
ਵੈਨਕੂਵਰ, ਬੀ.ਸੀ. (14 ਨਵੰਬਰ, 2024) – ਪੰਜਾਬੀ ਗਲਪ ਲਈ ਵਿਸ਼ਵ ਦੇ ਦਸਤਖ਼ਤ ਪ੍ਰਾਈਜ਼ ਨੇ ਕੱਲ੍ਹ ਆਪਣੇ 11ਵੇਂ ਸਲਾਨਾ ਜੇਤੂ, ਜਿੰਦਰ (ਜਲੰਧਰ, ਪੰਜਾਬ, ਭਾਰਤ) ਨੂੰ ਉਸ ਦੇ ਕਹਾਣੀ ਸੰਗ੍ਰਹਿ, ‘ਸੇਫ਼ਟੀ ਕਿੱਟ ‘ ਲਈ 25 ਹਜ਼ਾਰ ਕੈਨੇਡੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ।

ਉਸ ਦੇ ਨਾਲ, ਸ਼ਹਿਜ਼ਾਦ ਅਸਲਮ (ਲਹੌਰ, ਪੰਜਾਬ, ਪਾਕਿਸਤਾਨ) ਅਤੇ ਸੁਰਿੰਦਰ ਨੀਰ (ਜੰਮੂ, ਜੰਮੂ ਅਤੇ ਕਸ਼ਮੀਰ, ਭਾਰਤ) ਨੂੰ ਫਾਈਨਲਿਸਟਾਂ ਵਜੋਂ 10 – 10 ਹਜ਼ਾਰ ਕੈਨੇਡੀਅਨ ਡਾਲਰਾਂ ਨਾਲ ਸਨਮਾਨਿਤ ਕੀਤਾ ਗਿਆ। ਅਸਲਮ ਨੂੰ ਉਸ ਦੇ ਕਹਾਣੀ ਸੰਗ੍ਰਹਿ ‘ਜੰਗਲ ਰਾਖੇ ਜਗ ਦੇ’ ਅਤੇ ਨੀਰ ਨੂੰ ਉਸ ਦੇ ਕਹਾਣੀ ਸੰਗ੍ਰਹਿ ‘ਟੈਬੂ’ ਲਈ ਮਾਨਤਾ ਮਿਲੀ।


‘ਸੇਫ਼ਟੀ ਕਿੱਟ ਅਤੇ ‘ਟੈਬੂ’ ਗੁਰਮੁਖੀ ਲਿਪੀ (ਭਾਰਤ ਵਿੱਚ ਆਮ ਤੌਰ ’ਤੇ ਵਰਤੀ ਜਾਂਦੀ) ਵਿੱਚ ਲਿਖੀਆਂ ਗਈਆਂ ਸਨ, ਜਦੋਂ ਕਿ ‘ਜੰਗਲ ਰਾਖੇ ਜਗ ਦੇ’ ਸ਼ਾਹਮੁਖੀ ਲਿਪੀ (ਪਾਕਿਸਤਾਨ ਵਿੱਚ ਆਮ ਤੌਰ ’ਤੇ ਵਰਤੀ ਜਾਂਦੀ) ਵਿੱਚ ਲਿਖੀ ਗਈ ਸੀ।
ਤਿੰਨ ਕਿਤਾਬਾਂ ਦੇ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਲਈ $6,000 ਕੈਨੇਡੀਅਨ ਡਾਲਰਾਂ ਦਾ ਵਾਧੂ ਅਵਾਰਡ ਰੱਖਿਆ ਗਿਆ।

ਢਾਹਾਂ ਪ੍ਰਾਈਜ਼ ਪੰਜਾਬੀ ਬੋਲੀ ਵਿੱਚ ਲਿਖੀਆਂ ਗਲਪ ਕਿਤਾਬਾਂ ਲਈ ਸਭ ਤੋਂ ਵੱਡਾ ਗਲੋਬਲ ਸਾਹਿਤਕ ਇਨਾਮ ਹੈ।
ਜਿੰਦਰ ਨੇ ਕਿਹਾ, “ਮੈਂ ਇਹ ਵਕਾਰੀ ਇਨਾਮ ਜਿੱਤਣ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਮੈਂ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ ਕਿ ਮੈਂ ਕੈਨੇਡਾ ਵਿਖੇ ਇਹ ਇਨਾਮ ਪ੍ਰਾਪਤ ਕਰਾਂਗਾ। ਹੁਣ ਮੈਂ ਆਪਣੀਆਂ ਲਿਖਤਾਂ ਪ੍ਰਤੀ ਵੱਡੀ ਜ਼ਿੰਮੇਵਾਰੀ ਮਹਿਸੂਸ ਕਰਦਾ ਹਾਂ”।
14 ਨਵੰਬਰ, 2024 ਨੂੰ ਸਰੀ, ਬੀ.ਸੀ. ਵਿੱਚ ਨੌਰਥਵਿਊ ਗਲਫ਼ ਐਂਡ ਕੰਟਰੀ ਕਲੱਬ ਵਿਖੇ ਆਯੋਜਿਤ ਸਮਾਰੋਹਾਂ ਦੌਰਾਨ, ਅਵਾਰਡੀਆਂ ਨੂੰ ਉਨ੍ਹਾਂ ਦੇ ਇਨਾਮਾਂ ਦੇ ਨਾਲ ਨਾਲ ਕਲਾਕਾਰ-ਹੱਥੀਂ ਤਿਆਰ ਕੀਤੀਆਂ ਟਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਵਿਧਾਇਕ ਰਾਜ ਚੌਹਾਨ, ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ “ਪੰਜਾਬੀ ਸਾਹਿਤ ਹਫ਼ਤੇ” ਦੇ ਐਲਾਨ ਦੀ ਪੇਸ਼ਕਾਰੀ ਵੀ ਇਸ ਸਮਾਗਮ ਦਾ ਹਿੱਸਾ ਸੀ।
ਕੈਰਲ ਰਿਚਰਡਸਨ, ਸਰੀ ਦੀ ਮੇਅਰ ਬਰੈਂਡਾ ਲੌਕ ਦੀ ਕਾਰਜਕਾਰੀ ਸਹਾਇਕ, ਨੇ ਵੀ ਇਸ ਬਾਰੇ ਸਰੀ ਸਿਟੀ ਵੱਲੋਂ ਐਲਾਨ ਪੇਸ਼ ਕੀਤਾ। ਵੈਨਕੂਵਰ ਸਿਟੀ ਨੇ ਇਕ ਦਿਨ ਪਹਿਲਾਂ ਇਸ ਦਾ ਐਲਾਨ ਪੇਸ਼ ਕਰ ਦਿੱਤਾ ਸੀ।

ਸ਼ਹਿਜ਼ਾਦ ਅਸਲਮ ਨੇ ਸਾਂਝਾ ਕੀਤਾ, “ਇਕ ਵਕਾਰੀ ਪ੍ਰਾਈਜ਼ ਵੱਲੋਂ ਇਕ ਲੇਖਕ ਦੇ ਤੌਰ ’ਤੇ ਮਾਨਤਾ ਪ੍ਰਾਪਤ ਕਰਨਾ ਇਹ ਜਾਣਨਾ ਹੈ ਕਿ ਸਾਹਿਤਕ ਯਾਤਰਾ ਯਾਤਰਾ ਕਰਨ ਦੇ ਯੋਗ ਹੈ। ਮੇਰਾ ਲਿਖਣ ਦਾ ਜਨੂੰਨ ਹੁਣ ਜੋਸ਼ ਵਿੱਚ ਬਦਲ ਗਿਆ ਹੈ”।

ਸੁਰਿੰਦਰ ਨੀਰ ਨੇ ਨੋਟ ਕੀਤਾ, “ਮੈਂ ਢਾਹਾਂ ਪ੍ਰਾਈਜ਼ ਦੀ ਫਾਈਨਲਿਸਟ ਬਣਨ ’ਤੇ ਇੰਨਾ ਰੋਮਾਂਚਿਤ ਹੋ ਗਈ ਸੀ ਕਿ ਮੈਨੂੰ ਕਾਂਬਾ ਛਿੜ ਪਿਆ। ਇਹ ਮੇਰੇ ਲਈ ਵੱਡੇ ਸਨਮਾਨ ਦੀ ਗੱਲ ਹੈ। ਇਹ ਜੰਮੂ-ਕਸ਼ਮੀਰ ਦੇ ਸਮੁੱਚੇ ਸਾਹਿਤ ਨੂੰ ਵਿਸ਼ਵ ਪੱਧਰ ’ਤੇ ਵੀ ਮਾਨਤਾ ਦਿੰਦਾ ਹੈ”।
ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਰੀ ਕੈਪਸ ਵਿੱਚ 12 ਸਤੰਬਰ, 2024 ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ, ਜ਼ੁਬੈਰ ਆਹਮਦ, ਢਾਹਾਂ ਪ੍ਰਾਈਜ਼ ਸਲਾਹਕਾਰ ਬੋਰਡ ਦੇ ਮੁਖੀ ਨੇ ਕਿਹਾ:
“ਸ਼ਾਰਟਲਿਸਟ ਕੀਤੀਆਂ ਕਿਤਾਬਾਂ ਵਿੱਚ ਕਈ ਦੇਸ਼ਾਂ ਵਿੱਚ ਪੰਜਾਬੀਆਂ ਨਾਲ ਸੰਬੰਧਤ ਮੌਜੂਦਾ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕਹਾਣੀਆਂ ਦੇ ਵਿਸ਼ੇ ਵਸਤੂਆਂ ਵਿੱਚ ਵਾਤਾਵਰਨ, ਔਰਤਾਂ ਦਾ ਸਸ਼ਕਤੀਕਰਨ, ਜਾਤ, ਮਰਦਾਂ ਅਤੇ ਔਰਤਾਂ ਵਿਚਕਾਰ ਮਨੁੱਖੀ ਰਿਸ਼ਤੇ, ਪੰਜਾਬੀ ਡਾਇਸਪੁਰਾ ਅਤੇ ਹੋਰ ਬਹੁਤ ਕੁੱਝ ਸ਼ਾਮਲ ਹੈ।”
“ਲੇਖਕਾਂ ਨੇ ਕਹਾਣੀ ਸੁਣਾਉਣ ਦੀ ਸ਼ਾਨਦਾਰ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਅੰਗਰੇਜ਼ੀ ਅਨੁਵਾਦ ਲਈ ਚੰਗੇ ਉਮੀਦਵਾਰ ਹਨ”, ਉਸ ਨੇ ਅੱਗੇ ਕਿਹਾ।
ਇਸੇ ਪ੍ਰੈਸ ਕਾਨਫਰੰਸ ਵਿੱਚ, ਪ੍ਰਾਈਜ਼ ਦੇ ਸੰਸਥਾਪਕ ਬਾਰਜ ਸਿੰਘ ਢਾਹਾਂ ਨੇ ਕਿਹਾ:
“ਸਾਡਾ ਟੀਚਾ ਹਰ ਸਾਲ ਜਾਰੀ ਹੋਣ ਵਾਲੇ ਪੰਜਾਬੀ ਗਲਪ ਦੀਆਂ ਉੱਤਮ ਰਚਨਾਵਾਂ ਨੂੰ ਵਿਆਪਕ ਲੋਕਾਂ ਤੱਕ ਪਹੁੰਚਾਉਣਾ ਹੈ। ਇਕ ਸੰਗਠਨ ਦੇ ਤੌਰ ’ਤੇ ਅਸੀਂ ਹਮੇਸ਼ਾ ਪਰਵਾਸੀ ਪੰਜਾਬ ਨਾਲ ਦੋ ਪੰਜਾਬਾਂ ਦੇ ਪੁਲ ਬੰਨ੍ਹਣ ਲਈ ਯਤਨਸ਼ੀਲ ਰਹਿੰਦੇ ਹਾਂ। ਲਿਪੀਅੰਤਰਨ ਅਜਿਹਾ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇਕ ਹੈ।”
“ਅਸੀਂ ਉਮੀਦ ਕਰਦੇ ਹਾਂ ਕਿ ਲਿਪੀਅੰਤਰਨ ਰਾਹੀਂ, ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਛਪੀਆਂ ਕਿਤਾਬਾਂ ਦੁਨੀਆਂ ਭਰ ਦੇ ਲੋਕਾਂ ਦੇ ਹੱਥਾਂ ਵਿੱਚ ਆਉਣਗੀਆਂ।”
ਸਮਾਰੋਹਾਂ ਦੌਰਾਨ, ਬਾਰਜ ਸਿੰਘ ਢਾਹਾਂ ਨੇ ਨਵੇਂ-ਗਠਿਤ, $200,000 ਢਾਹਾਂ ਲੁਮੀਨੇਰੀਜ਼ ਅਵਾਰਡ (ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੁਆਰਾ ਮੇਲ ਖਾਂਦੇ $50,000 ਸਮੇਤ) ਦਾ ਐਲਾਨ ਕੀਤਾ। ਇਹ ਫੰਡ ਅਗਲੇ ਛੇ ਸਾਲਾਂ ਵਿੱਚ ਦੁਨੀਆਂ ਭਰ ਦੀਆਂ ਪੰਜ ਭਾਈਵਾਲ ਯੂਨੀਵਰਸਿਟੀਆਂ ਵਿੱਚ ਪੰਜਾਬੀ ਪੜ੍ਹ ਰਹੇ ਘੱਟੋ-ਘੱਟ 42 ਐੱਮ ਏ ਵਿੱਚ ਦਾਖਲ ਵਿਦਿਆਰਥੀਆਂ ਨੂੰ ਵੰਡੇ ਜਾਣਗੇ।
ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ (CIES) ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC) ਦੁਆਰਾ 2013 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ, ਢਾਹਾਂ ਪ੍ਰਾਈਜ਼ ਨੇ ਆਲੋਚਨਾਤਮਕ ਪ੍ਰਸੰਸਾ ਪ੍ਰਾਪਤ ਕੀਤੀ ਹੈ। ਇਸ ਪ੍ਰਾਈਜ਼ ਰਾਹੀਂ, ਅਭਿਲਾਸ਼ੀ ਅਤੇ ਸਥਾਪਿਤ ਲੇਖਕਾਂ ਨੂੰ ਮਹੱਤਵਪੂਰਨ ਐਕਪੋਜ਼ਰ ਮਿਲਿਆ ਹੈ। ਲੇਖਕਾਂ ਦੀਆਂ ਕਿਤਾਬਾਂ ਨੂੰ ਵਿਆਪਕ ਅਤੇ ਬਹੁ-ਭਾਸ਼ਾਈ ਸਰੋਤਿਆਂ ਤੱਕ ਪਹੁੰਚਾਉਣ ਲਈ ਪੜਾਅ ਵੀ ਨਿਰਧਾਰਤ ਕੀਤਾ ਗਿਆ ਹੈ।
ਢਾਹਾਂ ਪ੍ਰਾਈਜ਼ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਸਥਾਪਤ ਕੀਤਾ ਗਿਆ ਸੀ ਜਿਥੇ ਪੰਜਾਬੀ ਲੋਕਾਂ, ਬੋਲੀ ਅਤੇ ਸੱਭਿਆਚਾਰ ਦਾ ਅਮੀਰ ਇਤਿਹਾਸ ਹੈ। ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ ਅਤੇ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇਕ ਮਜ਼ਬੂਤ ਤੰਦ ਦੀ ਤਰ੍ਹਾਂ ਹੈ।
ਪ੍ਰਾਈਜ਼ ਦਾ ਪੇਸ਼ਕਾਰੀ ਸਾਥੀ ਆਰ ਬੀ ਸੀ (RBC) ਫਾਊਂਡੇਸ਼ਨ ਹੈ। ਬਾਰਜ ਅਤੇ ਰੀਟਾ ਢਾਹਾਂ, ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਪ੍ਰਾਇਮਰੀ ਫੰਡਰ ਹਨ।
2024 ਦੇ ਸਪਾਂਸਰਾਂ ਵਿੱਚ ਆਰ ਬੀ ਸੀ (RBC) ਡੋਮੀਨੀਅਨ ਸਿਕਿਓਰਿਟੀਜ਼ – ਹਾਰਜ ਅਤੇ ਦਰਸ਼ਨ ਗਰੇਵਾਲ, ਜੀ.ਐੱਲ. ਸਮਿੱਥ ਪਲੈਨਿੰਗ ਐਂਡ ਡਿਜ਼ਾਈਨ ਇੰਕ., ਏਡਰੀਅਨ ਕੀਨਨ ਪਰਸਨਲ ਰੀਅਲ ਐਸਟੇਟ ਕਾਰਪੋਰੇਸ਼ਨ (ਰੀਮੈਕਸ, ਮੇਅਨ-ਪੈਂਡਰ), ਐੱਸ ਐੱਫ਼ ਯੂ ਦਾ ਵੈਨਸਿਟੀ ਆਫਿਸ ਆਫ ਕਮਿਊਨਿਟੀ ਐਂਗੇਜਮੈਂਟ ਅਤੇ ਟਿਮ ਹੌਰਟਨਜ਼ ਸਾਮਲ ਹਨ।
ਪੰਜਾਬੀ ਸਾਹਿਤ ਲਈ ਢਾਹਾਂ ਪ੍ਰਾਈਜ਼ ਬਾਰੇ:
ਸੰਪਰਕ ਲਈ ਜਾਣਕਾਰੀ:
admin@dhahanprize.com604-328-6322
ਟਵਿਟਰ: https://x.com/DhahanPrize
ਫੇਸਬੁੱਕ: https://www.facebook.com/DhahanPrize
ਇੰਸਟਾਗ੍ਰਾਮ: https://www.instagram.com/dhahanprize/