Categories

ਸਰਬੋਤਮ ਪੰਜਾਬੀ ਗਲਪ ਲਈ ਢਾਹਾਂ ਸਾਹਿਤ ਇਨਾਮ 2016 ਦੇ ਜੇਤੂਆਂ ਦਾ ਐਲਾਨ

ਇਨਾਮ ਰਾਸ਼ੀ ਪੱਖੋਂ ਪੰਜਾਬੀ ਦੇ ਸਭ ਤੋਂ ਵੱਡੇ ਸਾਹਿਤ ਸਨਮਾਨ ‘ਢਾਹਾਂ ਸਾਹਿਤ ਇਨਾਮ’ ਦੇ ਸਾਲ 2016 ਦੇ ਜੇਤੂਆਂ ਦਾ ਐਲਾਨ ਕਰ ਦਿਤਾ ਗਿਆ ਹੈ। $25,000 ਕੈਨੇਡੀਅਨ ਡਾਲਰ ਦੀ ਰਾਸ਼ੀ ਵਾਲਾ ਸਭ ਤੋਂ ਵੱਡਾ ਅਵਾਰਡ ਇਸ ਵਾਰ ਨਾਮਵਰ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਜਰਨੈਲ ਸਿੰਘ ਨੂੰ ਇਹ ਇਨਾਮ 2015 ਵਿਚ ਛਪੀ ਉਨ੍ਹਾਂ ਦੀ ਕਹਾਣੀ ਪੁਸਤਕ ‘ਕਾਲੇ ਵਰਕੇ’ ਲਈ ਦਿੱਤਾ ਗਿਆ ਹੈ। ਪੰਜਾਬੀ ਨੂੰ ਗਲੋਬਲ ਪੱਧਰ ਤੇ ਪ੍ਰਮੋਟ ਕਰਨ ਲਈ ਦਿੱਤੇ ਜਾਣ ਵਾਲੇ ਇਸ ਸਾਹਿਤ ਇਨਾਮ ਦੇ ਜੇਤੂਆਂ ਦੀ ਚੋਣ ਗੁਰਮੁਖੀ ਜਾਂ ਸ਼ਾਹਮੁਖੀ ਵਿਚ ਪੰਜਾਬੀ ਗਲਪ ਲਿਖਣ ਵਾਲੇ ਲੇਖਕਾਂ ਵਿਚੋਂ ਕੀਤੀ ਜਾਂਦੀ ਹੈ।  $5,000 ਦੀ ਰਾਸ਼ੀ ਵਾਲੇ ਦੋ ਦੂਜੇ ਇਨਾਮ ਸ਼ਾਹਮੁਖੀ ਵਿਚ ਲਿਖੇ ਨਾਵਲ ‘ਤੱਸੀ ਧਰਤੀ’ ਦੇ ਲੇਖਕ ਜ਼ਾਹਿਦ ਹਸਨ ਅਤੇ ਕਹਾਣੀ ਸੰਗ੍ਰਹਿ ‘ਉਸ ਪਲ’ ਦੇ ਲੇਖਕ ਨੌਜਵਾਨ ਕਹਾਣੀਕਾਰ ਸਿਮਰਨ ਧਾਲੀਵਾਲ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।

ਢਾਹਾਂ ਸਾਹਿਤ ਸਨਮਾਨ ਦਾ ਮਕਸਦ ਹੱਦਾਂ-ਸਰਹੱਦਾਂ ਤੋਂ ਪਾਰ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਲਿਖੇ ਜਾ ਰਹੇ ਉੱਚ ਪਾਏ ਦੇ ਪੰਜਾਬੀ ਸਾਹਿਤ ਦੀ ਨਿਸ਼ਾਨਦੇਹੀ ਕਰਨਾ ਅਤੇ ਉਸ ਨੂੰ ਗਲੋਬਲ ਪੱਧਰ ਤੇ ਉਭਾਰਨਾ ਹੈ। ਇਹ ਇਨਾਮ ਪੰਜਾਬੀ ਲੇਖਕਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਪਛਾਣ ਅਤੇ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਲਈ ਨਵੇਂ ਰਾਹ ਖੋਲ੍ਹਦਾ ਹੈ।