ਭੂਮਿਕਾ
ਮੁਖੀ
ਸਿਰਲੇਖ
ਸਹਾਇਕ ਪ੍ਰੋਫ਼ੈਸਰ, ਅੰਗਰੇਜ਼ੀ, ਓਲਡ ਇਸਲਾਮੀਆ ਕਾਲਿਜ, ਲਾਹੌਰ (ਪਾਕਿਸਤਾਨ)
ਖੇਤਰ
ਲਹੌਰ, ਪੰਜਾਬ, ਪਾਕਿਸਤਾਨ
ਜ਼ੁਬੈਰ ਅਹਿਮਦ ਲਹੌਰ ਸ਼ਹਿਰ ਦੇ ਇਕ ਪੁਰਾਣੇ ਇਲਾਕੇ ਮਹੱਲਾ ਕ੍ਰਿਸ਼ਨ ਨਗਰ ਵਿੱਚ ਵੱਡਾ ਹੋਇਆ। ਵੰਡ ਤੋਂ ਪਹਿਲਾਂ ਉਸ ਦੇ ਪੂਰਵਜਾਂ ਦਾ ਪਿਛੋਕੜ ਬਟਾਲਾ ਸ਼ਹਿਰ, ਜਿਲ੍ਹਾ ਗੁਰਦਾਸ ਪੁਰ, ਪੰਜਾਬ ਸੀ। ਉਸ ਨੇ 1984 ਵਿੱਚ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਅੰਗਰੇਜੀ ਵਿੱਚ ਐੱਮ. ਏ. ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ, 1991 ਵਿੱਚ ਅੰਗਰੇਜੀ ਭਾਸ਼ਾ ਦੇ ਅਧਿਆਪਨ ਵਿੱਚ ਇਕ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰਾਪਤ ਕੀਤਾ। ਉਹ 2018 ਵਿੱਚ ਓਲਡ ਇਸਲਾਮੀਆ ਕਾਲਜ ਤੋਂ ਅੰਗਰੇਜੀ ਸਾਹਿਤ ਦੇ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਇਆ। ਉਹ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਬਹੁਤ ਸਰਗਰਮੀ ਨਾਲ ਜੁੜਿਆ ਹੋਇਆ ਹੈ।
ਉਸ ਨੇ ਤਿੰਨ ਵਧੀਆ ਲਘੂ ਕਹਾਣੀ ਸੰਗ੍ਰਹਿ ਲਿਖੇ ਹਨ – ਮੀਂਹ ਬੂਹੇ ਤੇ ਬਾਰੀਆਂ, ਕਬੂਤਰ ਬਨੇਰੇ ਤੇ ਗਲੀਆਂ, ਅਤੇ ਪਾਣੀ ਦੀ ਕੰਧ; ਦਮ ਯਾਦ ਨਾ ਕੀਤਾ ਕਵਿਤਾਵਾਂ ਦੀ ਕਿਤਾਬ; ਅਤੇ ਸਾਹਿਤਕ ਆਲੋਚਨਾ ਦੀ ਕਿਤਾਬ ਸਾਹਿਤਕ ਆਲੋਚਨਾ ਵਿਚਾਰ ਲੇਖ। ਸਾਲ 2014 ਵਿੱਚ ਕਬੂਤਰ ਬਨੇਰੇ ਤੇ ਗਲੀਆਂ ਨੂੰ ਪਾਕਿਸਤਾਨ ਵਿੱਚ ਖੱਦਰਪੋਸ਼ ਟ੍ਰਸਟ ਵਲੋਂ ਸਾਲ ਦਾ ਸਰਵੋਤਮ ਪੰਜਾਬੀ ਗਲਪ ਇਨਾਮ ਦਿੱਤਾ ਗਿਆ। ਇਸ ਕਹਾਣੀ ਸੰਗ੍ਰਹਿ ਨੂੰ ਸ਼ਾਹਮੁਖੀ ਲਿਪੀ ਵਿੱਚ ਉਦਘਾਟਨੀ ਢਾਹਾਂ ਇਨਾਮ ਮਿਲਿਆ। ਉਸ ਦੇ ਤੀਸਰੇ ਕਹਾਣੀ ਸੰਗ੍ਰਹਿ ਪਾਣੀ ਦੀ ਕੰਧ ਨੂੰ 2020 ਵਿੱਚ ਢਾਹਾਂ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਐਨ ਮਰਫੀ ਨੇ ਉਸ ਦੀਆਂ ਚੋਣਵੀਆਂ ਕਹਾਣੀਆਂ ਦਾ ਅੰਗਰੇਜੀ ਅਨੁਵਾਦ ‘ਗਰੀਵਿੰਗ ਫਾਰ ਪਿਜਨਜ਼: ਟਵੈਲਵ ਸਟੋਰੀਜ਼ ਆਫ ਲਹੌਰ’ ਦੇ ਸਿਰਲੇਖ ਹੇਠ ਕੀਤਾ। ਇਸ ਕਿਤਾਬ ਨੂੰ ਏ ਯੂ ਪਰੈੱਸ, ਐਥਾਬਾਸਕਾ ਯੂਨੀਵਰਸਿਟੀ, ਐਡਮੰਟਨ, ਕਨੇਡਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਜਦ ਕਿ, ਇਸ ਦੇ ਸਥਾਨਕ ਸੰਸਕਰਣ ਦਾ ਪ੍ਰਕਾਸ਼ਨ 2022 ਵਿੱਚ “ਦਅ ਰੀਡਿੰਗਜ਼”, ਲਹੌਰ, ਪਾਕਿਸਤਾਨ ਨੇ ਕੀਤਾ ਸੀ।
ਸਾਲ 1997 ਵਿੱਚ ਜ਼ੁਬੈਰ ਅਹਿਮਦ ਨੇ ਲਹੌਰ ਵਿੱਚ ਪਹਿਲੀ ਵਿਸ਼ੇਸ਼ ਗੈਰ-ਵਪਾਰਕ, ਗੈਰ-ਲਾਭਕਾਰੀ ਪੰਜਾਬੀ ਕਿਤਾਬਾਂ ਦੀ ਦੁਕਾਨ ਕਿਤਾਬ ਤ੍ਰਿੰਜਣ ਦੀ ਸਥਾਪਨਾ ਕੀਤੀ ਜਿਸ ਨੂੰ 2009 ਤੱਕ ਚਲਾਇਆ। ਦਸ ਸਾਲ ਬਾਅਦ, ਕਿਤਾਬ ਤ੍ਰਿੰਜਣ ਨੂੰ ਦੁਬਾਰਾ ਖੋਲ੍ਹਿਆ ਗਿਆ। ਸਾਲ 1984 ਵਿੱਚ ਲਹੌਰ ਵਿੱਚ ਪਹਿਲਾ ਪੰਜਾਬੀ ਸਕੂਲ ਸ਼ੁਰੂ ਕਰਨ ਵਿੱਚ ਉਸ ਨੇ ਅਹਿਮ ਭੂਮਿਕਾ ਨਿਭਾਈ। ਹੁਣ ਉਹ ਇੰਗਲੈਂਡ ਅਧਾਰਤ ਲੇਖਕ ਅਮਰਜੀਤ ਚੰਦਨ ਨਾਲ ਇਕ ਸਾਲਾਨਾ ਰਸਾਲਾ ਬਾਰਾਂ ਮਾਹ ਪ੍ਰਕਾਸ਼ਿਤ ਅਤੇ ਸੰਪਾਦਿਤ ਕਰਦਾ ਹੈ। ਉਸ ਦਾ ਸਾਹਿਤਕ ਸਫਰ ਉਸ ਦੇ ਬਚਪਨ ਦੇ ਡੂੰਘੇ ਅਨੁਭਵਾਂ ਵਿੱਚੋਂ ਉਪਜਦਾ ਹੈ। ਉਹ ਕਹਿੰਦਾ ਹੈ, “ਮੈਂ ਆਪਣੀ ਮਾਂ ਕੋਲੋਂ ਵੰਡ ਤੋਂ ਪਹਿਲਾਂ ਦੀਆਂ ਕਹਾਣੀਆਂ ਰੋਜ਼ਾਨਾ ਸੁਣਦੇ ਸੁਣਦੇ, ਅਚੇਤ ਰੂਪ ਵਿੱਚ ਇਕ ਲੇਖਕ ਪੈਦਾ ਹੋਇਆ ਸੀ। ਮੈਂ ਉਸ ਲੇਖਕ ਨੂੰ ਖੋਦਿਆ, ਲੱਭਿਆ ਅਤੇ ਆਪਣੀ ਜ਼ਿੰਦਗੀ, ਲੋਕਾਂ, ਆਲੇ-ਦੁਆਲੇ ਅਤੇ ਲਹੌਰ ਸ਼ਹਿਰ ਨੂੰ ਕਵਰ ਕਰਨ ਵਾਲੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਲਹੌਰ ਮੇਰੇ ਵਿੱਚ ਹੈ ਅਤੇ ਮੈਂ ਲਹੌਰ ਵਿੱਚ ਹਾਂ”।