ਦਰਸ਼ਨ ਜੋਗਾ
ਮਾਨਸਾ, ਪੰਜਾਬ, ਭਾਰਤ


‘ਫਨੀਅਰ’, ਦਰਸ਼ਨ ਜੋਗਾ ਦੇ ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਸਮਾਜਿਕ ਰਿਸ਼ਤਿਆਂ ਦੇ ਦਵੰਦ ਅਤੇ ਮਾਨਸਿਕ ਤਣਾਉ ਨੂੰ ਪ੍ਰਗਟਾਉਂਦੀਆਂ ਹਨ। ਇਹ ਉੱਤਮ ਪੁਰਖੀ ਪਾਤਰ ਦੀ ਵਿਧੀ ਨਾਲ ਲਿਖੀਆਂ ਹੋਣ ਕਰ ਕੇ ਲੇਖਕ ਦੇ ਸਿੱਧੇ ਦਖਲ ਤੋਂ ਬਗੈਰ ਮੁਖ ਪਾਤਰ ਖੁਦ ਹੀ ਆਪਣੇ ਅਤੇ ਦੂਜਿਆਂ ਬਾਰੇ ਬੋਲਦਾ ਹੈ। ਇਸ ਵਿਧੀ ਦੀ ਵਰਤੋਂ ਨਾਲ ਜਿੱਥੇ ਬਾਹਰੀ ਸੱਚ ਪ੍ਰਮਾਣਕ ਰੂਪ ਵਿੱਚ ਕਹਾਣੀ ਵਿੱਚ ਆਉਂਦਾ ਹੈ, ਉੱਥੇ ਪਾਤਰ ਦੀ ਮਨੋ ਅਵਸਥਾ ਵੀ ਵਧੇਰੇ ਡੂੰਘਾਈ ਅਤੇ ਸਪੱਸ਼ਟਤਾ ਨਾਲ ਉਜਾਗਰ ਹੁੰਦੀ ਹੈ।
ਸਿਰਲੇਖ ਕਹਾਣੀ ‘ਫਨੀਅਰ’ ਇਕ ਪੇਂਡੂ ਮੇਲੇ ਦਾ ਦ੍ਰਿਸ਼ ਚਿਤਰਨ ਦੇ ਨਾਲ ਨਾਲ ਮੁੱਖ ਪਾਤਰ ਦੀ ਉਸ ਪ੍ਰੇਮ ਕਹਾਣੀ ਦਾ ਵੇਰਵਾ ਵੀ ਦਿੰਦੀ ਹੈ ਜੋ ਜਾਤ ਪਾਤੀ ਵਖਰੇਵੇਂ ਕਾਰਨ ਸਫਲ ਨਹੀਂ ਸੀ ਹੋ ਸਕੀ। ਇਕ ਪਾਸੇ ਨਵੀਂ ਵਿਵਸਥਾ ਅਤੇ ਨਵੇਂ ਜੀਵਨ ਮੁੱਲ ਹਨ ਅਤੇ ਦੂਜੇ ਪਾਸੇ ਮੱਧਕਾਲੀ ਜਾਤੀ ਵਿਵਸਥਾ ਦਾ ਪ੍ਰਭਾਵ ਵੀ ਖਤਮ ਨਹੀਂ ਹੋ ਰਿਹਾ। ਸਮੁੱਚੇ ਰੂਪ ਵਿੱਚ ਕਿਤਾਬ ਦੀਆਂ ਸਾਰੀਆਂ ਹੀ ਕਹਾਣੀਆਂ ਦੀ ਗੋਂਦ ਬਹੁਤ ਪੀਡੀ ਹੈ ਜਿਸ ਨੂੰ ਮਲਵਈ ਸ਼ਬਦਾਵਲੀ ਅਤੇ ਮੁਹਾਵਰੇ ਨੇ ਹੋਰ ਵੀ ਖੂਬਸੂਰਤ ਬਣਾ ਦਿੱਤਾ ਹੈ।