ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ
ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ (ਸੀ.ਆਈ.ਈ.ਐੱਸ) ਕੈਨੇਡਾ ਅਤੇ ਭਾਰਤ ਵਿਚਕਾਰ ਸਹਿਯੋਗ ਵਧਾਉਣ ਲਈ ਅਤੇ ਭਾਰਤ ਵਿਚ ਵਿਕਾਸ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਾਜੈਕਟਾਂ ਉਪਰ ਕੰਮ ਕਰ ਚੁੱਕੀ ਹੈ। ਸੀ.ਆਈ.ਈ.ਐੱਸ ਨੇ ਪਿਛਲੇ ਵੀਹਾਂ ਵਰ੍ਹਿਆਂ ਦੌਰਾਨ ਕਨੇਡਾ ਅਤ ੇ ਭਾਰਤ ਵਿੱਚ ਸਿੱਖਿਆ, ਸਿਹਤ ਅਤੇ ਭਾਈਚਾਰਕ ਵਿਕਾਸ ਦੇ ਕਈ ਕਾਰਜ ਸਫਲਤਾਪੂਰਵਕ ਨੇਪਰੇ ਚਾੜ੍ਹੇ ਹਨ। ਸੀ.ਆਈ.ਈ.ਐੱਸ ੧੯੯੧ ਤੋਂ ਪੰਜਾਬ ਦੇ ਇਕ ਪਿੰਡ ਢਾਹਾਂ-ਕਲੇਰਾਂ ਵਿਚ ਗੁਰੂ ਨਾਨਕ ਮਿਸ਼ਨ ਮੈਡੀਕਲ ਅਤੇ ਐਜੂਕੇਸ਼ਨ ਟਰੱਸਟ ਦੀ ਵੀ ਸਹਾਇਤਾ ਕਰ ਰਹੀ ਹੈ। ਸੀ.ਆਈ.ਈ.ਐੱਸ ਅੱਜ-ਕੱਲ੍ਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸਕੂਲ ਆਫ ਨਰਸਿੰਗ ਵਿਚਕਾਰ ਸਹਿਯੋਗ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਹਾਲ ਹੀ ਵਿਚ ਇਸਨੇ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਪੰਜਾਬ ਦੇ ਦੋ ਪਿੰਡਾਂ ਦੌਲਤਪੁਰ ਅਤੇ ਢਾਹਾਂ ਵਿਚ ਆਧਾਰ ਢਾਚਾਂ ਤਿਆਰ ਕਰਨ ਤੇ ਕੰਮ ਸ਼ੁਰੂ ਕੀਤਾ ਹੈ।
ਏਸ਼ੀਅਨ ਸਟੱਡੀਜ਼ ਵਿਭਾਗ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚਲਾ ਏਸ਼ੀਅਨ ਸਟੱਡੀਜ਼ ਵਿਭਾਗ ਉੱਤਰੀ ਅਮਰੀਕਾ ਵਿੱਚ ਏਸ਼ੀਆਈ ਸਮਾਜਾਂ, ਧਰਮਾਂ, ਬੋਲੀਆਂ ਅਤੇ ਸੱਭਿਆਚਾਰਾਂ ਦੇ ਅਧਿਐਨ ਦੇ ਪ੍ਰਮੁੱਖ ਕੇਂਦਰਾਂ ਵਿਚੋਂ ਇਕ ਹੈ ਜਿੱਥੇ ਸਿੱਖ ਸਟੱਡੀਜ਼ ਅਤੇ ਪੰਜਾਬੀ ਬੋਲੀ ਦੇ ਅਧਿਐਨ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇੱਥੇ ਉੱਤਰੀ ਅਮਰੀਕਾ ਵਿਚ ਪੰਜਾਬੀ ਬੋਲੀ ਦੇ ਅਧਿਆਪਨ ਦਾ ਸਭ ਤੋਂ ਵਿਸਤ੍ਰਿਤ ਕਾਰਜਕ੍ਰਮ ਸਥਿਤ ਹੈ ਜਿੱਥੇ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਬੋਲੀ ਦੀ ਗੰਭੀਰ ਸਿੱਖਿਆ ਦਿੱਤੀ ਜਾਂਦੀ ਹੈ। ਵਿਭਾਗ ੨੦੦੯ ਤੋਂ ਬੀ.ਸੀ. ਵਿਚਲੇ ਪੰਜਾਬੀ ਸਾਹਿਤ ਲਈ ਸਿੱਧੂ ਪਰਿਵਾਰ ਦੇ ਸਹਿਯੋਗ ਨਾਲ ਹਰਜੀਤ ਕੌਰ ਸਿੱਧੂ ਮੈਮੋਰੀਅਲ ਪ੍ਰੋਗ੍ਰਾਮ ਦੇ ਹਿੱਸੇ ਵਜੋਂ ਇਕ ਸਾਲਾਨਾ ਇਨਾਮ ਵੀ ਦਿੰਦਾ ਹੈ।