ਜ਼ੁਬੈਰ ਅਹਿਮਦ
ਮੁਖੀ
ਸਹਾਇਕ ਪ੍ਰੋਫ਼ੈਸਰ, ਅੰਗਰੇਜ਼ੀ, ਓਲਡ ਇਸਲਾਮੀਆ ਕਾਲਿਜ, ਲਾਹੌਰ (ਪਾਕਿਸਤਾਨ)
ਜ਼ੁਬੈਰ ਅਹਿਮਦ ਲਹੌਰ ਸ਼ਹਿਰ ਦੇ ਇਕ ਪੁਰਾਣੇ ਇਲਾਕੇ ਮਹੱਲਾ ਕ੍ਰਿਸ਼ਨ ਨਗਰ ਵਿੱਚ ਵੱਡਾ ਹੋਇਆ। ਵੰਡ ਤੋਂ ਪਹਿਲਾਂ ਉਸ ਦੇ ਪੂਰਵਜਾਂ ਦਾ ਪਿਛੋਕੜ ਬਟਾਲਾ ਸ਼ਹਿਰ, ਜਿਲ੍ਹਾ ਗੁਰਦਾਸ ਪੁਰ, ਪੰਜਾਬ ਸੀ। ਉਸ ਨੇ 1984 ਵਿੱਚ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਅੰਗਰੇਜੀ ਵਿੱਚ ਐੱਮ. ਏ. ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ, 1991 ਵਿੱਚ ਅੰਗਰੇਜੀ ਭਾਸ਼ਾ ਦੇ ਅਧਿਆਪਨ ਵਿੱਚ ਇਕ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰਾਪਤ ਕੀਤਾ। ਉਹ 2018 ਵਿੱਚ ਓਲਡ ਇਸਲਾਮੀਆ ਕਾਲਜ ਤੋਂ ਅੰਗਰੇਜੀ ਸਾਹਿਤ ਦੇ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਇਆ। ਉਹ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਬਹੁਤ ਸਰਗਰਮੀ ਨਾਲ ਜੁੜਿਆ ਹੋਇਆ ਹੈ।
ਉਸ ਨੇ ਤਿੰਨ ਵਧੀਆ ਲਘੂ ਕਹਾਣੀ ਸੰਗ੍ਰਹਿ ਲਿਖੇ ਹਨ – ਮੀਂਹ ਬੂਹੇ ਤੇ ਬਾਰੀਆਂ, ਕਬੂਤਰ ਬਨੇਰੇ ਤੇ ਗਲੀਆਂ, ਅਤੇ ਪਾਣੀ ਦੀ ਕੰਧ; ਦਮ ਯਾਦ ਨਾ ਕੀਤਾ ਕਵਿਤਾਵਾਂ ਦੀ ਕਿਤਾਬ; ਅਤੇ ਸਾਹਿਤਕ ਆਲੋਚਨਾ ਦੀ ਕਿਤਾਬ ਸਾਹਿਤਕ ਆਲੋਚਨਾ ਵਿਚਾਰ ਲੇਖ। ਸਾਲ 2014 ਵਿੱਚ ਕਬੂਤਰ ਬਨੇਰੇ ਤੇ ਗਲੀਆਂ ਨੂੰ ਪਾਕਿਸਤਾਨ ਵਿੱਚ ਖੱਦਰਪੋਸ਼ ਟ੍ਰਸਟ ਵਲੋਂ ਸਾਲ ਦਾ ਸਰਵੋਤਮ ਪੰਜਾਬੀ ਗਲਪ ਇਨਾਮ ਦਿੱਤਾ ਗਿਆ। ਇਸ ਕਹਾਣੀ ਸੰਗ੍ਰਹਿ ਨੂੰ ਸ਼ਾਹਮੁਖੀ ਲਿਪੀ ਵਿੱਚ ਉਦਘਾਟਨੀ ਢਾਹਾਂ ਇਨਾਮ ਮਿਲਿਆ। ਉਸ ਦੇ ਤੀਸਰੇ ਕਹਾਣੀ ਸੰਗ੍ਰਹਿ ਪਾਣੀ ਦੀ ਕੰਧ ਨੂੰ 2020 ਵਿੱਚ ਢਾਹਾਂ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਐਨ ਮਰਫੀ ਨੇ ਉਸ ਦੀਆਂ ਚੋਣਵੀਆਂ ਕਹਾਣੀਆਂ ਦਾ ਅੰਗਰੇਜੀ ਅਨੁਵਾਦ ‘ਗਰੀਵਿੰਗ ਫਾਰ ਪਿਜਨਜ਼: ਟਵੈਲਵ ਸਟੋਰੀਜ਼ ਆਫ ਲਹੌਰ’ ਦੇ ਸਿਰਲੇਖ ਹੇਠ ਕੀਤਾ। ਇਸ ਕਿਤਾਬ ਨੂੰ ਏ ਯੂ ਪਰੈੱਸ, ਐਥਾਬਾਸਕਾ ਯੂਨੀਵਰਸਿਟੀ, ਐਡਮੰਟਨ, ਕਨੇਡਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ। ਜਦ ਕਿ, ਇਸ ਦੇ ਸਥਾਨਕ ਸੰਸਕਰਣ ਦਾ ਪ੍ਰਕਾਸ਼ਨ 2022 ਵਿੱਚ “ਦਅ ਰੀਡਿੰਗਜ਼”, ਲਹੌਰ, ਪਾਕਿਸਤਾਨ ਨੇ ਕੀਤਾ ਸੀ।
ਸਾਲ 1997 ਵਿੱਚ ਜ਼ੁਬੈਰ ਅਹਿਮਦ ਨੇ ਲਹੌਰ ਵਿੱਚ ਪਹਿਲੀ ਵਿਸ਼ੇਸ਼ ਗੈਰ-ਵਪਾਰਕ, ਗੈਰ-ਲਾਭਕਾਰੀ ਪੰਜਾਬੀ ਕਿਤਾਬਾਂ ਦੀ ਦੁਕਾਨ ਕਿਤਾਬ ਤ੍ਰਿੰਜਣ ਦੀ ਸਥਾਪਨਾ ਕੀਤੀ ਜਿਸ ਨੂੰ 2009 ਤੱਕ ਚਲਾਇਆ। ਦਸ ਸਾਲ ਬਾਅਦ, ਕਿਤਾਬ ਤ੍ਰਿੰਜਣ ਨੂੰ ਦੁਬਾਰਾ ਖੋਲ੍ਹਿਆ ਗਿਆ। ਸਾਲ 1984 ਵਿੱਚ ਲਹੌਰ ਵਿੱਚ ਪਹਿਲਾ ਪੰਜਾਬੀ ਸਕੂਲ ਸ਼ੁਰੂ ਕਰਨ ਵਿੱਚ ਉਸ ਨੇ ਅਹਿਮ ਭੂਮਿਕਾ ਨਿਭਾਈ। ਹੁਣ ਉਹ ਇੰਗਲੈਂਡ ਅਧਾਰਤ ਲੇਖਕ ਅਮਰਜੀਤ ਚੰਦਨ ਨਾਲ ਇਕ ਸਾਲਾਨਾ ਰਸਾਲਾ ਬਾਰਾਂ ਮਾਹ ਪ੍ਰਕਾਸ਼ਿਤ ਅਤੇ ਸੰਪਾਦਿਤ ਕਰਦਾ ਹੈ। ਉਸ ਦਾ ਸਾਹਿਤਕ ਸਫਰ ਉਸ ਦੇ ਬਚਪਨ ਦੇ ਡੂੰਘੇ ਅਨੁਭਵਾਂ ਵਿੱਚੋਂ ਉਪਜਦਾ ਹੈ। ਉਹ ਕਹਿੰਦਾ ਹੈ, “ਮੈਂ ਆਪਣੀ ਮਾਂ ਕੋਲੋਂ ਵੰਡ ਤੋਂ ਪਹਿਲਾਂ ਦੀਆਂ ਕਹਾਣੀਆਂ ਰੋਜ਼ਾਨਾ ਸੁਣਦੇ ਸੁਣਦੇ, ਅਚੇਤ ਰੂਪ ਵਿੱਚ ਇਕ ਲੇਖਕ ਪੈਦਾ ਹੋਇਆ ਸੀ। ਮੈਂ ਉਸ ਲੇਖਕ ਨੂੰ ਖੋਦਿਆ, ਲੱਭਿਆ ਅਤੇ ਆਪਣੀ ਜ਼ਿੰਦਗੀ, ਲੋਕਾਂ, ਆਲੇ-ਦੁਆਲੇ ਅਤੇ ਲਹੌਰ ਸ਼ਹਿਰ ਨੂੰ ਕਵਰ ਕਰਨ ਵਾਲੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਲਹੌਰ ਮੇਰੇ ਵਿੱਚ ਹੈ ਅਤੇ ਮੈਂ ਲਹੌਰ ਵਿੱਚ ਹਾਂ”।
ਸਾਧੂ ਬਿਨਿੰਗ
ਮੁਖੀ
ਸੇਵਾ ਮੁਕਤ ਪੰਜਾਬੀ ਭਾਸ਼ਾ ਦੇ ਅਧਿਆਪਕ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਬਰਨਬੀ, ਬੀ. ਸੀ., ਕੈਨੇਡਾ
ਸਾਧੂ ਬਿਨਿੰਗ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਸੇਵਾ ਮੁਕਤ ਪੰਜਾਬੀ ਭਾਸ਼ਾ ਦਾ ਅਧਿਆਪਕ ਕਵਿਤਾ, ਗਲਪ, ਨਾਟਕ, ਅਨੁਵਾਦ ਅਤੇ ਖੋਜ ਦੀਆਂ 19 ਤੋਂ ਵੱਧ ਕਿਤਾਬਾਂ ਦਾ ਲੇਖਕ ਅਤੇ ਸਹਿ-ਲੇਖਕ ਹੈ। ਉਸ ਦੀਆਂ ਰਚਨਾਵਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ 50 ਤੋਂ ਵੱਧ ਸੰਗਰੈਹਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਸਾਹਿਤਕ ਮਾਸਕ ਪੱਤਰ ‘ਵਤਨੋ ਦੂਰ’ ਦਾ ਸੰਪਾਦਕ ਰਿਹਾ ਹੈ ਅਤੇ ਇਕ ਤਿਮਾਹੀ ਪੱਤਰ ‘ਵਤਨ’ ਦਾ ਸਹਿ ਸੰਪਾਦਨ ਹੈ। ਉਹ ਥੀਏਟਰ ਗਰੁੱਪ ‘ਵੈਨਕੂਵਰ ਸੱਥ’ ਅਤੇ ‘ਅੰਕੁਰ’ ਦਾ ਸੰਸਥਾਪਕ ਮੈਂਬਰ ਹੈ। ਉਸ ਨੇ 1993 ਤੋਂ 1995 ਤੱਕ ਬੀ. ਸੀ. ਆਰਟਸ ਬੋਰਡ ਦੇ ਮੈਂਬਰ ਵਜੋਂ ਸੇਵਾ ਨਿਭਾਈ। ਉਹ ਕਈ ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਦਾ ਸਰਗਰਮ ਮੈਂਬਰ ਹੈ ਸਮੇਤ ਪੰਜਾਬੀ ਰਾਈਟਰਜ਼ ਫੋਰਮ ਅਤੇ ਰਾਈਟਰਜ਼ ਯੂਨੀਅਨ ਆਫ ਕੈਨੇਡਾ।
ਬ੍ਰਿਟਿਸ਼ ਕੋਲੰਬੀਆ ਵਿੱਚ ਤਬਦੀਲੀ ਲਿਆ ਰਹੇ 100 ਪ੍ਰਮੁੱਖ ਦੱਖਣੀ ਏਸ਼ੀਆਈਆਂ ਵਿੱਚ ਉਸ ਦਾ ਨਾਮ ਦਰਜ ਕੀਤਾ ਗਿਆ ਹੈ। ਸਾਧੂ ਦੀ ਝੋਲੀ ਕਈ ਪੁਰਸਕਾਰ ਪੈ ਚੁੱਕੇ ਹਨ ਜਿਨ੍ਹਾਂ ਵਿੱਚ ਸਾਲ 2015 ਦਾ ਸ਼ਰੋਮਣੀ ਸਾਹਿਤਕਾਰ (ਵਿਦੇਸ਼ੀ) ਅਤੇ ਸਾਲ 2019 ਦਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਆਨਰੇਰੀ ਡਿਗਰੀ, ਡਾਕਟਰ ਆਫ ਲੈਟਰਜ਼ (ਡੀ. ਲਿਟ) ਸ਼ਾਮਲ ਹਨ। ਪੰਜਾਬੀ ਲੈਂਗਵੇਜ ਅਜੂਕੇਸ਼ਨਲ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਜੋਂ, ਉਹ ਪਿਛਲੇ ਕਈ ਦਹਾਕਿਆਂ ਤੋਂ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀਆਂ ਜਨਤਕ ਸਿੱਖਿਆ ਸੰਸਥਾਵਾਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਾਉਣ ਅਤੇ ਪਰਫੁੱਲਤ ਕਰਨ ਦਾ ਕਾਰਜ ਕਰਦਾ ਆ ਰਿਹਾ ਹੈ।
ਸ਼ਹਿਜ਼ਾਦ ਨਯੀਰ ਖਾਨ
ਇਗਜ਼ੈਕੇਟਿਵ, ਪ੍ਰੋਗਰੈੱਸਿਵ ਪਾਕਿਸਤਾਨੀ ਕੈਨੇਡੀਅਨਜ਼ ਕੈਨੇਡਾ
ਸ਼ਹਿਜ਼ਾਦ ਨਯੀਰ ਖਾਨ ਦਾ ਜਨਮ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਦੱਖਣੀ ਜ਼ਿਲ੍ਹੇ ਡੇਰਾ ਗ਼ਾਜ਼ੀ ਖਾਨ ਵਿੱਚ ਹੋਇਆ ਸੀ, ਜੋ ਸਿੰਧ ਨਦੀ ਦੇ ਪੱਛਮੀ ਕੰਢੇ ’ਤੇ ਸਥਿਤ ਹੈ। ਉਹ ਦੱਖਣੀ ਏਸ਼ੀਆਈ ਕਮਿਊਨਿਟੀ ਦਾ ਇਕ ਜਾਣਿਆ ਪਛਾਣਿਆ ਸ਼ਾਂਤੀ ਅਤੇ ਸਮਾਜਿਕ ਨਿਆਂ ਦਾ ਕਾਰਕੁਨ ਹੈ ਜੋ 2006 ਵਿੱਚ ਪਾਕਿਸਤਾਨ ਤੋਂ ਕੈਨੇਡਾ ਵਿੱਚ ਆ ਵਸਿਆ ਸੀ। ਉਸ ਨੇ ਅਤੇ ਉਸ ਦੇ ਅਗਾਂਹਵਧੂ ਪਾਕਿਸਤਾਨੀ ਕੈਨੇਡੀਅਨ ਸਾਥੀਆਂ ਨੇ ‘ਸ਼ਾਂਤੀ’ ਅਤੇ ਦੱਖਣੀ ਏਸ਼ੀਆਈ ਪ੍ਰਵਾਸੀਆਂ ਨਾਲ ਜੁੜੇ ਹੋਰ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਕ ਸ਼ਾਂਤੀਪੂਰਨ, ਸਹਿਨਸ਼ੀਲ ਅਤੇ ਅਹਿੰਸਾਵਾਦੀ ਸਮਾਜ ਜਿਸ ਵਿੱਚ ਸਦਭਾਵਨਾ ਸਹਿ-ਹੋਂਦ ਇਕ ਰਹਿਣ ਯੋਗ ਹਕੀਕਤ ਬਣ ਸਕਦੀ ਹੈ ਦੀ ਸਿਰਜਣਾ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ। ਉਸ ਨੇ ਅਤੇ ਉਸ ਦੇ ਦੱਖਣੀ ਏਸ਼ੀਆਈ ਮੂਲ ਦੇ ਹਮ-ਖਿਆਲੀਆਂ ਨੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਮੂਲ, ਧਰਮ, ਜਾਤ, ਲਿੰਗ ਅਤੇ ਸ਼੍ਰੇਣੀ ਭਿੰਨਤਾਵਾਂ ਦੀ ਪਰਵਾਹ ਕੀਤੇ ਬਿਨਾਂ ‘ਸ਼ਾਂਤੀ’ ਦੇ ਇਕ ਸਾਂਝੇ ਪਲੇਟਫਾਰਮ ’ਤੇ ਲਿਆਉਣ ਵਿੱਚ ਬਹੁਤ ਵੱਡਾ ਮਹੱਤਵ ਦੇਖਿਆ ਸੀ। ਕੈਨੇਡਾ ਵਿੱਚ ਦੱਖਣੀ ਏਸ਼ੀਆਈ ਪ੍ਰਵਾਸੀਆਂ ਵਿੱਚ ਆਪਣੀਆਂ ਵਿਭਿੰਨ ਗਤੀਵਿਧੀਆਂ ਰਾਹੀਂ, ‘ਉਹ ਵੰਨ-ਸੁਵੰਨਤਾ ਵਿੱਚ ਏਕਤਾ’ ਮਨਾਉਂਦਾ ਹੈ ਅਤੇ ਆਪਣੇ ਜੱਦੀ ਦੇਸ਼ ਵਿੱਚ ਵਸਦੇ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਭੇਜਦਾ ਹੈ।
ਉਸ ਨੇ ਬਿਜ਼ਨਸ ਐੱਡਮਿਨਿਸਟ੍ਰੇਸ਼ਨ ਵਿੱਚ ਮਾਸਟਰਜ਼ ਕੀਤੀ ਹੋਈ ਹੈ ਅਤੇ ਖੇਤੀਬਾੜੀ ਦੀ ਡਿਗਰੀ ਯੂਨੀਵਰਸੀਟੀ ਆਫ ਐਗਰੀਕਲਚਰ, ਫੈਸਲਾਬਾਦ (ਲਾਇਲਪੁਰ), ਪਾਕਿਸਤਾਨ ਤੋਂ ਪ੍ਰਾਪਤ ਕੀਤੀ। ਭਾਵੇਂ ਉਹ 15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਖੇਤੀਬਾੜੀ ਵਿੱਕਰੀ ਅਤੇ ਮਾਰਕੀਟਿੰਗ ਉਦਯੋਗ ਦਾ ਕੰਮ ਕਰਦਾ ਹੈ ਪਰ ਉਸ ਦੀ ਮੁੱਖ ਰੁਚੀ ਅਤੇ ਸ਼ੌਕ ਕਵਿਤਾ, ਸਾਹਿਤ ਅਤੇ ਸੰਗੀਤ ਪ੍ਰਤੀ ਹੈ।
ਗੁਰਿੰਦਰ ਮਾਨ
ਲੈਕਚਰਾਰ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ, ਏਸ਼ੀਅਨ ਸਟੱਡੀਜ਼ ਵਿਭਾਗ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ
ਲੈਮਿੰਗਟਨ ਸਪਾ, ਇੰਗਲੈਂਡ ਦਾ ਜਮਪਲ਼, ਗੁਰਿੰਦਰ ਯੂ ਕੇ ਦੇ ਭੰਗੜਾ ਬੈਂਡਾਂ ਦੇ ਘੇਰੇ ਵਿੱਚ ਵੱਡਾ ਹੋਇਆ, ਜਿਸ ਨਾਲ ਪੰਜਾਬੀ ਸੱਭਿਆਚਾਰ ਲਈ ਉਸ ਦੇ ਸੁਭਾਵਿਕ ਜਨੂੰਨ ਵਿੱਚ ਹੋਰ ਵਾਧਾ ਹੋਇਆ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਬੈੱਚਲਰ ਦੀ ਡਿਗਰੀ ਲੈਣ ਉਪਰੰਤ ਉਹ ਮਾਸਟਰ ਡਿਗਰੀ ਹਾਸਲ ਕਰਨ ਲਈ ਵਾਪਸ ਪਰਤਿਆ। ਉਸ ਨੂੰ ਕਾਵਿ ਰੂਪ ਵਿੱਚ ਲਿਖੀਆਂ ਰੋਮਾਂਟਿਕ ਲੋਕ-ਕਥਾਵਾਂ (ਕਿੱਸਿਆਂ) ਵਿੱਚ ਬਹੁਤ ਦਿਲਚਸਪੀ ਹੈ। ਉਹ ਵਿਸ਼ੇਸ਼ ਤੌਰ ’ਤੇ ਹੀਰ ਰਾਂਝੇ ਦੀ ਕਹਾਣੀ ਤੋਂ ਬਹੁਤ ਆਕਰਸ਼ਤ ਹੈ, ਜਿਸ ’ਤੇ ਉਸ ਨੇ ਆਪਣਾ ਥੀਸਿਸ ਲਿਖਿਆ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਵਿੱਚ ਆਪਣੀ ਉੱਤਮਤਾ ਤੋਂ ਇਲਾਵਾ, ਗੁਰਿੰਦਰ ਹਿੰਦੀ-ਉਰਦੂ ਭਾਸ਼ਾ ਦੇ ਨਾਲ-ਨਾਲ ਦੱਖਣੀ ਏਸ਼ੀਆਈ ਫਿਲਮਾਂ ਵਿੱਚ ਬਹੁਤ ਜਾਣਕਾਰ ਹੈ ਅਤੇ ਉਸ ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਉਨ੍ਹਾਂ ਖੇਤਰਾਂ ਵਿੱਚ ਕੋਰਸ ਵੀ ਪੜ੍ਹਾਏ ਹਨ। ਸਾਲ 2020 ਵਿੱਚ ਉਸ ਨੇ ਏਸ਼ੀਅਨ ਸਟੱਡੀਜ਼ ਵਿਭਾਗ ਵਿੱਚ ਲੈਕਚਰਾਰ ਆਫ ਦਾ ਯੀਅਰ ਅਵਾਰਡ ਹਾਸਲ ਕੀਤਾ।
ਗੁਰਿੰਦਰ ਕੋਲ ਅਪਲਾਇਡ ਲੀਗਲ ਸਟੱਡੀਜ਼ ਵਿੱਚ ਮਾਸਟਰ ਡਿਗਰੀ ਵੀ ਹੈ ਅਤੇ ਉਹ ਨਿਆਂ, ਕਾਨੂੰਨ ਅਤੇ ਅਪਰਾਧ ਦੀ ਰੋਕਥਾਮ ਦੇ ਖੇਤਰਾਂ ਵਿੱਚ ਮਾਹਰ ਹੈ। ਕਮਿਊਨਿਟੀ ਨਿਆਂ ਸੰਗਠਨ ਲਈ ਕਾਰਜਕਾਰੀ ਨਿਰਦੇਸ਼ਕ ਵਜੋਂ ਸੇਵਾ ਕਰਨ ਤੋਂ ਇਲਾਵਾ, ਉਸ ਨੇ ਬੀ ਸੀ ਦੇ ਸੰਯੁਕਤ ਫੋਰਸਿਜ਼ ਸਪੈਸ਼ਲ ਐੱਨਫੋਰਸਮੈਂਟ ਯੂਨਿਟ ਲਈ ਖੁਫੀਆ ਜਾਣਕਾਰੀ ਦੇ ਖੇਤਰ ਵਿਚ ਛੇ ਸਾਲ ਬਿਤਾਏ, ਜੋ ਪਹਿਲਾਂ ਬੀ ਸੀ ਦੀ ਸੰਗਠਿਤ ਅਪਰਾਧ ਏਜੰਸੀ ਵਜੋਂ ਜਾਣਿਆ ਜਾਂਦਾ ਸੀ। ਉਸ ਦੀ ਪੇਸ਼ੇਵਰ ਪ੍ਰਸੰਸਾ ਬ੍ਰਿਟਿਸ਼ ਕੋਲੰਬੀਆ ਦੇ ਜਸਟਿਸ ਇੰਸਟੀਚਿਊਟ ਅਤੇ ਡਗਲਸ ਕਾਲਜ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਚਾਹਵਾਨ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਵਿੱਚ ਸਹਾਇਕ ਹੋਈ। ਉਹ ਨਿਯਮਿਤ ਤੌਰ ’ਤੇ ਪੰਜਾਬੀ ਰੇਡੀਓ ਸ਼ੋਅ ਅਤੇ ਖ਼ਬਰਾਂ ’ਤੇ ਦਿਖਾਈ ਦਿੰਦਾ ਹੈ, ਪੰਜਾਬੀ ਭਾਈਚਾਰੇ ਨੂੰ ਨਿਆਂ ਅਤੇ ਕਾਨੂੰਨਾਂ ਨੂੰ ਅਮਲ ਵਿੱਚ ਲਿਆਉਣ ਬਾਰੇ ਸਿੱਖਿਅਤ ਕਰਦਾ ਹੈ।
ਆਪ ਇਕ ਕਵੀ, ਗੁਰਿੰਦਰ ਕਈ ਸਾਲਾਂ ਤੋਂ ਲਿਖ ਰਿਹਾ ਹੈ, ਅਤੇ ਜਲਦੀ ਹੀ ਆਪਣੀ ਕਿਤਾਬ ਪ੍ਰਕਾਸ਼ਿਤ ਕਰਨ ਦੀ ਆਸ ਕਰਦਾ ਹੈ।
ਸਫ਼ੀਰ ਐੱਚ. ਰਮਾਹ
ਕੋਆਰਡੀਨੇਟਰ, ਅਕੈਡਮੀ ਆਫ ਦਾ ਪੰਜਾਬ ਇਨ ਨਾਰਥ ਅਮਰੀਕਾ (ਅਪਨਾ) ਓਕਟਨ, ਵਰਜੀਨੀਆ, ਯੁਨਾਇਟਡ ਸਟੇਟਸ
ਪਾਕਿਸਤਾਨ ਦਾ ਜੰਮ ਪਲ ਅਤੇ ਹੁਣ 30 ਸਾਲਾਂ ਤੋਂ ਯੂ. ਐੱਸ. ਏ. ਵਿੱਚ ਰਹਿਣ ਵਾਲਾ, ਸਫ਼ੀਰ ਐੱਚ. ਰਮਾਹ ਪੰਜਾਬੀ ਭਾਸ਼ਾ ਦਾ ਇਕ ਪ੍ਰਸਿੱਧ ਕਾਰਕੁਨ, ਲੇਖਕ, ਸਾਹਿਤਕ ਆਲੋਚਕ ਅਤੇ ਸੰਪਾਦਕ ਹੈ। ਉਹ ਅਕੈਡਮੀ ਆਫ ਦਾ ਪੰਜਾਬ ਇਨ ਨਾਰਥ ਅਮਰੀਕਾ (ਅਪਨਾ) ਦਾ ਬਾਨੀ ਮੈਂਬਰ ਅਤੇ ਕੋਆਰਡੀਨੇਟਰ ਹੈ। ਸਾਲ 2000 ਵਿੱਚ ਉਸ ਨੇ ਇਕ ਵੈੱਬ ਪੋਰਟਲ ‘ਅਪਨਾ’ ਸਿਰਜਿਆ ਜਿਸ ਨੂੰ ਪੰਜਾਬੀ ਇਤਿਹਾਸ, ਸੱਭਿਆਚਾਰ ਅਤੇ ਭਾਸ਼ਾ ਬਾਰੇ ਕਿਤਾਬਾਂ ਅਤੇ ਲੇਖਾਂ ਦੀ ਸਭ ਤੋਂ ਵੱਡੀ ਆਨ-ਲਾਈਨ ਡਿਪਾਜ਼ਟਰੀ ਬਣਾਇਆ ਗਿਆ। ਉਸ ਦੇ ਖੋਜ ਪੱਤਰ ਅਤੇ ਲੇਖ ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰਾਂ ਅਤੇ ਯੂ. ਐੱਸ. ਦੇ ਪ੍ਰਕਾਸ਼ਨਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਸਾਲ 2007 ਤੋਂ 2016 ਦੇ ਵਿਚਕਾਰ ਉਹ ਲੁਧਿਆਣਾ ਤੋਂ ਗੁਰਮੁਖੀ ਲਿਪੀ ਅਤੇ ਲਾਹੌਰ ਤੋਂ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋਏ ਪੰਜਾਬੀ ਰਸਾਲੇ ‘ਸਾਂਝ’ ਦਾ ਮੁੱਖ ਸੰਪਾਦਕ ਰਿਹਾ।
ਸਫ਼ੀਰ ਐੱਚ. ਰਮਾਹ ਨੇ ਅੰਗਰੇਜ਼ੀ ਸਾਹਿਤ, ਅਰਥ ਸ਼ਾਸਤਰ, ਕਾਰੋਬਾਰ ਅਤੇ ਜਾਣਕਾਰੀ ਪਰਬੰਧਨ ਦੀਆਂ ਡਿਗਰੀਆਂ ਪਾਕਿਸਤਾਨ ਅਤੇ ਯੂ. ਐਸ. ਏ. ਦੀਆਂ ਯੂਨੀਵਰਸਿਟੀਆਂ ਤੋਂ ਪ੍ਰਾਪਤ ਕੀਤੀਆਂ ਹੋਈਆਂ ਹਨ। ਉਸ ਕੋਲ ਯੂ. ਐਸ. ਏ. ਦੀਆਂ ਵੱਡੀਆਂ ਕਾਰਪੋਰੇਸ਼ਨਾਂ ਵਿੱਚ ਕਾਰਜਕਾਰੀ ਕੰਮ ਦਾ 25 ਸਾਲਾਂ ਤੋਂ ਵੱਧ ਦਾ ਤਜਰਬਾ ਹੈ, ਜਿਸ ਵਿੱਚ ਫੈਡਰਲ ਰੈਗੂਲੇਟਰੀ ਅਫੇਅਰਜ਼ ਦੇ ਡਾਇਰੈਕਟਰ ਵਜੋਂ ਕਈ ਸਾਲ ਏਟੀ. ਐਂਡ ਟੀ. ਲਈ ਕੰਮ ਕਰਨਾ ਵੀ ਸ਼ਾਮਲ ਹੈ।
ਡਾ. ਜਸਪਾਲ ਕੌਰ
ਮੁਖੀ ਅਤੇ ਪ੍ਰੋਫੈਸਰ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ, ਭਾਰਤ
ਡਾ. ਜਸਪਾਲ ਕੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਤੋਂ ਪੰਜਾਬੀ ਵਿੱਚ ਐੱਮ. ਏ. ਦੀ ਡਿਗਰੀ ਹਾਸਲ ਕੀਤੀ। ਸਾਲ 1997 ਵਿੱਚ ਉਸ ਨੇ ਇਕ ਨਿਵੇਕਲੇ ਥੀਸਿਸ ‘ਕੈਨੇਡਾ ਦੀ ਪੰਜਾਬੀ ਕਵਿਤਾ ਦਾ ਥੀਮ – ਵਿਗਿਆਨਕ ਅਧਿਐਨ’ ਨਾਲ ਦਿੱਲੀ ਯੂਨੀਵਰਸਿਟੀ ਤੋਂ ਪੀਐੱਚ. ਡੀ. ਦੀ ਡਿਗਰੀ ਪੂਰੀ ਕੀਤੀ। ਉਹ ਇਕ ਉੱਤਮ ਵਿਦਵਾਨ, ਵਿੱਦਿਅਕ ਅਤੇ ਪ੍ਰਬੰਧਕ ਹੈ। ਉਸ ਦੀਆਂ ਖੋਜ ਰੁਚੀਆਂ ਵਿੱਚ ਆਧੁਨਿਕ ਪੰਜਾਬੀ ਕਵਿਤਾ ਅਤੇ ਗਲਪ, ਪਰਵਾਸੀ ਪੰਜਾਬੀ ਸਾਹਿਤ ਕਲਾਸਕੀ ਸਿਧਾਂਤਾਂ ਦਾ ਤੁਲਨਾਤਮਕ ਅਧਿਐਨ, ਤੁਲਨਾਤਮਕ ਵਿਸ਼ਵ ਸਾਹਿਤ ਅਤੇ ਸਾਹਿਤ ਦੇ ਪੱਛਮੀ ਸਿਧਾਂਤਾਂ ਦੀ ਵਿਆਪਕ ਲੜੀ ਹੈ। ਪੰਜ ਪ੍ਰਕਾਸ਼ਨ, ਅਨੁਵਾਦ ਦੇ ਅਣਗਿਣਤ ਕਾਰਜ ਅਤੇ ਅਣਗਿਣਤ ਲੇਖਾਂ ਦਾ ਸਿਹਰਾ ਉਸ ਨੂੰ ਜਾਂਦਾ ਹੈ।
ਡਾ. ਜਸਪਾਲ ਕੌਰ ਵਿਸ਼ਵ ਵਿਆਪੀ ਪੱਧਰ ’ਤੇ ਪੰਜਾਬੀ ਅਤੇ ਸਾਹਿਤ ਨੂੰ ਅੱਗੇ ਵਧਾਉਣ ਵਿੱਚ ਮੋਹਰੀ ਰਹੀ ਹੈ। ਉਸ ਨੇ ਦਿੱਲੀ, ਲਾਹੌਰ, ਟੋਰਾਂਟੋ, ਪਟਿਆਲਾ, ਵੁਲਵਰਹੈਂਪਟਨ ਅਤੇ ਚੰਡੀਗੜ੍ਹ ਵਿੱਚ ਵੱਡੀਆਂ ਵੱਡੀਆਂ ਪੰਜਾਬੀ ਕਾਨਫਰੰਸਾਂ ਦੇ ਆਯੋਜਨ ਵਿੱਚ ਸਹਾਇਤਾ ਕੀਤੀ ਅਤੇ ਹਿੱਸਾ ਵੀ ਲਿਆ। ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਦਿੱਲੀ ਪਬਲਿਕ ਲਾਇਬ੍ਰੇਰੀ ਦੀ ਸਰਗਰਮ ਮੈਂਬਰ ਹੈ। ਉਸ ਨੇ ਐੱਮ. ਏ. ਅਤੇ ਪੀਐੱਚ. ਡੀ. ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਅਧਿਆਪਨ ਅਤੇ ਨਿਗਰਾਨੀ ਕਰਦਿਆਂ ਸਾਲ 2018 ਤੋਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਮੁਖੀ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।
ਰਘਬੀਰ ਸਿੰਘ
ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (ਭਾਰਤ) ਅਤੇ ਸਾਬਕਾ ਮੁਖੀ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ (ਭਾਰਤ)
ਡਾ. ਰਘਬੀਰ ਸਿੰਘ ਦਾ ਜਨਮ ੧੯੩੯ ਵਿੱਚ ਪੰਜਾਬ ਦੇ ਜ਼ਿਲਾ੍ਹ ਲੁਧਿਆਣਾ ਦੇ ਇੱਕ ਪਿੰਡ ਵਿੱਚ ਹੋਇਆ। ਉਹ ਪੰਜਾਬੀ ਬੋਲੀ ਦਾ ਵਿਦਵਾਨ ਅਤੇ ਉੱਘਾ ਸਾਹਿਤ ਆਲੋਚਕ ਹੈ। ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਅਧਿਆਪਕ ਵਜੋਂ ੩੦ ਸਾਲ ਕੰਮ ਕੀਤਾ ਹੈ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਵਿਭਾਗ ਦਾ ਮੁਖੀ ਰਹਿ ਚੁੱਕਾ ਹੈ। ੧੯੬੫ ਤੋਂ ਉਹ ਪੰਜਾਬੀ ਵਿੱਚ ਤਿਮਾਹੀ ਸਾਹਿਤਕ ਰਸਾਲਾ ਸਿਰਜਣਾ ਕੱਢ ਰਿਹਾ ਜੈ ਜਿਸਨੇ ਪੰਜਾਬੀ ਸਾਹਿਤ ਵਿੱਚ ਨੌਜਵਾਨ ਲੇਖਕਾਂ ਨੂੰ ਅੱਗੇ ਲਿਆਉਣ ਅਤੇ ਨਵੀਆਂ ਪਿਰਤਾਂ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਸਨੇ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ, ਸੰਪਾਦਿਤ ਕੀਤੀਆਂ ਅਤੇ ਅਨੁਵਾਦ ਕੀਤੀਆਂ ਹਨ, ਜਿਹਨਾਂ ਵਿੱਚ ਯਥਾਰਥੀ ਸਾਹਿਤਕ ਆਲੋਚਨਾ ਦੀ ਪ੍ਰਮੁੱਖ ਕਿਤਾਬ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ ਰਹਿ ਚੁੱਕਾ ਹੈ ਜੋ ਕਿ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਹੈ। ਉਹ ਪੰਜਾਬ ਸਰਕਾਰ ਦੁਆਰਾ ਗਠਿਤ ਪੰਜਾਬ ਸਾਹਿਤ ਅਕਾਦਮੀ ਅਤੇ ਪੰਜਾਬ ਆਰਟਸ ਕਾਊਂਸਲ ਦਾ ਮੁੱਖ ਕਾਰਜਕਰਤਾ ਵੀ ਹੈ।
ਡਾ. ਰਘਬੀਰ ਸਿੰਘ ਨੂੰ ਅਨੇਕਾਂ ਅਵਾਰਡ ਅਤੇ ਸਨਮਾਨ ਮਿਲੇ ਹਨ, ਜਿਹਨਾਂ ਵਿੱਚ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੀ ਫੈਲੋਸ਼ਿਪ ਅਤੇ ਪੰਜਾਬ ਸਰਕਾਰ ਦਾ ਸ਼੍ਰੋਮਣੀ ਸਾਹਿਤਕ ਪੱਤਰਕਾਰ ਅਵਾਰਡ ਸ਼ਾਮਲ ਹਨ।
ਹਰਭਜਨ ਸਿੰਘ ਭਾਟੀਆ
ਪ੍ਰੋਫੈਸਰ, ਪੰਜਾਬੀ ਅਧਿਐਨ ਸਕੂਲ ਅਤੇ ਸਾਬਕਾ ਡੀਨ, ਭਾਸ਼ਾ ਫੈਕਲਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਡਾ: ਹਰਭਜਨ ਸਿੰਘ ਭਾਟੀਆ ਪੰਜਾਬੀ ਅਕਾਦਮਿਕ ਭਾਈਚਾਰੇ ਵਿਚ ਇਕ ਨਾਮਵਰ ਸ਼ਖਸੀਅਤ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਚ ਪੰਜਾਬੀ ਅਧਐਨ ਸਕੂਲ ਦਾ ਮੁਖੀ ਰਿਹਾ ਹੈ ਅਤੇ ਅੱਜ ਕੱਲ੍ਹ ਉੱਥੇ ਹੀ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਿਹਾ ਹੈ। ਪੰਜਾਬੀ ਵਿਚ ਪੀਐੱਚ.ਡੀ. ਦੀ ਡਿਗਰੀ ਦੇ ਨਾਲ਼ ਨਾਲ਼ ਉਸ ਨੇ ਫਾਰਸੀ ਅਤੇ ਉਰਦੂ ਜ਼ੁਬਾਨ ਵਿਚ ਵੀ ਡਿਪਲੋਮੇ ਹਾਸਲ ਕੀਤੇ ਹੋਏ ਹਨ। ਸਾਹਿਤ ਸਿਧਾਂਤ, ਸਾਹਿਤ ਇਤਿਹਾਸ ਅਤੇ ਸਾਹਿਤ ਆਲੋਚਨਾ ਨਾਲ ਸੰਬੰਧਤ ਵਿਸ਼ਿਆਂ ਵਿਚ ਵਿਦਵਤਾਪੂਰਨ ਖੋਜ ਵਿਚ ਉਸਦੀ ਵਿਸ਼ੇਸ਼ ਦਿਲਚਸਪੀ ਰਹੀ ਹੈ। ਇਸ ਪਾਸੇ ਉਹ ਅਨੇਕਾਂ ਕਿਤਾਬਾਂ ਅਤੇ ਖੋਜ ਪੱਤਰ ਪ੍ਰਕਾਸ਼ਤ ਕਰਵਾ ਚੁੱਕਾ ਹੈ। ਭਾਰਤੀ ਸਾਹਿਤ ਅਕਾਦਮੀ ਦੀ ਪੰਜਾਬੀ ਸਲਾਹਕਾਰ ਕਮੇਟੀ ਦਾ ਮੈਂਬਰ ਹੋਣ ਤੋਂ ਇਲਾਵਾ ਉਹ ਭਾਰਤ ਵਿਚ ਦੋ ਵੱਡੇ ਸਾਹਿਤਕ ਇਨਾਮਾਂ – ਗਿਆਨਪੀਠ ਅਵਾਰਡ ਅਤੇ ਸਰਸਵਤੀ ਅਵਾਰਡ ਦੀਆਂ ਸਲਾਹਕਾਰ ਕਮੇਟੀਆਂ ਨਾਲ ਵੀ ਜੁੜਿਆ ਰਿਹਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਕਈ ਗੌਰਵਮਈ ਇਨਾਮ ਉਸਦੀ ਝੋਲੀ ਪੈ ਚੁੱਕੇ ਹਨ।
ਡਾ: ਖੌਲ੍ਹਾ ਇਫ਼ਤਖਾਰ ਚੀਮਾ
ਮੁਖੀ ਅਤੇ ਸਹਾਇਕ ਪ੍ਰੋਫੈਸਰ, ਪਾਕਿਸਤਾਨ ਸਟੱਡੀਜ਼ ਵਿਭਾਗ, ‘ਦਾ ਇਸਲਾਮੀਆ ਯੂਨੀਵਰਸਿਟੀ ਆਫ਼ ਬਹਾਵਲਪੁਰ’, ਬਹਾਵਲਨਗਰ, ਪਾਕਿਸਤਾਨ
ਖੌਲ੍ਹਾ ਇਫ਼ਤਖਾਰ ਚੀਮਾ ਅੱਜ ਕੱਲ੍ਹ ‘ਦਾ ਇਸਲਾਮੀਆ ਯੂਨੀਵਰਸਿਟੀ ਆਫ਼ ਬਹਾਵਲਪੁਰ’, ਬਹਾਵਲਨਗਰ, ਪਾਕਿਸਤਾਨ ਵਿਖੇ ਪਾਕਿਸਤਾਨ ਸਟੱਡੀਜ਼ ਵਿਭਾਗ ਵਿੱਚ ਮੁਖੀ ਅਤੇ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਹੈ। ਉਸ ਨੇ 2010 ਤੋਂ ਵੱਖ-ਵੱਖ ਸੰਸਥਾਵਾਂ ਵਿੱਚ ਇਕ ਖੋਜਕਾਰ, ਲੈਕਚਰਾਰ ਅਤੇ ਅਧਿਆਪਕਾ ਵਜੋਂ ਕੰਮ ਕੀਤਾ ਹੈ।
ਉਸ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ, ਕੈਨੇਡਾ, ਇੰਗਲੈਂਡ ਦੀ ‘ਡ ਮੌਂਟਫੋਰਡ ਯੂਨੀਵਰਸਿਟੀ’, ਲੈਸਟਰ ਅਤੇ ਐੱਸ ਓ ਏ ਐੱਸ ਯੂਨੀਵਰਸਿਟੀ ਆਫ਼ ਲੰਡਨ, ਯੂ. ਕੇ. ਵਿਖੇ ਖੋਜਕਰਤਾ ਦੇ ਅਹੁਦੇ ਨਿਭਾਏ। ਇਕ ਵਿਦਿਆਰਥੀ ਅਤੇ ਖੋਜਕਰਤਾ ਦੇ ਤੌਰ ’ਤੇ ਉਸ ਨੇ ਪੰਜਾਬੀ ਸਮਾਜ, ਇਤਿਹਾਸ ਅਤੇ ਧਰਮ ਨਾਲ ਸੰਬੰਧਿਤ ਵਿਸ਼ਿਆਂ ’ਤੇ ਅਕਾਦਮਕ ਪੇਪਰ ਲਿਖੇ, ਲਿਪੀਅੰਤਰਿਤ ਅਤੇ ਸੰਪਾਦਿਤ ਵੀ ਕੀਤੇ।
ਚੀਮਾ ਨੇ 2021 ਵਿੱਚ, ਕਾਇਦ-ਏ-ਆਜ਼ਮ ਯੂਨੀਵਰਸਿਟੀ, ਇਸਲਾਮਾਬਾਦ ਤੋਂ ਇਤਿਹਾਸ ਵਿੱਚ ਪੀਐੱਚ.ਡੀ. ਕੀਤੀ। ਉਸ ਨੇ ਯੂਨੀਵਰਸਿਟੀ ਆਫ਼ ਪੰਜਾਬ, ਲਹੌਰ ਤੋਂ ਇਤਿਹਾਸ ਵਿੱਚ ਐੱਮ. ਏ. (2009) ਅਤੇ ਐੱਮ. ਫਿਲ. (2012) ਵਿੱਚ ਪੂਰੀਆਂ ਕੀਤੀਆਂ।
ਚੀਮਾ ਲਾਇਲਪੁਰ ਯੰਗ ਹਿਸਟੋਰੀਅਨਜ਼ ਕਲੱਬ ਦੀ ਸੰਸਥਾਪਕ ਅਤੇ ਪ੍ਰਧਾਨ ਵਜੋਂ ਸੇਵਾ ਨਿਭਾਉਂਦੀ ਆਈ ਹੈ। ਉਹ ਪੰਜਾਬੀ ਮੈਗਜ਼ੀਨ ‘ਕੁਕਨਾਸ’ ਦੇ ਸੰਪਾਦਕੀ ਬੋਰਡ ਦੀ ਮੈਂਬਰ ਹੈ। ਉਹ ਇਸਲਾਮੀਆ ਯੂਨੀਵਰਸਿਟੀ ਆਫ਼ ਬਹਾਵਲਪੁਰ ਦੇ ਕੈਂਪੱਸ ਵਿੱਚ ਪਰਫਾਰਮਿੰਗ ਆਰਟਸ ਸੁਸਾਇਟੀ ਦੀ ਸਲਾਹਕਾਰ ਹੈ। ਉਹ ‘ਲਾਇਲਪੁਰ ਪੰਜਾਬੀ ਸੁਲੇਖ ਮੇਲਾ’ (‘ਲਾਇਲਪੁਰ ਪੰਜਾਬੀ ਲਿਟਰੇਰੀ ਫੈਸਟੀਵਲ’) ਦੀ ਸਹਿ-ਆਯੋਜਕ ਹੈ।
ਖੌਲ੍ਹਾ ਚੀਮਾ ਢਾਹਾਂ ਪ੍ਰਾਈਜ਼ ਫਾਰ ਪੰਜਾਬੀ ਲਿਟਰੇਚਰ ਦੀ 2021 ਸੈਂਟ੍ਰਲ ਜਿਊਰੀ ਦੀ ਮੁਖੀ ਵੀ ਰਹਿ ਚੁੱਕੀ ਹੈ।
ਜੰਗ ਬਹਾਦੁਰ ਗੋਇਲ
ਸੇਵਾ ਮੁਕਤ ਸਿਵਲ ਸੇਵਕ ਅਤੇ ਪੰਜਾਬੀ ਲੇਖਕ
ਜੰਗ ਬਹਾਦੁਰ ਗੋਇਲ ਦਾ ਜਨਮ ਪੰਜਾਬ ਦੇ ਇਤਿਹਾਸਕ ਨਗਰ ‘ਜੈਤੋ’ ਵਿਖੇ ਹੋਇਆ। ਉਹ ਇਕ ਸੇਵਾਮੁਕਤ ਸਿਵਲ ਸੇਵਕ ਹੋਣ ਦੇ ਨਾਲ-ਨਾਲ ਪੰਜਾਬੀ ਦਾ ਇਕ ਨਾਮਵਰ ਲੇਖਕ, ਅਨੁਵਾਦਕ ਅਤੇ ਪੰਜਾਬੀ ਸਾਹਿਤ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਕਾਂ ਵਿੱਚੋਂ ਇਕ ਹੈ। ਉਹ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਬਰਾਬਰ ਆਸਾਨੀ ਅਤੇ ਰਵਾਨਗੀ ਨਾਲ ਲਿਖਦਾ ਹੈ। ਉਸ ਦੀਆਂ ਕਿਤਾਬਾਂ ਦਾ ਹਿੰਦੀ ਅਤੇ ਉਰਦੂ ਵਿੱਚ ਅਨੁਵਾਦ ਅਤੇ ਸ਼ਾਹਮੁਖੀ ਵਿੱਚ ਲਿਪੀਅੰਤਰਨ ਕੀਤਾ ਗਿਆ ਹੈ।
ਪੰਜ ਜਿਲਦਾਂ ਵਿੱਚ ਉਸ ਦੀ ਕਿਤਾਬ ‘ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ’ ਨੂੰ ਉਸ ਦੀ ਅਹਿਮ ਰਚਨਾ ਮੰਨਿਆ ਜਾਂਦਾ ਹੈ। ਉਸ ਦੀ ਬਹੁਤ ਪ੍ਰਸੰਸਾ ਕੀਤੀ ਗਈ ਕਿਤਾਬ ‘ਮੁਹੱਬਤਨਾਮਾ’ ਨੌਂ ਮਹਾਨ ਲੇਖਕਾਂ, ਚਿੰਤਕਾਂ ਅਤੇ ਕਵੀਆਂ ਦੇ ਪ੍ਰੇਮ ਸੰਬੰਧਾਂ ਨੂੰ ਪੇਸ਼ ਕਰਦੀ ਹੈ।
ਗੋਇਲ ਬਹੁਤ ਸਾਰੇ ਪੁਰਸਕਾਰਾਂ ਅਤੇ ਸਨਮਾਨਾਂ ਦਾ ਪ੍ਰਾਪਤਕਰਤਾ ਹੈ, ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ’ਤੇ ਪੰਜਾਬ ਕਲਾ ਪ੍ਰੀਸ਼ਦ ਦੁਆਰਾ ਪ੍ਰਦਾਨ ਕੀਤੇ ਗਏ “ਪੰਜਾਬ ਗੌਰਵ” ਹਨ। ਉਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਚੰਡੀਗੜ੍ਹ ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਵਿਸ਼ਵ ਪੰਜਾਬੀ ਕਾਨਫਰੰਸ ਅਤੇ ਪੰਜਾਬ ਸਾਹਿਤ ਸਭਾ, ਨਵੀਂ ਦਿੱਲੀ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜੰਗ ਬਹਾਦੁਰ ਨੇ 1969 ਵਿੱਚ ਗੌਰਮਿੰਟ ਕਾਲਜ, ਲੁਧਿਆਣਾ ਤੋਂ ਅੰਗਰੇਜ਼ੀ ਵਿੱਚ ਪੋਸਟ-ਗ੍ਰੈਜੂਏਸ਼ਨ ਕੀਤੀ। ਉਸ ਨੇ ਵੱਖ-ਵੱਖ ਅਹੁਦਿਆਂ ਤੇ ਸੇਵਾ ਕੀਤੀ ਅਤੇ ਖਾਸ ਤੌਰ ਤੇ ਉਹ 1995 ਵਿੱਚ ਨਵੇਂ ਬਣੇ ਜ਼ਿਲ੍ਹੇ ਦਾ ਬਾਨੀ ਡਿਪਟੀ ਕਮਿਸ਼ਨਰ ਬਣਿਆ।