Categories

2017 Winners awarded for excellence in Punjabi fiction

ਪਰਗਟ ਸਿੰਘ ਸਤੌਜ

ਪਰਗਟ ਸਿੰਘ ਸਤੌਜ
2017 Dhahan Prize Winner

KHABAR IK PIND DI (novel)

ਪਰਗਟ ਸਿੰਘ ਸਤੌਜ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਪਿੰਡ ਦੇ ਸਾਧਾਰਨ ਕਿਸਾਨੀ ਪਰਿਵਾਰ ਵਿਚ 1981 ਵਿਚ
ਜਨਮਿਆ ਸੀ। ਗ੍ਰੈਜੂਏਸ਼ਨ ਤੋਂ ਪਿੱਛੋਂ ਉਹ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ ਸੀ ਅਤੇ ਸਾਲ 2006 ਤੋਂ ਹੁਣ ਤਕ ਇਹੋ
ਅਧਿਆਪਨ ਦਾ ਕਾਰਜ ਕਰਦਾ ਆ ਰਿਹਾ ਹੈ। ਨੌਕਰੀ ਦੇ ਨਾਲ ਨਾਲ ਹੀ ਉਸਨੇ ਪੰਜਾਬੀ ਅਤੇ ਇਤਿਹਾਸ ਦੇ ਵਿਸ਼ੇ ਵਿਚ ਐੱਮ.ਏ.
ਦੀ ਡਿਗਰੀ ਹਾਸਲ ਕੀਤੀ ਹੈ। ਲਿਖਣਾ ਉਸਨੇ ਛੋਟੀ ਉਮਰੇ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਇਕ ਕਹਾਣੀ ਦੇ ਰੂਪ ਵਿਚ ਉਸਦੀ
ਪਹਿਲੀ ਰਚਨਾ 2002 ਵਿਚ ਛਪੀ ਸੀ। ਸਤੌਜ ਦੀ ਪਹਿਲ ਪਲੇਠੀ ਦੀ ਪੁਸਤਕ ‘ਤੇਰਾ ਪਿੰਡ’ ਕਾਵਿ ਸੰਗ੍ਰਹਿ ਸੀ, ਜਿਸਦਾ ਪ੍ਰਕਾਸ਼ਨ
2008 ਵਿਚ ਹੋਇਆ। ਪਰ ਇਸਤੋਂ ਮਗਰੋਂ ਉਸਨੇ ਆਪਣਾ ਸਾਰਾ ਧਿਆਨ ਗਲਪ ਰਚਨਾ ਵੱਲ ਮੋੜ ਦਿੱਤਾ। ਹੁਣ ਤਕ ਉਸਦੇ ਤਿੰਨ
ਨਾਵਲ ਅਤੇ ਇਕ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ਉਸਦੇ ਪਹਿਲੇ ਦੋ ਨਾਵਲਾਂ ‘ਭਾਗੂ’ (2009) ਅਤੇ ‘ਤੀਵੀਆਂ’ (2012)
ਦਾ ਪੰਜਾਬੀ ਸਾਹਿਤ-ਜਗਤ ਵਿਚ ਭਰਪੂਰ ਸੁਆਗਤ ਹੋਇਆ ਹੈ ਅਤੇ ਦੋਵੇਂ ਹੀ ਨਾਵਲ ਇਕ ਤੋਂ ਵੱਧ ਐਡੀਸ਼ਨਾਂ ਵਿਚ ਛਪ ਚੁੱਕੇ ਹਨ।
ਸੂਬਾਈ ਅਤੇ ਸਥਾਨਕ ਪੱਧਰ ਉਤੇ ਤਾਂ ਲੇਖਕ ਵਜੋਂ ਪਰਗਟ ਸਿੰਘ ਸਤੌਜ ਦੀ ਪਛਾਣ ਛੇਤੀ ਹੀ ਹੋਣ ਲੱਗੀ ਸੀ ਅਤੇ ਕਈ ਇਨਾਮ
ਸਨਮਾਨ ਉਸਦੀ ਝੋਲੀ ਪਏ। ਪਰ ਉਸਦੀ ਸਿਰਜਣਾਤਮਕ ਪ੍ਰਤਿਭਾ ਨੂੰ ਕੌਮੀ ਪੱਧਰ ਉੱਤੇ ਪ੍ਰਵਾਨਗੀ ਉਦੋਂ ਮਿਲੀ ਜਦੋਂ ਨਾਵਲ
‘ਤੀਵੀਆਂ’ ਲਈ ਉਸਨੂੰ ਸਾਲ 2012 ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ‘ਯੁਵਾ ਸਾਹਿਤਕਾਰ’ ਦੇ ਵਕਾਰੀ ਇਨਾਮ ਚੁਣਿਆ
ਗਿਆ। ਸਾਲ 2014 ਵਿਚ ਛਪੀ ਉਸਦੀ ਕਹਾਣੀਆਂ ਦੀ ਕਿਤਾਬ ‘ਗ਼ਲਤ ਮਲਤ ਜ਼ਿੰਦਗੀ’ ਦਾ ਵੀ ਚੰਗਾ ਸੁਆਗਤ ਹੋਇਆ ਸੀ
ਅਤੇ ਇਸ ਪੁਸਤਕ ਵਿਚਲੀਆਂ ਕਈ ਕਹਾਣੀਆਂ ਹਿੰਦੀ,ਉਰਦੂ ਤੇ ਰਾਜਸਥਾਨੀ ਵਿਚ ਅਨੁਵਾਦ ਹੋ ਕੇ ਛਪ ਚੁੱਕੀਆਂ ਹਨ। ਨਾਵਲ
‘ਭਾਗੂ’ ਅਤੇ ਕਹਾਣੀਆਂ ਦੀ ਪੁਸਤਕ ‘ਗ਼ਲਤ ਮਲਤ ਜ਼ਿੰਦਗੀ’ ਦਾ ਸ਼ਾਹਮੁਖੀ ਵਿਚ ਲਿਪੀਅੰਤਰਨ ਹੋ ਚੁੱਕਿਆ ਹੈ। ਪਰਗਟ ਸਿੰਘ
ਸਤੌਜ ਦੀਆਂ ਸਮੁੱਚੀਆਂ ਲਿਖਤਾਂ ਕਿਸਾਨੀ ਸਮਾਜ ਅਤੇ ਨਿਮਨ ਮਧ ਵਰਗ ਦੇ ਜੀਵਨ ਦੀਆਂ ਪਰਤਾਂ ਦੀ ਡੂੰਘੀ ਪਛਾਣ ਦੇ ਨਾਲ
ਨਾਲ ਬੋਲੀ ਸ਼ੈਲੀ ਉੱਤੇ ਮੁਹਾਰਤ ਅਤੇ ਗਲਪੀ ਜੁਗਤਾਂ ਦੀ ਕੁਸ਼ਲ ਵਰਤੋਂ ਦਾ ਪ੍ਰਮਾਣ ਦਿੰਦੀਆਂ ਹਨ। ਉਸ ਦਾ ਤੀਜਾ ਅਤੇ ਸੱਜਰਾ
ਨਾਵਲ ‘ਖਬਰ ਇਕ ਪਿੰਡ ਦੀ’ ਸਾਲ 2016 ਵਿਚ ਛਪਿਆ ਸੀ, ਜਿਸਨੂੰ ਪੰਜਾਬੀ ਸਾਹਿਤ ਲਈ ਕੌਮਾਂਤਰੀ ਪੱਧਰ ਦੇ ਸਭ ਤੋਂ ਵੱਡੇ
‘ਢਾਹਾਂ ਇਨਾਮ’ ਲਈ ਚੁਣਿਆ ਗਿਆ ਹੈ।

 

ਅਲੀ ਅਨਵਰ ਅਹਿਮਦ
ਅਲੀ ਅਨਵਰ ਅਹਿਮਦ
2017 Dhahan Prize Finalist

TAND TAND MAILI CHAADAR (short story collection)

ਸ਼ਾਹਮੁਖੀ ਵਿਚ ਸਾਲ 2017 ਦਾ ਦੂਸਰੇ ਸਥਾਨ ਦਾ ਢਾਹਾਂ ਇਨਾਮ ਜਿੱਤਣ ਵਾਲੇ ਲੇਖਕ ਅਲੀ ਅਨਵਰ ਅਹਿਮਦ ਦਾ ਜਨਮ
ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਇਕ ਦੂਰ ਦੁਰਾਡੇ ਪਿੰਡ ਚਾਹਲ ਕਹਿਣਾ ਵਿਚ 1963 ਵਿਚ ਹੋਇਆ। ਐੱਮ.ਏ.(ਉਰਦੂ) ਬੀ
ਐੱਡ ਤਕ ਦੀ ਤਾਲੀਮ ਹਾਸਲ ਕਰ ਕੇ ਉਸਨੇ ਸਤਾਈ ਸਾਲ ਤਕ ਬਤੌਰ ਸਕੂਲ ਟੀਚਰ ਦੀ ਨੌਕਰੀ ਕੀਤੀ। ਸੰਨ 2000 ਈ. ਵਿਚ
ਉਸਦਾ ਪੰਜਾਬੀ ਸਾਹਿਤ ਵੱਲ ਮੁਹਾੜ ਹੋਇਆ ਅਤੇ ਉਸਨੇ ‘ਅੱਖ ਸਮੁੰਦਰ ਹੋਈ’ ਨਾਂ ਦੀ ਪੰਜਾਬੀ ਨਜ਼ਮਾਂ ਦੀ ਆਪਣੀ ਪਹਿਲੀ
ਕਿਤਾਬ ਛਪਵਾਈ। ਲਾਹੌਰੋਂ ਛਪਣ ਵਾਲੇ ‘ਸਵੇਰ ਇੰਟਰਨੈਸ਼ਨਲ’ ਅਤੇ ‘ਰਵੇਲ’ ਰਿਸਾਲਿਆਂ ਨਾਲ ਜੁੜੇ ਪੰਜਾਬੀ ਦਾਨਸ਼ਵਰਾਂ ਜਮੀਲ
ਅਜਿਮਦ ਪਾਲ ਅਤੇ ਕਰਾਮਤ ਮੁਗਲ ਦੀ ਪ੍ਰੇਰਣਾ ਨਾਲ ਉਹ ਕਹਾਣੀ ਦੀ ਰਚਨਾ ਵੱਲ ਅਹੁਲਿਆ। ਸੰਨ 2002 ਵਿਚ ਉਸਦੀਆਂ
ਕਹਾਣੀਆਂ ਦੀ ਪਹਿਲੀ ਕਿਤਾਬ ‘ਇਨਸਾਨ ਤੇ ਸੱਪ’ ਪੰਜਾਬੀ ਮਰਕਜ਼ ਲਾਹੌਰ ਵਲੋਂ ਛਾਪੇ ਚੜ੍ਹੀ। ਏਸ ਕਿਤਾਬ ਨੂੰ ਮਸਊਦ ਖੱਦਰਪੋਸ਼
ਟ੍ਰਸਟ ਲਾਹੌਰ ਵਲੋਂ ਪਹਿਲਾ ਇਨਾਮ ਮਿਲਿਆ। ਹੁਣ ਤਕ ਅਲੀ ਅਨਵਰ ਅਹਿਮਦ ਦੀਆਂ ਕਹਾਣੀਆਂ ਦੀਆਂ ਨੌਂ ਕਿਤਾਬਾਂ ਛਪ
ਚੁੱਕੀਆਂ ਹਨ ਅਤੇ ਉਸ ਵਲੋਂ ਲਿਖੀਆਂ ਗਈਆਂ ਕਹਾਣੀਆਂ ਦੀ ਗਿਣਤੀ 200 ਤਕ ਪੁੱਜਦੀ ਹੈ। ਦੋ ਵਾਰ ਮਸਊਦ ਖੱਦਰ ਖੱਦਰਪੋਸ਼
ਐਵਾਰਡ ਹਾਸਲ ਕਰਨ ਤੋਂ ਬਿਨਾਂ ਉਹ ਕਈ ਹੋਰ ਇਨਾਮ ਸਨਮਾਨ ਵੀ ਹਾਸਲ ਕਰ ਚੁੱਕਿਆ ਹੈ, ਜਿਨ੍ਹਾਂ ਵਿਚ ਪਾਕਿਸਤਾਨੀ ਪੰਜਾਬ
ਦੇ ਸਰਕਾਰੀ ਅਦਾਰੇ ‘ਪੰਜਾਬੀ ਇੰਸਟੀਚਿਊਟ ਆਫ਼ ਲੈਂਗੁਏਜ਼ ਆਰਟ ਐਂਡ ਕਲਚਰ, ਲਾਹੌਰ’ ਦਾ ਸ਼ਫ਼ਕਤ ਤਨਵੀਰ ਮਿਰਜ਼ਾ
ਐਵਾਰਡ ਵੀ ਸ਼ਾਮਲ ਹੈ। ਉਸਦੀਆਂ ਲਿਖਤਾਂ ਉਪਰ ‘ਲਾਹੌਰ ਯੂਨੀਵਰਸਿਟੀ ਬਰਾਏ ਖ਼ਵਾਤੀਨ’ ਵਲੋਂ ਐੱਮ. ਫਿਲ ਪੱਧਰ ‘ਤੇ ਖੋਜ ਵੀ
ਕਰਵਾਈ ਜਾ ਚੁੱਕੀ ਹੈ। ਉਸਦੀਆਂ ਕਹਾਣੀਆਂ ਦੀ ਹੁਣ ਤਕ ਛਪੀ ਆਖਰੀ ਕਿਤਾਬ ‘ਤੰਦ ਤੰਦ ਮੈਲੀ ਚਾਦਰ’ ਵਿਚ 23 ਕਹਾਣੀਆਂ
ਸ਼ਾਮਲ ਹਨ, ਜਿਨ੍ਹਾਂ ਵਿਚ ਪੰਜਾਬੀ ਵਸੇਬ ਤੇ ਸਕਾਫ਼ਤ ਦੇ ਵੱਖ ਵੱਖ ਪੱਖਾਂ ਨੂੰ ਕਲਾਵੇ ਵਿਚ ਲਿਆ ਗਿਆ ਹੈ। ਆਪਣੀ ਏਸ ਕਿਤਾਬ
‘ਤੰਦ ਤੰਦ ਮੈਲੀ ਚਾਦਰ’ ਨੂੰ ਦੂਸਰੇ ਸਥਾਨ ਦੇ ‘ਢਾਹਾਂ ਇਨਾਮ’ ਲਈ ਚੁਣੇ ਜਾਣ ‘ਤੇ ਉਹ ਬੇਹੱਦ ਖੁਸ਼ ਹੈ। ਅਲੀ ਅਨਵਰ ਅਹਿਮਦ
ਦਾ ਕਹਿਣਾ ਹੈ ਕਿ ਪੰਜਾਬੀ ਸਾਹਿਤ ਲਈ ਇੰਟਰਨੈਸ਼ਨਲ ਪੱਧਰ ‘ਤੇ ਢਾਹਾਂ ਇਨਾਮ ਦਾ ਜਾਰੀ ਹੋਣਾ ਪੰਜਾਬੀ ਜ਼ੁਬਾਨ ਤੇ ਅਦਬ ਦੀ
ਬਿਹਤਰੀ ਲਈ ਚੁੱਕਿਆ ਗਿਆ ਇਕ ਵੱਡਾ ਕਦਮ ਹੈ, ਜਿਸਦੀ ਜਿੰਨੀ ਵੀ ਸਲਾਹੁਣਾ ਕੀਤੀ ਜਾਵੇ ਘੱਟ ਏ।

ਨਛੱਤਰ ਸਿੰਘ ਬਰਾੜ
ਨਛੱਤਰ ਸਿੰਘ ਬਰਾੜ
2017 Dhahan Prize Finalist

ਪੇਪਰ ਮੈਰਿਜ (novel)

ਨਛੱਤਰ ਸਿੰਘ ਬਰਾੜ ਦਾ ਜਨਮ ਮੋਗੇ ਦੇ ਨੇੜੇ, ਥੇਹ ਵਾਲੇ ਪਿੰਡ ‘ਜਨੇਰ’ ਵਿਚ 1946 ਵਿਚ ਹੋਇਆ। ਪਿਤਾ ਪੁਰਖੀ ਕਿੱਤਾ ਖੇਤੀ ਸੀ ਅਤੇ ਉਹ ਆਪਣੇ ਪਿਤਾ ਨਾਲ ਖੇਤੀ ਦਾ ਕੰਮ ਕਰਵਾਉਂਦਾ ਹੁੰਦੜਹੇਲ ਹੋਇਆ। ਹਾਇਰ ਸੈਕੰਡਰੀ ਪਾਸ ਕਰਨ ਉਪਰੰਤ ਉਹ ਬਤੌਰ ਏਅਰਮੈਨ ਹਵਾਈ ਫੌਜ ਵਿਚ ਭਰਤੀ ਹੋ ਗਿਆ। ਹਵਾਈ ਫੌਜ ਦੀ ਨੌਕਰੀ ਦੌਰਾਨ ਹੀ ਉਸਨੇ ਐੱਮ.ਏ. ਪੰਜਾਬੀ ਤਕ ਦੀ ਪੜ੍ਹਾਈ ਕੀਤੀ ਅਤੇ ਮਕੈਨੀਕਲ ਇੰਜਨੀਅਰਿੰਗ ਦਾ ਡਿਪਲੋਮਾ ਹਾਸਲ ਕੀਤਾ। 18 ਸਾਲ ਨੌਕਰੀ ਕਰਨ ਮਗਰੋਂ ਅਗਾਊਂ ਰੀਟਾਇਰਮਿੰਟ ਲੈ ਕੇ ਉਸਨੇ ਤਕਨੀਕੀ ਸਿਖਿਆ ਵਿਭਾਗ ਪੰਜਾਬ ਵਿਚ ਇਨਸਟਕਟਰ ਵਜੋਂ ਨੌਕਰੀ ਕੀਤੀ। 1996 ਵਿਚ ਉਹ ਪਰਵਾਸੀ ਬਣਕੇ ਕੈਨੇਡਾ ਦੇ ਸ਼ਹਿਰ ਸਰੀ ਵਿਚ ਆ ਗਿਆ। ਏਥੇ ਆ ਕੇ ਉਸਨੇ ਸਕਿਉਰਟੀ ਸੁਪਰਵਾਈਜ਼ਰ ਵਜੋਂ ਕੰਮ ਕੀਤਾ। ਸੁਪਰਵਾਈਜ਼ਰ ਦੀ ਨੌਕਰੀ ਕਰਦਿਆਂ ਪਰਿਸਥਿਤੀਆਂ ਅਜਿਹੀਆਂ ਸਾਜ਼ਗਾਰ ਬਣੀਆਂ ਕਿ 62 ਸਾਲ ਦੀ ਉਮਰ ਵਿਚ ਉਸਨੇ ਸਾਹਿਤ-ਸਿਰਜਣਾ ਦੇ ਖੇਤਰ ਵਿਚ ਪੈਰ ਧਰਿਆ ਅਤੇ ‘ਕਿਹੜੀ ਰੁੱਤੇ ਆਏ’ ਨਾਂ ਦਾ ਉਸਦਾ ਨਾਵਲ ਛਪਿਆ। ਇਸ ਤੋਂ ਮਗਰੋਂ ਉਸਨੇ ਭਾਰਤੀ ਹਵਾਈ ਫੌਜ ਬਾਰੇ ‘ਯਾਦਾਂ ਨੈਟ ਫਾਈਟਰ ਦੀਆਂ’ ਨਾਂ ਦੀ ਪੁਸਤਕ ਲਿਖੀ, ਜੋ ਏਸ ਵਿਸ਼ੇ ਬਾਰੇ ਪੰਜਾਬੀ ਵਿਚ ਛਪਣ ਵਾਲੀ ਪਹਿਲੀ ਪੁਸਤਕ ਸੀ। ਨਛੱਤਰ ਸਿੰਘ ਬਰਾੜ ਦੀ ਤੀਜੀ ਪ੍ਰਕਾਸ਼ਤ ਹੋਣ ਵਾਲੀ ਪੁਸਤਕ ਸੀ ‘ਚਿੱਠੀਆਂ ਦੀ ਸਜ਼ਾ’, ਜੋ ਉਸਦੀ ਦੂਜੀ ਨਾਵਲ ਰਚਨਾ ਸੀ। ਬਰਾੜ ਨੇ ਆਪਣੇ ਪਿੰਡ ਦਾ ਇਤਿਹਾਸ ਵੀ ਪ੍ਰਾਚੀਨ ਕਾਲ ਤੋਂ ਵਰਤਮਾਨ ਤਕ ‘ਥੇਹ ਵਾਲਾ ਪਿੰਡ ਜਨੇਰ’ ਦੇ ਨਾਮ ਹੇਠ ਕਲਮਬੰਦ ਕੀਤਾ। ਉਸਦਾ ਤੀਜਾ ਨਾਵਲ ‘ਆਲ੍ਹਣੇ ਦੀ ਉਡਾਣ’ ਕੈਨੇਡਾ ਵਸਦੇ ਪੰਜਾਬੀ ਪਰਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਸੀ। ਸਾਲ 2016 ਵਿਚ ਛਪਿਆ
ਉਸਦਾ ਚੌਥਾ ਨਾਵਲ ‘ਪੇਪਰ ਮੈਰਿਜ’ ਪੰਜਾਬੀਆਂ ਦੇ ਜਾਇਜ਼ ਨਾਜਾਇਜ਼ ਢੰਗ ਨਾਲ ਬਦੇਸਾਂ ਵੱਲ ਵਹੀਰਾਂ ਘੱਤਣ ਦੇ ਵਿਸ਼ੇ ਨੂੰ ਕਲਾਵੇ ਵਿਚ ਲੈਂਦਾ ਹੋਇਆ ਨਸ਼ਿਆਂ ਵਰਗੀ ਮਹਾਂਮਾਰੀ ਨੂੰ ਵੀ ਦ੍ਰਿਸ਼ਟੀਗੋਚਰ ਕਰਵਾਉਂਦਾ ਹੈ। ਸਿਰਜਣਾਤਮਕ ਸਫਰ ਨਛੱਤਰ ਸਿੰਘ ਬਰਾੜ ਨੇ ਭਾਵੇਂ ਬਹੁਤ ਪਛੜਕੇ ਸ਼ੁਰੂ ਕੀਤਾ ਪਰ ਆਪਣੇ ਇਸ ਸਫਰ ਉੱਤੇ ਉਹ ਮਜ਼ਬੂਤੀ ਨਾਲ ਅੱਗੇ ਕਦਮ ਵਧਾ ਰਿਹਾ ਹੈ। ਆਪਣੇ ਅਗਲੇ ਨਾਵਲ ਵਿਚ ਵੀ ਉਹ ਕੈਨੇਡੀਆਨ ਪੰਜਾਬੀਆਂ ਦੇ ਜੀਵਨ-ਯਥਾਰਥ ਨੂੰ ਕੇਂਦਰ ਵਿਚ ਰੱਖ ਰਿਹਾ ਹੈ। ਨਛੱਤਰ ਸਿੰਘ ਬਰਾੜ ਨੂੰ ਅਤਿਅੰਤ ਖੁਸ਼ੀ ਹੈ ਕਿ ਉਸਦਾ ਨਾਵਲ ‘ਪੇਪਰ ਮੈਰਿਜ’ ‘ਢਾਹਾਂ ਪੁਰਸਕਾਰ’ ਲਈ ਚੁਣਿਆ ਗਿਆ ਹੈ।

2017 Jury Members

Central Jury

Mr. Balraj Cheema (Canada)
Mr. Prem Parkash (India)
Mr. Tauqeer Chugtai (Pakistan)

Professor Raghbir Singh oversaw the adjudication and administration of juries for the 2017 Prize. Professor Raghbir ensured there was just and fair proceedings in relation to the adjudication.

The process was designed initially by Professor Anne Murphy, with advice and guidance from the Prize Advisory Committee,  who designed the process, adjudication and administration of the Prize in its initial form. Professor Murphy’s scholarly experience with Punjabi culture and literature, and with the adjudication and management of literary and book prizes (both in English and Punjabi), coupled with 10 years of experience working with museums and other non-profit organizations on related projects, helped devise a process that would foster engaged and ethical adjudication.