਪੂਰ ਸਰਰੱਥ ਲੇਖਕ ਵਜੋਂ ਪਛਾਣਿਆ ਗਿਆ ਸੀ। ਪਾਤਰਾਂ ਦੇ ਧੁਰ ਅੰਦਰ ਦੀ ਕਲਾਤਮਕ ਪੇਸ਼ਕਾਰੀ ਕਰਦੀਆਂ ਉਸਦੀਆਂ ਕਹਾਣੀਆਂ ਨੇ ਪਾਠਕਾਂ ਅਤੇ ਆਲੋਚਕਾਂ ਦੋਹਾਂ ਦਾ ਧਿਆਨ ਵੀ ਖਿੱਚਿਆ ਅਤੇ ਪ੍ਰਸ਼ੰਸਾ ਵੀ ਖੱਟੀ ਹੈ। ਕਹਾਣੀਆਂ ਦੀ ਉਸਦੀ ਪਲੇਠੀ ਪੁਸਤਕ ‘ਆਸ ਅਜੇ ਬਾਕੀ ਹੈ’ ਉੱਤੇ ਸਿਮਰਨ ਨੂੰ ਭਾਰਤੀ ਸਾਹਿਤ ਅਕੈਡਮੀ ਦਾ ‘ਮਾਣ-ਮੱਤਾ ਯੁਵਾ ਪੁਰਸਕਾਰ’ ਵੀ ਮਿਲਿਆ। ਉਸ ਦੀਆਂ ਹੁਣ ਤਕ ਕੁੱਲ ਚਾਰ ਕਿਤਾਬਾਂ ਪ੍ਰਕਾਸ਼ਤ ਹੋਈਆਂ ਹਨ, ਜਿਨ੍ਹਾਂ ਵਿਚ ‘ਆਸ ਅਜੇ ਬਾਕੀ ਹੈ’ ਅਤੇ ‘ਉਸ ਪਲ’ ਉਸਦੇ ਕਹਾਣੀ ਸੰਗ੍ਰਿਹ ਹਨ। ‘ਸੱਤ ਪਰੀਆਂ’ ਅਤੇ ‘ਸਫ਼ੈਦ ਪਰੀ ਤੇ ਪੰਛੀ’ ਉਸਦੀਆਂ ਬੱਚਿਆਂ ਲਈ ਲਿਖੀਆਂ ਕਹਾਣੀਆਂ ਦੀਆਂ ਪੁਸਤਕਾਂ ਹਨ।
ਸਿਮਰਨ ਦੀਆਂ ਸਾਰੀਆਂ ਕਹਾਣੀਆਂ ਮਨੁੱਖੀ ਮਨ ਦੀਆਂ ਡੂੰਘੀਆਂ ਤੇ ਪੇਚੀਦਾ ਤਹਿਆਂ ਨੂੰ ਫਰੋਲਦੀਆਂ ਹਨ। ਵੱਖ ਵੱਖ ਤਰ੍ਹਾਂ ਦੇ ਹਾਲਾਤ ਮਨੁੱਖੀ ਮਾਨਿਸਕਤਾ ‘ਤੇ ਕੀ-ਕੀ ਅਸਰ ਕਰਦੇ ਹਨ, ਇਹੀ ਉਸਦੀਆਂ ਕਹਾਣੀਆਂ ਦਾ ਕੇਂਦਰੀ ਨੁਕਤਾ ਹੈ। ਉਸਦੇ ਪਾਤਰ ਆਲ਼ੇ-ਦੁਆਲ਼ੇ ਤੁਰਦੇ ਫਿਰਦੇ ਉਹੋ ਸਾਧਾਰਨ ਲੋਕ ਹਨ, ਜੋ ਹਾਲਾਤ ਹੱਥੋਂ ਸਤਾਏ ਜ਼ਹਿਰ ਵਰਗੀ ਜ਼ਿੰਦਗੀ ਜਿਊਂਦੇ ਹਨ। ਉਸਦੇ ਪਾਤਰ ਲੜਦੇ, ਹਾਰਦੇ ਪਰ ਅੰਤ ਨੂੰ ਜਿੱਤਦੇ ਵੀ ਨੇ। ਉਸਦੀਆਂ ਕਹਾਣੀਆਂ ਦੇ ਵਿਸ਼ੇ ਸਾਧਾਰਨ ਬੰਦੇ ਦੇ ਸੁਪਨਿਆਂ ਤੋਂ ਲੈ ਕੇ ਵਿਸ਼ਵ ਪਿੰਡ ਦੇ ਪਸਾਰ ਤੀਕ ਫੈਲੇ ਹੋਏ ਹਨ।