ਆਮ-ਖ਼ਾਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ‘ਆਮ’ ਅਰਥਾਤ ਹਾਸ਼ੀਆਗਤ ਵਰਗ- ਦਲਿਤ, ਪਰਵਾਸੀ ਮਜ਼ਦੂਰ, ਝੁੱਗੀ-ਵਸਨੀਕ ਅਤੇ ਉਹ ਜੋ ‘ਖ਼ਾਸ’ ਭਾਵ ਦੂਜਿਆਂ ਉੱਤੇ ਆਪਣੀ ਤਾਕਤ ਦਾ ਸਵੈ-ਦਾਅਵਾ ਕਰਨ ਵਾਲੇ ਸੱਤਾਵਾਨ ਲੋਕਾਂ ਬਾਰੇ ਹਨ। ਰੂਸ-ਰੂਸ, ਅਮਰੀਕਾ-ਅਮਰੀਕਾ ਕਹਾਣੀ ਸਮਾਜਵਾਦੀ ਵਿਚਾਰਧਾਰਾ ਦੇ ਪਤਨ ਤੇ ਵਿਸ਼ਵੀਕਰਨ, ਉਦਾਰੀਕਰਨ ਅਤੇ ਪੂੰਜੀਵਾਦ ਦੀ ਚੜ੍ਹਤ ਦੇ ਵਰਤਾਰੇ ਨਾਲ ਬਦਲਦੇ ਮਨੁੱਖ ਤੇ ਉਸ ਦੇ ਵਿਵਹਾਰ ਦਾ ਬੜਾ ਸਹਿਜ ਤੇ ਰਮਜ਼ੀ ਪ੍ਰਗਟਾਵਾ ਹੈ। ਇਕਬਾਲ ਨਾਂ ਦਾ ਇਕ ਜਵਾਨ ਆਦਰਸ਼ਵਾਦੀ ਆਪਣੇ ਮਿੱਤਰ ਮੋਦਨ ‘ਤੇ ਜ਼ੈਲਦਾਰ ਵਲੋਂ ਬੇਰਹਿਮੀ ਨਾਲ ਢਾਹੇ ਗਏ ਜ਼ੁਲਮ ਦਾ ਬਦਲਾ ਇਕ ਕਾਰਜਨੀਤਕ ਢੰਗ ਨਾਲ ਲੈਂਦਾ ਹੈ। ਪਰ ਹੁਣ ਰਾਜਨੀਤਕ ਹਵਾਵਾਂ ਦਾ ਦੌਰ ਬਦਲਣ ਕਰ ਕੇ ਉਹ ਆਪਣੀ ‘ਕਾਮਰੇਡੀ’ ਛੱਡ ਕੇ ਪੰਚਾਇਤੀ ਚੋਣਾਂ ਲਈ ਭਰਿਸ਼ਟ ਢੰਗਾਂ ਨਾਲ ਵੋਟਾਂ ਖਰੀਦਦਾ ਹੈ। ਇਸੇ ਤਰ੍ਹਾਂ ਰੁਪਾਣਾ ਦਿੱਲੀ ਸ਼ਹਿਰ ਦੇ ਅਵਾਰਾ ਮੁੰਡਿਆਂ ਬਾਰੇ ਇਕ ਦਿਲਚਸਪ ਕਹਾਣੀ ਅਕਲ ਦੀ ਰਚਨਾ ਕਰਦਾ ਹੈ। ਇਹ ਮੁੰਡੇ ਕਿਸੇ ਚੰਗੇ ਮਾੜੇ ਕੰਮ ਵਿਚ ਹਿੱਸਾ ਤਾਂ ਨਹੀਂ ਲੈਦੇ ਪਰ ਉਹ ਮੰਗਤਿਆਂ ਵਾਲਾ ਸਫਲ ਜੀਵਨ ਜਿਊਣ ਲਈ ਧੋਖਾਧੜੀ ਚਾਲ ਬਾਰੇ ਕਈ ਤਰ੍ਹਾਂ ਦੀਆਂ ਅਕਲਾਂ ਸਿੱਖ ਜਾਂਦੇ ਹਨ। ਇਹ ਸੰਗ੍ਰਹਿ ਪਾਠਕਾਂ ਦੀ ਸੋਚ ਨੂੰ ਟੁੰਬਣ ਦੀ ਸਮਰੱਥਾ ਰੱਖਦਾ ਹੈ। ਇਹ ਕਹਾਣੀਆਂ ਪੰਜਾਬੀ ਬੰਦੇ ਦੇ ਸੁਭਾਅ ਅਤੇ ਵਿਹਾਰ ਦੀਆਂ ਬੁਨਿਆਦੀ ਖ਼ਸਲਤਾਂ ਨੂੰ ਪਕੜਨ ਦਾ ਯਤਨ ਕਰਦੀਆਂ ਹੋਈਆਂ ਪੰਜਾਬੀ ਸਾਹਿਤ ਵਿੱਚ ਮੁੱਲਵਾਨ ਵਾਧਾ ਕਰਦੀਆਂ ਹਨ।