Categories

2016 Winners awarded for excellence in Punjabi fiction

ਜਰਨੈਲ ਸਿੰਘ

ਜਰਨੈਲ ਸਿੰਘ
2016 Dhahan Prize Winner

ਕਾਲ਼ੇ ਵਰਕੇ

ਪਿੰਡ ਮੇਘੋਵਾਲ, ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ, ਭਾਰਤ ਦੇ ਇਕ ਸਾਧਾਰਨ ਕਿਸਾਨੀ ਪਰਿਵਾਰ ਵਿਚ ਪੈਦਾ ਹੋਏ ਜਰਨੈਲ ਸਿੰਘ ਨੇ ਜ਼ਿੰਦਗੀ ਵਿਚ ਬਹੁਤ ਜੱਦੋ ਜਹਿਦ ਕੀਤੀ ਹੈ। ਸਕੂਲੀ ਸਿੱਖਿਆ ਖਤਮ ਹੋਣ ਦੇ ਝੱਟ ਪਿੱਛੋਂ 1962 ਵਿਚ ਉਹ ਇੰਡੀਅਨ ਏਅਰ ਫ਼ੋਰਸ ਵਿਚ ਭਰਤੀ ਹੋ ਗਿਆ ਸੀ। ਪੰਜਾਬੀ ਅਤੇ ਅੰਗਰੇਜ਼ੀ ਵਿਚ ਐੱਮ. ਏ. ਤਕ ਦੀ ਪੜ੍ਹਾਈ ਉਸ ਨੇ ਨੌਕਰੀ ਦੌਰਾਨ ਹੀ ਕੀਤੀ। ਏਅਰ ਫ਼ੋਰਸ ਦੀ ਨੌਕਰੀ ਤੋਂ ਮਗਰੋਂ ਅਤੇ 1988 ਵਿਚ ਕੈਨੇਡਾ ਪਰਵਾਸ ਤੋਂ ਪਹਿਲਾਂ ਉਸ ਨੇ ਦਸ ਸਾਲ ਤਕ ਬੈਂਕ ਵਿਚ ਅਕਾਊਂਟੈਂਟ ਵਜੋਂ ਕੰਮ ਕੀਤਾ। ਭਾਰਤ ਰਹਿਣ ਦੌਰਾਨ ਹੀ ਉਹ ਸਾਹਿਤ-ਰਚਨਾ ਕਰਦਾ ਰਿਹਾ ਸੀ ਅਤੇ ਉੱਥੇ ਉਸਦੀਆਂ ਕਹਾਣੀਆਂ ਦੀਆਂ ਤਿੰਨ ਕਿਤਾਬਾਂ ਛਪੀਆਂ ਸਨ: ‘ਮੈਨੂੰ ਕੀ’ (1981), ‘ਮਨੁੱਖ ਤੇ ਮਨੁੱਖ’ (1983) ਅਤੇ ‘ਸਮੇਂ ਦੇ ਹਾਣੀ’ (1987) ਜਿਹਨਾਂ ਵਿਚ ਕਿਸਾਨੀ ਜੀਵਨ ਅਤੇ ਫ਼ੌਜੀ ਜੀਵਨ ਨਾਲ ਜੁੜੇ ਮਸਲਿਆਂ ਨੂੰ ਵਿਸ਼ਾ ਵਸਤੂ ਬਣਾਇਆ ਗਿਆ ਸੀ।

ਕੈਨੇਡਾ ਵਿਚ ਪਹੁੰਚਣ ‘ਤੇ ਉਸ ਨੇ ਦੋ ਦਹਾਕਿਆਂ ਤਕ ਸਕਿਉਰਟੀ ਸੁਪਰਵਾਈਜ਼ਰ ਵਜੋਂ ਕੰਮ ਕੀਤਾ। ਕੈਨੇਡਾ ਪਹੁੰਚਣ ਮਗਰੋਂ ਪਰਵਾਸੀ ਜੀਵਨ ਦੇ ਉਸ ਦੇ ਤਜਰਬੇ ਨੇ ਜਰਨੈਲ ਸਿੰਘ ਦੀ ਕਹਾਣੀ ਨੂੰ ਨਵਾਂ ਪਸਾਰ ਦਿੱਤਾ ਅਤੇ ਏਸੇ ਕਰਕੇ ਹੀ ਉਸਦੀ ਪੰਜਾਬੀ ਸਾਹਿਤ ਵਿਚ ਨਵੇਕਲੀ ਪਛਾਣ ਬਣੀ। ਇਸ ਸਮੇਂ ਦੌਰਾਨ ਛਪੀਆਂ ਉਸਦੀਆਂ ਤਿੰਨੋਂ ਹੀ ਕਹਾਣੀ ਪੁਸਤਕਾਂ ‘ਦੋ ਟਾਪੂ’ (1999), ‘ਟਾਵਰਜ਼’ (2005), ਅਤੇ ‘ਕਾਲ਼ੇ ਵਰਕੇ’ (2015) ਨੇ ਪਾਠਕਾਂ ਤੋਂ ਚੰਗੀ ਪ੍ਰਸ਼ੰਸਾ ਖੱਟੀ ਹੈ। ਇਹਨਾਂ ਵਿਚਲੀਆਂ ਕਹਾਣੀਆਂ ਵਿਚ ਕੈਨੇਡਾ ਵਸਦੇ ਪੰਜਾਬੀਆਂ ਦੇ ਸੰਘਰਸ਼, ਸੱਭਿਆਚਾਰਕ ਟਕਰਾਉ ਤੇ ਰਲ਼ੇਵੇਂ, ਪੀੜ੍ਹੀ ਪਾੜੇ, ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਟੀਨੇਜਰਾਂ ਦੀਆਂ ਸਮੱਸਿਆਵਾਂ ਦੀ ਕਲਾਤਮਿਕਤਾ ਸਹਿਤ ਪੇਸ਼ਕਾਰੀ ਹੋਈ ਹੈ। ਪੂੰਜੀਵਾਦ ਨਾਲ ਸੰਬੰਧਿਤ ਵਿਸ਼ਵ-ਵਿਆਪੀ ਮਸਲਿਆਂ, ਖਵਤਵਾਦ, ਵਿਅਕਤੀਵਾਦ ਆਦਿ ਨੂੰ ਵੀ ਉਸਨੇ ਗਲਪ ਬਿੰਬ ਵਿਚ ਢਾਲ਼ਿਆ ਹੈ। ਜਰਨੈਲ ਸਿੰਘ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਪੰਜਾਬ ਤੇ ਹਰਿਆਣਾ ਦੀਆਂ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿਚ ਸ਼ਾਮਲ ਹਨ। ਪਰਵਾਸੀ ਪੰਜਾਬੀ ਲੇਖਕ ਵਜੋਂ ਭਾਰਤ ਵਿਚ ਪੰਜਾਬ ਸਰਕਾਰ ਦਾ ‘ਸ਼੍ਰੋਮਣੀ ਸਾਹਿਤਕਾਰ’ ਦਾ ਪੁਰਸਕਾਰ ਵੀ ਉਸਨੂੰ ਮਿਲ ਚੁੱਕਿਆ ਹੈ।

‘ਕਾਲ਼ੇ ਵਰਕੇ’ ਟੋਰਾਂਟੋ ਵਸਦੇ ਕਹਾਣੀਕਾਰ ਜਰਨੈਲ ਸਿੰਘ ਦਾ 2015 ਵਿਚ ਪ੍ਰਕਾਸ਼ਤ ਹੋਇਆ ਕਹਾਣੀ ਸੰਗ੍ਰਿਹ ਹੈ। ਮੁਕਾਬਲਤਨ ਲੰਬੇ ਆਕਾਰ ਦੀਆਂ ਜਰਨੈਲ ਸਿੰਘ ਦੀਆਂ ਕਹਾਣੀਆਂ ਅਕਸਰ ਉੱਤਰੀ ਅਮਰੀਕਾ ਵਿਚ ਰਹਿੰਦੇ ਪੰਜਾਬੀ ਪਰਵਾਸੀਆਂ ਦੇ ਓਪਰੇ ਸੱਭਿਆਚਾਰ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਦਾ ਬਿਰਤਾਂਤ ਸਿਰਜ ਕੇ ਜੀਵਨ ਦੀ ਗੁੰਝਲਦਾਰ ਹਕੀਕਤ ਨੂੰ ਰੂਪਮਾਨ ਕਰਦੀਆਂ ਹਨ। ਇਸ ਪੁਸਤਕ ਵਿਚਲੀਆਂ ਪੰਜੇ ਕਹਾਣੀਆਂ ਰਾਹੀਂ ਪਰਵਾਸੀ ਜੀਵਨ ਦੇ ਪ੍ਰਸੰਗ ਵਿਚ ਪੈਸੇ ਦੇ ਲੋਭ ਵਿਚ ਟੁੱਟ ਰਹੇ ਪਰਿਵਾਰਾਂ, ਰਿਸ਼ਤਿਆਂ ਦੀ ਕਸ਼ੀਦਗੀ ਕਾਰਨ ਪੈਦਾ ਹੋਏ ਮਾਨਸਿਕ ਸੰਕਟਾਂ, ਵਿਸ਼ਵੀਕਰਣ ਦੀ ਦੌੜ ਅਧੀਨ ਸੁੰਦਰਤਾ ਮੁਕਾਬਲਿਆਂ ਵਿਚ ‘ਵਿਕ’ ਰਹੀ ਔਰਤ, ਨਸਲੀ ਹਮਲਿਆਂ ਦੇ ਸ਼ਿਕਾਰ, ਘੱਟ ਗਿਣਤੀਆਂ ਦੇ ਗਰੀਬ ਤਬਕੇ ਅਤੇ ਸਰਮਾਏਦਾਰੀ ਦੀ ਸਥਾਪਤੀ ਲਈ ਲੜੀਆਂ ਜਾ ਰਹੀਆਂ ਜੰਗਾਂ ਦੇ ਸ਼ਿਕਾਰ ਲੋਕਾਂ ਦੀ ਮਾਨਸਿਕ ਟੁੱਟ-ਭੱਜ ਨੂੰ ਕਹਾਣੀ ਕਲਾ ਦੇ ਸਿਰਜਣੀ ਤੱਤਾਂ ਨਾਲ ਇੰਜ ਉਸਾਰਿਆ ਹੈ ਕਿ ਪਰਵਾਸੀ ਜੀਵਨ ਦੀਆਂ ਉਲਝਣਾਂ ਤੇ ਵਿਰੋਧ ਸਾਕਾਰ ਰੂਪ ਗ੍ਰਹਿਣ ਕਰਦੇ ਜਾਪਦੇ ਹਨ।  ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ‘ਕਾਲ਼ੇ ਵਰਕੇ’ ਵਿਚ ਕੈਨੇਡਾ ਦੇ ਆਦਿਵਾਸੀਆਂ ਦੀ ਸਮਾਜੀ-ਸੱਭਿਆਚਾਰਕ ਤ੍ਰਾਸਦੀ ਅਤੇ ਉਹਨਾਂ ਨਾਲ ਹੋਈ ਵਧੀਕੀ ਦਾ ਬਿਰਤਾਂਤ ਮਾਨਵੀ ਹਮਦਰਦੀ ਨਾਲ ਜਿਸ ਤਰ੍ਹਾਂ ਪੇਸ਼ ਹੋਇਆ ਹੈ, ਉਹ ਪੰਜਾਬੀ ਗਲਪ ਸਾਹਿਤ ਲਈ ਇਕ ਨਵਾਂ ਤਜਰਬਾ ਹੈ। ਬਾਕੀ ਕਹਾਣੀਆਂ ਵਿਚ ਵੀ ਪੂੰਜੀਵਾਦ ਦੀ ਬੇਲਗਾਮ ਚੜ੍ਹਤ ਤੇ ਚਮਕ ਦਮਕ ਵਿਚ ਮਨੁੱਖੀ ਤੇ ਸਮਾਜੀ ਰਿਸ਼ਤਿਆਂ ਦੇ ਸੱਚ ਨੂੰ ਵਿਸ਼ਾ ਵਸਤੂ ਬਣਾਇਆ ਗਿਆ ਹੈ। ਜਰਨੈਲ ਸਿੰਘ ਦੀ ਕਥਾ-ਦ੍ਰਿਸ਼ਟੀ ਸਥਿਤੀਆਂ ਦੇ ਵਿਸ਼ਲੇਸ਼ਲ ਰਾਹੀਂ ਸਮਾਜੀ ਯਥਾਰਥ ਪਿੱਛੇ ਲੁਕੇ ਰਾਜਸੀ ਮੰਤਕਾਂ ਦੀ ਪਛਾਣ ਕਰਨ ਦੇ ਵੀ ਸਮਰੱਥ ਹੈ। ਇਹੀ ਗੁਣ ਉਸ ਨੂੰ ਵਿਲੱਖਣ ਕਹਾਣੀਕਾਰ ਦਾ ਦਰਜਾ ਦਿਵਾਉਂਦਾ ਹੈ ਜਿਸ ਦਾ ਪ੍ਰਮਾਣ ‘ਕਾਲ਼ੇ ਵਰਕੇ’ ਹੈ।  

ਜ਼ਾਹਿਦ ਹਸਨ
ਜ਼ਾਹਿਦ ਹਸਨ
2016 Dhahan Prize Finalist

ਤੱਸੀ ਧਰਤੀ

ਜ਼ਾਹਿਦ ਹਸਨ (ਅਸਲੀ ਨਾਮ ਜ਼ਾਹਿਦ ਹੁਸੈਨ) ਝੋਕ ਪੀਰਾਂ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ ਵਿਚ ਪੈਦਾ ਹੋਇਆ ਸੀ। ਉਹ 1985 ਵਿਚ ਲਾਹੌਰ ਆ ਵਸਿਆ।  ਏਥੇ ਉਸ ਨੇ ਵੱਖ ਵੱਖ ਅਖਬਾਰਾਂ, ਰਿਸਾਲਿਆਂ ਤੋਂ ਇਲਾਵਾ ‘ਗੋਰ ਪਬਲੀਕੇਸ਼ਨ’, ‘ਪੰਜਾਬੀ ਅਦਬੀ ਬੋਰਡ’ ਅਤੇ ‘ਮਨੁੱਖੀ ਅਧਿਕਾਰ ਕਮਿਸ਼ਨ’ ਵਿਚ ਕੰਮ ਕੀਤਾ।  ਉਹ ਪੰਜਾਬੀ ਅਤੇ ਉਰਦੂ ਵਿਚ ਛਪਣ ਵਾਲੇ ‘ਪੰਜਾਬੀ ਅਦਬ’, ‘ਅਦਬ ਏ ਲਤੀਫ਼’ ਅਤੇ ‘ਕਹਾਣੀ ਘਰ’ ਵਰਗੇ ਰਿਸਾਲਿਆਂ ਦਾ ਐਡੀਟਰ ਵੀ ਰਹਿ ਚੁੱਕਿਆ ਹੈ। ਪੰਜਾਬੀ ਵਿਚ ਫ਼ਿਕਸ਼ਨ, ਸ਼ਾਇਰੀ, ਖੋਜ ਪਰਖ ਦੇ ਹਵਾਲੇ ਨਾਲ ਉਸਦੀਆਂ ਇਕ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ। ਇਹਨਾਂ ਵਿਚ ਚਾਰ ਨਾਵਲ ‘ਇਸ਼ਕ ਲਤਾੜੇ ਆਦਮੀ’, ‘ਗਲੀਚਾ ਉਣਨ ਵਾਲੀ’, ‘ਕਿੱਸਾ ਆਸ਼ਿਕਾਂ’, ‘ਤੱਸੀ ਧਰਤੀ’ ਅਤੇ ਇਕ ਕਹਾਣੀਆਂ ਦਾ ਪਰਾਗਾ ‘ਪੰਜਾਹ ਵਰ੍ਹਿਆਂ ਦੀ ਉਦਾਸੀ’ ਸ਼ਾਮਲ ਹਨ।  ਪਾਕਿਸਤਾਨ ਦੀ ਅਦਬੀ ਅਕੈਡਮੀ ਦਾ ‘ਵਾਰਿਸ ਸ਼ਾਹ ਅਵੌਰਡ’ ਅਤੇ ‘ਮਸਊਦ ਖੱਦਰਪੋਸ਼ ਅਵੌਰਡ’ ਵਰਗੇ ਵਕਾਰੀ ਇਨਾਮ ਉਸਦੀ ਝੋਲੀ ਪੈ ਚੁੱਕੇ ਹਨ।

ਜ਼ਾਹਿਦ ਹਸਨ ਆਪਣੀਆਂ ਕਹਾਣੀਆਂ ਦਾ ਮਵਾਦ ਪੰਜਾਬ ਦੇ ਰੀਤ ਰਿਵਾਜ, ਕਲਚਰ ਤੇ ਕਿੱਸੇ ਕਹਾਣੀਆਂ ਤੋਂ ਲੈਂਦਾ ਹੈ।  ਉਹਦਾ ਮੰਨਣਾ ਹੈ ਕਿ ਪੰਜਾਬ ਏਨਾ ਜ਼ਰਖੇਜ਼ ਹੈ ਜੋ ਇਹਦੇ ਬਾਰੇ ਲਿਖਦਿਆਂ ਸਾਡੀ ਹਯਾਤੀ ਮੁੱਕ ਸਕਦੀ ਏ। ਅਤੇ ਇਹਦੇ ਲਿਖੇ ਕਿੱਸਿਆਂ ਕਹਾਣੀਆਂ ਦਾ ਕੋਈ ਅੰਤ ਨਹੀਂ।  ਉਸਦਾ ਕਹਿਣਾ ਹੈ ਕਿ ਪੰਜਾਬੀ ਨੂੰ ਸੰਸਾਰ ਦੀਆਂ ਦੂਜੀਆਂ ਵੱਡੀਆਂ ਜ਼ੁਬਾਨਾਂ ਦੇ ਸੰਗ ਖੜ੍ਹਾ ਕਰਨ ਲਈ ਇਹਦੇ ਵਿਚ ਵੱਧ ਤੋਂ ਵੱਧ ਕੰਮ ਕਰਨਾ ਜ਼ਰੂਰੀ ਏ।  ਉਸ ਮੁਤਾਬਕ ਪੰਜਾਬੀ ਵਿਚ ਪਹਿਲਾਂ ਹੋਏ ਨਿੱਗਰ ਕੰਮ ਨੂੰ ਮੌਡਰਨ ਤਰੀਕੇ ਨਾਲ ਸੰਭਾਲਣ ਤੇ ਨਵੇਂ ਲਿਖਾਰੀਆਂ ਨੂੰ ਸੁਚੱਜੇ ਢੰਗ ਨਾਲ ਆਪਣੀਆਂ ਲਿਖਤਾਂ ਵਿਚ ਉਹਨੂੰ ਵਰਤਣ ਦੀ ਲੋੜ ਹੈ।

‘ਤੱਸੀ ਧਰਤੀ’ ਲਾਹੌਰ, ਪਾਕਿਸਤਾਨ ਵਿਚ ਵਸਦੇ ਬਹੁ-ਵਿਧ ਲੇਖਕ ਜ਼ਾਹਿਦ ਹਸਨ ਦਾ ਸ਼ਾਹਮੁਖੀ ਲਿੱਪੀ ਵਿਚ 2015 ਵਿਚ ਛਪਿਆ ਨਾਵਲ ਹੈ। ਇਹ ਨਾਵਲ ਅਣਵੰਡੇ ਪੰਜਾਬ ਦੇ ਉਸ ਭੋਂ-ਖੰਡ ਤੇ ਉੱਥੋਂ ਦੇ ਲੋਕਾਂ ਦੀ ਬਾਤ ਪਾਉਂਦਾ ਹੈ ਜਿਸ ਨੂੰ ‘ਬਾਰ’ ਵਜੋਂ ਜਾਣਿਆ ਜਾਂਦਾ ਹੈ। ਅੰਗਰੇਜ਼ੀ ਹਕੂਮਤ ਸਮੇਂ ਨਹਿਰੀ ਪਾਣੀ ਦੀ ਸਿੰਚਾਈ ਨਾਲ ਖੇਤੀ ਕਰਨ ਲਈ ਇਸ ਇਲਾਕੇ ਵਿਚ ਜੰਗਲ ਸਾਫ਼ ਕਰਕੇ ਨਵੀਂ ਆਬਾਦੀ ਕੀਤੀ ਗਈ ਸੀ।  ਇਸ ਪ੍ਰਸੰਗ ਵਿਚ ਇਹ ਨਾਵਲ ਇਸ ਖਿੱਤੇ ਦੇ ਦੋ ਸੌ ਸਾਲਾਂ ਵਿਚ ਫ਼ੈਲੇ ਬਦਲਦੇ ਇਤਿਹਾਸਕ ਤੇ ਸਮਾਜੀ-ਸੱਭਿਆਚਾਰਕ ਸੱਚ ਨੂੰ ਕਲਾਵੇ ਵਿਚ ਲੈਣ ਦਾ ਯਤਨ ਕਰਦਾ ਹੈ। ‘ਤੱਸੀ ਧਰਤੀ’ (ਯਾਨੀ ਪਿਆਸੀ ਧਰਤੀ) ਵਿਚ ਅੰਗਰੇਜ਼ੀ ਹਕੂਮਤ ਦੌਰਾਨ ਤਬਦੀਲ ਹੋ ਰਹੇ ਸਮਾਜੀ-ਰਾਜਨੀਤਕ ਵਾਤਾਵਰਨ ਵਿਚ ਇਸ ਖਿੱਤੇ ਦੇ ਬਹਾਦਰ ਲੋਕਾਂ ਦੇ ਜੀਣ ਥੀਣ ਦੇ ਸਰੋਕਾਰਾਂ ਅਤੇ ਆਪਣੀ ਹੋਂਦ ਬਣਾਈ ਰੱਖਣ ਲਈ ਉਹਨਾਂ ਦੇ ਬਿਖਮ ਸੰਘਰਸ਼ ਦੀ ਖੂਬਸੂਰਤ ਪੇਸ਼ਕਾਰੀ ਹੋਈ ਹੈ। ਆਂਚਲਕ ਨਾਵਲ ਹੋਣ ਦੇ ਨਾਤੇ ਇਸ ਵਿਚ ਵਰਤੀ ਗਈ ਭਾਸ਼ਾ ਸਮੇਤ ਇਸਦਾ ਮੁਹਾਵਰਾ ਸਥਾਨਕ ਰੰਗਣ ਵਾਲਾ ਹੈ, ਜਿਸ ਰਾਹੀਂ ਲੋਕ ਸੱਭਿਆਚਾਰ ਤੇ ਰਹਿਤਲ ਨੂੰ ਸਾਹਮਣੇ ਲਿਆਂਦਾ ਗਿਆ ਹੈ। ਸਮੁੱਚੇ ਬਿਰਤਾਂਤ ਵਿਚੋਂ ਵੰਡ ਤੋਂ ਪਹਿਲਾਂ ਦੇ ਲੋਕਾਂ ਦੀ ਧਰਮ-ਨਿਰਪੇਖਤਾ ਦੀ ਤਸਵੀਰ ਖੂਬ ਉੱਘੜਦੀ ਹੈ। ਪੰਜਾਬ ਦੇ ਘੱਟ ਚਿੱਤਰੇ ਖੇਤਰ ਨਾਲ ਸੰਬੰਧਿਤ ਸਾਹਿਤਕ ਕਿਰਤ ਹੋਣ ਦੇ ਨਾਤੇ ਸਮੁੱਚੇ ਤੌਰ ‘ਤੇ ਇਹ ਨਾਵਲ ਇਕ ਬਹੁਮੁੱਲੀ ਰਚਨਾ ਹੈ।


ਸਿਮਰਨ ਧਾਲੀਵਾਲ
ਸਿਮਰਨ ਧਾਲੀਵਾਲ
2016 Dhahan Prize Runner-up

ਉਸ ਪਲ

ਪੰਜਾਬੀ ਕਹਾਣੀ ਸਿਰਜਣਾ ਦੇ ਖੇਤਰ ਵਿਚ ਨਵੀਂ ਪੀੜ੍ਹੀ ਦੇ ਜ਼ਿਕਰਯੋਗ ਲੇਖਕਾਂ ਵਿਚੋਂ ਸਿਮਰਨ ਧਾਲੀਵਾਲ ਦਾ ਨਾਮ ਮੋਹਰਲੀ ਕਤਾਰ ਵਿਚ ਆਉਂਦਾ ਹੈ।  ਇਸ ਨੌਜਵਾਨ ਲੇਖਕ ਦਾ ਜਨਮ ਜ਼ਿਲਾ ਤਰਨ ਤਾਰਨ ਦੇ ਪੱਟੀ ਲਾਗਲੇ ਸਰਹੱਦੀ ਪਿੰਡ ਦੇ ਇਕ ਕਿਸਾਨੀ ਪਰਿਵਾਰ ਵਿਚ ਹੋਇਆ ਸੀ।  ਉਸ ਨੇ ਪੰਜਾਬੀ ਸਾਹਿਤ ਵਿਚ ਐੱਮ. ਏ. ਤਕ ਦੀ ਪੜ੍ਹਾਈ  ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਮੁਕੰਮਲ ਕੀਤੀ।  ਕਿੱਤੇ ਵਜੋਂ ਉਹ ਅਧਿਆਪਕ ਹੈ, ਅਤੇ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੀ ਪੱਟੀ ਸ਼ਹਿਰ ਵਿਚਲੇ ਕੈਂਪੱਸ ਕੌਲਿਜ ਦੇ ਪੰਜਾਬੀ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ।  

ਸਾਹਿਤ-ਸਿਰਜਣਾ ਦੇ ਖੇਤਰ ਵਿਚ ਉਹ ਆਪਣੀਆਂ ਮੁਢਲੀਆਂ ਰਚਨਾਵਾਂ ਨਾਲ ਹੀ ਸੰਭਾਵਨਾਵਾਂ ਭਰਪੂਰ ਸਰਰੱਥ ਲੇਖਕ ਵਜੋਂ ਪਛਾਣਿਆ ਗਿਆ ਸੀ।  ਪਾਤਰਾਂ ਦੇ ਧੁਰ ਅੰਦਰ ਦੀ ਕਲਾਤਮਕ ਪੇਸ਼ਕਾਰੀ ਕਰਦੀਆਂ ਉਸਦੀਆਂ ਕਹਾਣੀਆਂ ਨੇ ਪਾਠਕਾਂ ਅਤੇ ਆਲੋਚਕਾਂ ਦੋਹਾਂ ਦਾ ਧਿਆਨ ਵੀ ਖਿੱਚਿਆ  ਅਤੇ ਪ੍ਰਸ਼ੰਸਾ ਵੀ ਖੱਟੀ ਹੈ। ਕਹਾਣੀਆਂ ਦੀ ਉਸਦੀ ਪਲੇਠੀ ਪੁਸਤਕ ‘ਆਸ ਅਜੇ ਬਾਕੀ ਹੈ’ ਉੱਤੇ ਸਿਮਰਨ ਨੂੰ ਭਾਰਤੀ ਸਾਹਿਤ ਅਕੈਡਮੀ ਦਾ ‘ਮਾਣ-ਮੱਤਾ ਯੁਵਾ ਪੁਰਸਕਾਰ’ ਵੀ ਮਿਲਿਆ।  ਉਸ ਦੀਆਂ ਹੁਣ ਤਕ ਕੁੱਲ ਚਾਰ ਕਿਤਾਬਾਂ ਪ੍ਰਕਾਸ਼ਤ ਹੋਈਆਂ ਹਨ, ਜਿਨ੍ਹਾਂ ਵਿਚ ‘ਆਸ ਅਜੇ ਬਾਕੀ ਹੈ’ ਅਤੇ ‘ਉਸ ਪਲ’ ਉਸਦੇ ਕਹਾਣੀ ਸੰਗ੍ਰਿਹ ਹਨ।  ‘ਸੱਤ ਪਰੀਆਂ’ ਅਤੇ ‘ਸਫ਼ੈਦ ਪਰੀ ਤੇ ਪੰਛੀ’ ਉਸਦੀਆਂ ਬੱਚਿਆਂ ਲਈ ਲਿਖੀਆਂ ਕਹਾਣੀਆਂ ਦੀਆਂ ਪੁਸਤਕਾਂ ਹਨ।

ਸਿਮਰਨ ਦੀਆਂ ਸਾਰੀਆਂ ਕਹਾਣੀਆਂ ਮਨੁੱਖੀ ਮਨ ਦੀਆਂ ਡੂੰਘੀਆਂ ਤੇ ਪੇਚੀਦਾ ਤਹਿਆਂ ਨੂੰ ਫਰੋਲਦੀਆਂ ਹਨ।  ਵੱਖ ਵੱਖ ਤਰ੍ਹਾਂ ਦੇ ਹਾਲਾਤ ਮਨੁੱਖੀ ਮਾਨਿਸਕਤਾ ‘ਤੇ ਕੀ-ਕੀ ਅਸਰ ਕਰਦੇ ਹਨ, ਇਹੀ ਉਸਦੀਆਂ ਕਹਾਣੀਆਂ ਦਾ ਕੇਂਦਰੀ ਨੁਕਤਾ ਹੈ।  ਉਸਦੇ ਪਾਤਰ ਆਲ਼ੇ-ਦੁਆਲ਼ੇ ਤੁਰਦੇ ਫਿਰਦੇ ਉਹੋ ਸਾਧਾਰਨ ਲੋਕ ਹਨ, ਜੋ ਹਾਲਾਤ ਹੱਥੋਂ ਸਤਾਏ ਜ਼ਹਿਰ ਵਰਗੀ ਜ਼ਿੰਦਗੀ ਜਿਊਂਦੇ ਹਨ।  ਉਸਦੇ ਪਾਤਰ ਲੜਦੇ, ਹਾਰਦੇ ਪਰ ਅੰਤ ਨੂੰ ਜਿੱਤਦੇ ਵੀ ਨੇ।  ਉਸਦੀਆਂ ਕਹਾਣੀਆਂ ਦੇ ਵਿਸ਼ੇ ਸਾਧਾਰਨ ਬੰਦੇ ਦੇ ਸੁਪਨਿਆਂ ਤੋਂ ਲੈ ਕੇ ਵਿਸ਼ਵ ਪਿੰਡ ਦੇ ਪਸਾਰ ਤੀਕ ਫੈਲੇ ਹੋਏ ਹਨ।  

‘ਉਸ ਪਲ’ ਦੇ ਕਰਤਾ ਨੌਜਵਾਨ ਕਹਾਣੀਕਾਰ ਸਿਮਰਨ ਧਾਲੀਵਾਲ ਦਾ ਭਾਵੇਂ ਇਹ ਦੂਜਾ ਕਹਾਣੀ-ਸੰਗ੍ਰਿਹ ਹੈ, ਪਰੰਤੂ ਲੇਖਕ ਪਾਸ ਜੀਵਨ ਦੇ ਸਮੱਗਰ ਵਰਤਾਰਿਆਂ ਨੂੰ ਵੇਖਣ, ਸਮਝਣ ਤੇ ਪਰਖਣ ਦੀ ਸਲਾਹੀਅਤ ਉਸ ਨੂੰ ਇਕ ਨਿਪੁੰਨ ਕਹਾਣੀਕਾਰ ਵਜੋਂ ਸਾਹਮਣੇ ਲਿਆਉਂਦੀ ਹੈ।  ਕਹਾਣੀਕਾਰ ਵਿਰਸੇ ਤੇ ਵਰਤਮਾਨ ਦੇ ਟਕਰਾਅ ਵਿਚੋਂ ਵਿਰਸੇ ਦਾ ਹਾਂਦਰੂ ਪਰਿਪੇਖ ਉਸਾਰਦਾ ਹੈ ਅਤੇ ਵਰਤਮਾਨ ਦੇ ਉਸ ਨਾਂਹਮੁਖੀ ਕਿਰਦਾਰ ਨੂੰ ਰੱਦ ਕਰਦਾ ਹੈ ਜੋ ਮਾਨਵ ਵਿਰੋਧੀ ਹੈ।  ਇਹ ਕਹਾਣੀਆਂ ਲੋਕਧਾਰਾ ਦੇ ਮਹੱਤਵ ਤੋਂ ਲੈ ਕੇ ਜਾਤਪਾਤ ਦੇ ਕੋਹੜ, ਰਿਸ਼ਤਿਆਂ ਦੀ ਕਸ਼ੀਦਗੀ, ਬੰਦੇ ਅੰਦਰ ਲੁਕੇ ਬੰਦੇ ਦੀ ਕਨਾਬਕੁਸ਼ਾਈ, ਆਰਿਥਕ ਪਾੜੇ ਅਤੇ ਇਸਤਰੀ-ਪੁਰਸ਼ ਸੰਬੰਧਾਂ ਦੀ ਪੁਖ਼ਤਗੀ ਤੇ ਪਾਕੀਜ਼ਗੀ ਨੂੰ ਬੜੀ ਬਾਰੀਕੀ ਨਾਲ ਪੇਸ਼ ਕਰਦੀਆਂ ਹਨ।  ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ‘ਉਸ ਪਲ’ ਤੋਂ ਬਿਨਾਂ ‘ਮੈਂ ਹੁਣ ਝੂਠ ਨਹੀਂ ਬੋਲਦਾ’ ਨਾਂ ਦੀ ਕਹਾਣੀ ਤਾਂ ਕਹਿਣ ਦੀ ਕਲਾਤਮਕ ਜੁਗਤ ਦਾ ਸ੍ਰੇਸ਼ਟ ਨਮੂਨਾ ਹਨ।  ਸਿਮਰਨ ਧਾਲੀਵਾਲ ਪਾਸ ਜੀਵਨ ਦੇ ਸਾਧਾਰਨ ਵੇਰਵਿਆਂ ਵਿਚੋਂ ਅਸਾਧਾਰਨ ਵਿਵੇਕ ਉਸਾਰਨ ਦੀ ਤਾਕਤ ਹੈ।  ਉਸਦੀ ਇਹੀ ਤਾਕਤ ਉਸ ਨੂੰ ਸਮਾਜੀ, ਰਾਜਸੀ ਤੇ ਮਨੋਵਿਗਿਆਨਕ ਮਸਲਿਆਂ ਨੂੰ ਸਮਝਣ ਤੇ ਸੁਲਝਾਉਣ ਦੇ ਸਮਰੱਥ ਬਣਾਉਂਦੀ ਹੈ।  ਉਸ ਦੀਆਂ ਬਿਰਤਾਂਤ ਜੁਗਤਾਂ, ਪਾਤਰ ਉਸਾਰੀ ਦੀਆਂ ਵਿਧੀਆਂ ਅਤੇ ਭਾਸ਼ਾਈ ਸੰਜਮ ਉਸ ਨੂੰ ਵਿਲੱਖਣ ਕਹਾਣੀਕਾਰ ਬਣਾਉਂਦੇ ਹਨ।  ਇਸੇ ਲਈ ਇਹ ਕਹਾਣੀਆਂ ਪੰਜਾਬੀ ਕਹਾਣੀ ਦੇ ਉੱਜਲੇ ਭਵਿਖ ਦੀ ਆਸ ਬੰਨ੍ਹਾਉਂਦੀਆਂ ਹਨ।

2016 Jury Members

Central Jury

Dr. Jagbir Singh (India) 
Mr. Iqbal Qaisar (Pakistan)
Mr. Jarnail Singh Sekha (Canada)

Professor Raghbir Singh oversaw the adjudication and administration of juries for the 2016 Prize. Professor Raghbir ensured there was just and fair proceedings in relation to the adjudication.

The process was designed initially by Professor Anne Murphy, with advice and guidance from the Prize Advisory Committee,  who designed the process, adjudication and administration of the Prize in its initial form. Professor Murphy’s scholarly experience with Punjabi culture and literature, and with the adjudication and management of literary and book prizes (both in English and Punjabi), coupled with 10 years of experience working with museums and other non-profit organizations on related projects, helped devise a process that would foster engaged and ethical adjudication.

 - Gurmukhi