Categories
ਖੁਸ਼ੀ ਭਰਿਆ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ!

ਖੁਸ਼ੀ ਭਰਿਆ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ!

“ਇਨਸਾਨ ਦੀ ਮਾਂ ਬੋਲੀ ਵਿੱਚ ਉਸ ਦੀਆਂ ਸੱਭਿਆਚਾਰਕ ਜੜ੍ਹਾਂ, ਇਤਿਹਾਸ ਅਤੇ ਪਛਾਣ ਬਾਰੇ ਸਾਰਾ ਗਿਆਨ ਹੁੰਦਾ ਹੈ।“

ਪ੍ਰਭਜੋਤ ਕੌਰ ਸਿੰਘ ਨੇ ਹਾਈ ਸਕੂਲ ਵਿੱਚ ਅੰਗਰੇਜ਼ੀ ਪੜ੍ਹਾਉਣ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਪਰ ਪੰਜਾਬੀ ਲਈ ਉਸ ਦੇ ਮਨ ਵਿੱਚ ਅਥਾਹ ਪਿਆਰ ਅਤੇ ਸਨਮਾਨ ਹੋਣ ਕਰ ਕੇ ਅੱਜ ਕੱਲ੍ਹ, ਉਹ ਐੱਲ. ਏ. ਮੈਥੇਸਨ ਸੈਕੰਡਰੀ ਸਕੂਲ, ਸਰੀ, ਬੀ. ਸੀ., ਕਨੇਡਾ ਵਿੱਖੇ ਹਰ ਰੋਜ਼ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾ ਰਹੀ ਹੈ। ਉਸ ਦੇ ਕਲਾਸ ਰੂਮ ਦੀਆਂ ਚਾਰੇ ਕੰਧਾਂ ਪੰਜਾਬੀ ਵਿੱਚ ਲਿਖੇ ਰੰਗ ਬਰੰਗੇ ਚਿੰਨ੍ਹ, ਇਸ਼ਤਿਹਾਰ ਅਤੇ ਤਸਵੀਰਾਂ ਨਾਲ ਭਰਪੂਰ ਸਜੀਆਂ ਪੰਜਾਬੀ ਬੋਲੀ ਦੀ ਮਹੱਤਤਾ ਦਰਸਾ ਰਹੀਆਂ ਹਨ।

ਪੰਜਾਬੀ ਪੜ੍ਹਾਉਣ ਦੀ ਪ੍ਰੇਰਨਾ ਉਸ ਨੂੰ ਆਪਣੇ ਪਰਵਾਰ ਦੇ ਸਾਹਿਤਕ ਪਿਛੋਕੜ ਅਤੇ ਉਸ ਦੇ ਆਪਣੇ ਨਿੱਜੀ ਉਤਸ਼ਾਹ ਤੋਂ ਮਿਲੀ ਹੈ। ਸਕੂਲ ਜਾਣ ਸਮੇਂ, ਉਸ ਨੂੰ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹਣ ਦੀ ਲਗਨ ਲੱਗ ਗਈ ਸੀ। ਪੰਜਾਬੀ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਣ ਵੱਲ ਉਸ ਦਾ ਧਿਆਨ ਉਸ ਦੇ ਦਾਦਾ ਜੀ, ਜਰਨੈਲ ਸਿੰਘ ਸੇਖਾ, ਪ੍ਰਸਿੱਧ ਪੰਜਾਬੀ ਕਨੇਡੀਅਨ ਨਾਵਲਕਾਰ ਨੇ ਖਿੱਚਿਆ। ਉਨ੍ਹਾਂ ਨੇ ਹੀ ਪ੍ਰਭਜੋਤ ਨੂੰ ਪੰਜਾਬੀ ਪੜ੍ਹਣ ਤੇ ਪੜ੍ਹਾਉਣ ਲਈ ਸਭ ਤੋਂ ਵੱਧ ਉਤਸ਼ਾਹਿਤ ਕੀਤਾ। ਇਸ ਕਰ ਕੇ ਦਾਦਾ ਜੀ ਨਾਲ ਉਸ ਦਾ ਸੰਬੰਧ ਮਜ਼ਬੂਤ ਹੁੰਦਾ ਗਿਆ। ਹੁਣ ਤਕ ਵੀ ਉਹ ਦੋਵੇਂ ਸਾਹਿਤ ਬਾਰੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ। ਕਨੇਡਾ ਦੀ ਜਮਪਲ਼ ਹੋਣ ਕਰ ਕੇ, ਇਹ ਪਹਿਲੂ ਪ੍ਰਭਜੋਤ ਲਈ ਬਹੁਤ ਮਹੱਤਵਪੂਰਨ ਸੀ। ਉਸ ਨੇ ਤੀਸਰੀ ਜਮਾਤ ਵਿੱਚ ਆਪਣੇ ਦਾਦਾ ਜੀ ਤੋਂ ਪੰਜਾਬੀ ਪੜ੍ਹਣੀ ਅਤੇ ਲਿਖਣੀ ਸਿੱਖ ਲਈ ਸੀ। ਗਿਆਰਵੀਂ ਤੇ ਬਾਰ੍ਹਵੀਂ ਪੰਜਾਬੀ ਕਲਾਸਾਂ ਵਿੱਚ ਵਿਆਕਰਣ ਅਤੇ ਵਾਕ ਵਿਓਂਤ ਸਿੱਖਣ ਨਾਲ ਉਸ ਦੀ ਪੜ੍ਹਾਈ ਤੇ ਲਿਖਾਈ ਦੀ ਮੁਹਾਰਤ ਵਧੀਆ ਹੋਣ ਲੱਗੀ। ਉਸ ਲਈ ਇਹ ਵੀ ਬਹੁਤ ਲਾਭਦਾਇਕ ਸਿੱਧ ਹੋਇਆ ਕਿ ਉਹ ਉਸ ਯੂਨੀਵਰਸਿਟੀ ਵਿੱਚ ਪੜ੍ਹੀ ਜਿਸ ਦੇ ਪਾਠਕ੍ਰਮ ਵਿੱਚ ਪੰਜਾਬੀ ਕਲਾਸਾਂ ਵੀ ਸ਼ਾਮਲ ਹਨ 

ਜਿਨ੍ਹਾਂ ਦੇ ਰਾਹੀਂ ਉਸ ਨੂੰ ਪੰਜਾਬੀ ਅਕਾਦਮਕਾਂ ਦੀਆਂ ਵਿਦਵਤਾਪੂਰਨ ਰਚਨਾਵਾਂ ਦਾ ਅਧਿਐਨ ਕਰਨ ਦਾ ਮੌਕਾ ਮਿਲਿਆ।

ਪ੍ਰਭਜੋਤ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਅਸੀਂ ਵੱਖ ਵੱਖ ਸਾਧਨਾਂ ਜਿਵੇਂ ਸੱਭਿਆਚਾਰਕ ਲੋਕਨਾਚ, ਪਹਿਰਾਵੇ ਅਤੇ ਖਾਣਿਆਂ ਰਾਹੀਂ ਬਹੁਸੱਭਿਆਚਾਰਵਾਦ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਾਂ ਪਰ ਪੰਜਾਬੀ ਬੋਲੀ ਨੂੰ ਉਸ ਤਰ੍ਹਾਂ ਦਾ ਧਿਆਨ ਅਤੇ ਮਾਨਤਾ ਨਹੀਂ ਦਿੰਦੇ ਜਿਸ ਦੀ ਇਹ ਹੱਕਦਾਰ ਹੈ। ਉਹ ਪੱਕੇ ਵਿਸ਼ਵਾਸ ਨਾਲ ਕਹਿੰਦੀ ਹੈ ਕਿ ਕੋਈ ਵੀ ਸੱਭਿਆਚਾਰ ਆਪਣੀ ਮਾਂ ਬੋਲੀ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ ਕਿਉਂਕਿ ਇਹ ਸਾਨੂੰ ਆਪਣੇ ਪਰਿਵਾਰਾਂ, ਸੱਭਿਆਚਾਰਕ ਜੜ੍ਹਾਂ, ਰਿਸ਼ਤੇ, ਸੰਗੀਤ, ਧਰਮ ਅਤੇ ਦੁਨੀਆਂ ਦੀਆਂ ਵੱਖ ਵੱਖ ਵਿਚਾਰਧਾਰਾਵਾਂ ਬਾਰੇ ਬਹੁਤ ਕੁਝ ਸਿਖਾਉਂਦੀ ਹੈ। ਮਾਂ ਬੋਲੀ ਸਾਨੂੰ ਆਪਣੀ ਪਛਾਣ ਅਤੇ  ਦੂਸਰਿਆਂ ਨਾਲ ਸੰਬੰਧ ਬਣਾਉਣ ਦੇ ਨਾਲ ਨਾਲ ਆਪਣੀ ਅਸਲੀਅਤ ਬਾਰੇ ਸੋਚਣ ਅਤੇ ਸਮਝਣ ਲਈ ਨਵੇਂ ਰਸਤੇ ਵੀ ਖੋਲ੍ਹਦੀ ਹੈ। ਪ੍ਰਭਜੋਤ ਛੋਟੀ ਉਮਰ ਤੋਂ ਹੀ ਬਚਿੱਆਂ ਦੇ ਘਰਦਿਆਂ ਨੂੰ ਪੰਜਾਬੀ ਸਿੱਖਣ/ਸਿਖਾਉਣ ਦੀ ਮਹੱਤਤਾ ਤੇ ਜ਼ੋਰ ਦਿੰਦੀ ਆ ਰਹੀ ਹੈ ਕਿ ਘਰ ਵਿੱਚ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵੀ ਬੋਲਣੀ ਚਾਹੀਦੀ ਹੈ ਤਾਂ ਕਿ ਬੱਚੇ ਇਸ ਤੋਂ ਜਾਣੂ ਹੋਣ ਅਤੇ ਗੱਲਬਾਤ ਕਰਨ ਵਿੱਚ ਸੌਖ ਮਹਿਸੂਸ ਕਰਨ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬੱਚੇ ਅਤੇ ਨੌਜਵਾਨ ਪੰਜਾਬੀ ਭਾਸ਼ਾ ਲਈ ਪਿਆਰ ਅਤੇ ਸਤਿਕਾਰ ਮਹਿਸੂਸ ਕਰਨ। ਜੇ ਪੰਜਾਬੀ ਭਾਸ਼ਾ ਨਾਲ ਚੰਗੇ ਜਜ਼ਬਾਤ ਨਾ ਜੁੜੇ ਤਾਂ ਉਹ ਪੰਜਾਬੀ ਬੋਲੀ ਨਾਲ ਜੁੜ ਨਹੀਂ ਸਕਣਗੇ। ਅਸੀਂ ਪ੍ਰਭਜੋਤ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਇਸ ਤਰ੍ਹਾਂ ਦੀਆਂ ਭਾਵਨਾਵਾਂ ਅਤੇ ਲਗਾਉ ਵਿਦਿਆਰਥੀਆਂ ਦੇ ਮਨਾਂ ਵਿੱਚ ਪੈਦਾ ਕਰਨ ਲਈ ਮਦਦ ਕਰ ਰਹੀ ਹੈ। ਜਿਸ ਤਰ੍ਹਾਂ ਉਸ ਦੇ ਦਾਦਾ ਜੀ ਨੇ ਉਸ ਵਿੱਚ ਪੰਜਾਬੀ ਬੋਲਣ, ਪੜ੍ਹਣ, ਲਿਖਣ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਲਗਨ ਪੈਦਾ ਕੀਤੀ ਇਸੇ ਤਰ੍ਹਾਂ ਹੀ ਸਾਰੇ ਪੰਜਾਬੀ ਬੱਚਿਆਂ ਦੇ ਪਰਵਾਰਕ ਮੈਂਬਰਾਂ ਨੂੰ ਵੀ ਕਰਨਾ ਚਾਹੀਦਾ ਹੈ।

ਖੁਸ਼ੀ ਭਰਿਆ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ!