Categories
ਸਰਬੋਤਮ ਪੰਜਾਬੀ ਗਲਪ ਲਈ ਢਾਹਾਂ ਪ੍ਰਾਈਜ਼ ਦੁਆਰਾ 2017 ਦੇ ਜੇਤੂਆਂ ਦਾ ਐਲਾਨ

ਸਰਬੋਤਮ ਪੰਜਾਬੀ ਗਲਪ ਲਈ ਢਾਹਾਂ ਪ੍ਰਾਈਜ਼ ਦੁਆਰਾ 2017 ਦੇ ਜੇਤੂਆਂ ਦਾ ਐਲਾਨ

ਵੈਨਕੂਵਰ, ਬੀ ਸੀ ( 28 ਸਤੰਬਰ, 2017)

ਪੰਜਾਬੀ ਸਾਹਿਤ ਦੀ ਸਰਬੋਤਮ ਕਾਰਗੁਜ਼ਾਰੀ ਨੂੰ ਸਨਮਾਨਤ ਕਰਨ ਲਈ ਸਾਲ 2017 ਦੇ ਢਾਹਾਂ ਪੰਜਾਬੀ ਸਾਹਿਤ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਢਾਹਾਂ ਪ੍ਰਾਈਜ਼ ਗਲੋਬਲ ਪੱਧਰ ਤੇ ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਦਾ ਹੈ  ਅਤੇ ਗੁਰਮੁਖੀ ਜਾਂ ਸ਼ਾਹਮੁਖੀ ਲਿੱਪੀ ਵਿੱਚ ਲਿਖੀ ਸਰਬੋਤਮ ਪੰਜਾਬੀ ਗਲਪ ਦੀ ਕਿਤਾਬ ਨੂੰ $25,000 ਦਾ ਸਲਾਨਾ ਪੁਰਸਕਾਰ ਦਿੰਦਾ ਹੈ। ਇਸ ਤੋਂ ਇਲਾਵਾ $5,000 ਕੈਨੇਡੀਅਨ ਡਾਲਰ ਦੇ ਦੋ ਹੋਰ ਪੁਰਸਕਾਰ ਵੀ ਦਿੱਤੇ ਜਾਂਦੇ ਹਨ।

ਇਸ ਤੋਂ ਇਲਾਵਾ ਇਸ ਸਾਲ ਪਹਿਲੀ ਵਾਰ ਐਲਾਨੇ ਗਏ ਢਾਹਾਂ ਯੂਥ ਅਵਾਰਡਜ਼ ਦਾ Coast Capital Savings ਮੁੱਖ ਸਪੌਂਸਰ ਹੈ। ਢਾਹਾਂ ਪ੍ਰਾਈਜ਼ ਅਤੇ ਭਾਈਵਾਲ ਬੀ ਸੀ ਸੈਕੰਡਰੀ ਸਕੂਲਜ਼ ਨੇ 2017 ਦੇ ਯੂਥ ਅਵਾਰਡਜ਼ ਦੇ ਜੇਤੂਆਂ ਦੀ ਚੋਣ ਕਰ ਲੈਣ ਦਾ ਐਲਾਨ ਵੀ ਕੀਤਾ ਹੈ। ਇਨ੍ਹਾਂ ਅਵਾਰਡਜ਼ ਲਈ ਮੁਕਾਬਲੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ 11 ਅਤੇ 12 ਗਰੇਡ ਦੇ ਵਿਦਿਆਰਥੀ ਪੰਜਾਬੀ ਵਿੱਚ ਲਿਖੀਆਂ ਅਤੇ ਇੰਗਲਿਸ਼ ਵਿੱਚ ਅਨੁਵਾਦ ਕੀਤੀਆਂ ਕਹਾਣੀਆਂ ਲੈ ਕੇ ਸ਼ਾਮਲ ਹੋਏ। 4 ਨਵੰਬਰ, 2017 ਨੂੰ ਹੋਣ ਵਾਲੇ ਪ੍ਰਾਈਜ਼ ਅਵਾਰਡ ਸਮਾਰੋਹ ਤੇ ਇਨ੍ਹਾਂ ਅਵਾਰਡਜ਼ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।


2017 ਦੇ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ ਦੇ ਜੇਤੂ ਇਸ ਪ੍ਰਕਾਰ ਹਨ:

ਪਹਿਲਾ ਇਨਾਮ: $25,000:  ਪਰਗਟ ਸਿੰਘ ਸਤੌਜ (ਪੰਜਾਬ, ਭਾਰਤ) ਦਾ ਨਾਵਲ ਖਬਰ ਇੱਕ ਪਿੰਡ ਦੀ

ਫਾਇਨਲਿਸਟ: $5,000: ਸ਼ਾਹਮੁਖੀ ਲਿੱਪੀ, ਅਲੀ ਅਨਵਰ ਅਹਿਮਦ (ਪੰਜਾਬ, ਪਾਕਿਸਤਾਨ) ਦਾ ਕਹਾਣੀ ਸੰਗ੍ਰਹਿ ਤੰਦ ਤੰਦ ਮੈਲੀ ਚਾਦਰ

ਫਾਇਨਲਿਸਟ: $5,000: ਗੁਰਮੁਖੀ ਲਿੱਪੀ, ਨਛੱਤਰ ਸਿੰਘ ਬਰਾੜ (ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ) ਦਾ ਨਾਵਲ ਪੇਪਰ ਮੈਰਿਜ


ਢਾਹਾਂ ਪ੍ਰਾਈਜ਼ ਦੇ ਸੰਸਥਾਪਕ ਬਰਜਿੰਦਰ ਢਾਹਾਂ ਨੇ ਕਿਹਾ ਕਿ 2017 ਦੇ ਢਾਹਾਂ ਪ੍ਰਾਈਜ਼ ਜੇਤੂ ਪੰਜਾਬੀ ਸਾਹਿਤ ਸੰਸਾਰ ਦੀਆਂ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਖਸ਼ੀਅਤਾਂ ਹਨ। ਉਨ੍ਹਾਂ ਦੀਆਂ ਕਹਾਣੀਆਂ ਅਤੇ ਕਿਰਦਾਰ ਗਹਿਰੇ ਅਤੇ ਖਿੱਚ ਪਾਉਣ ਵਾਲੇ ਹਨ। ਹਰ ਕਿਤਾਬ ਹੀ ਪੰਜਾਬੀ ਸਾਹਿਤ, ਭਾਸ਼ਾ ਅਤੇ ਕਲਚਰ ਨੂੰ ਇਕ ਖੂਬਸੂਰਤ ਦੇਣ ਹੈ।

ਪੰਜਾਬੀ ਜ਼ੁਬਾਨ ਦੀ ਅਮੀਰ ਵਿਰਾਸਤ ਨੂੰ ਉਭਾਰਨ ਵਾਲਾ ਢਾਹਾਂ ਪ੍ਰਾਈਜ਼ ਸਭ ਤੋਂ ਵੱਡਾ ਸਾਹਿਤ ਪੁਰਸਕਾਰ ਹੈ। ਇਸ ਪੁਰਸਕਾਰ ਦਾ ਮਕਸਦ ਸਰਹੱਦਾਂ ਤੋਂ ਉੱਪਰ ਉੱਠਕੇ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨਾ, ਦੁਨੀਆ ਭਰ ਦੀਆਂ ਪੰਜਾਬੀ ਕਮਿਊਨਿਟੀਜ਼ ਨੂੰ ਜੋੜਨਾ ਅਤੇ ਗਲੋਬਲ ਪੱਧਰ ਤੇ ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਨਾ ਹੈ। ਪ੍ਰਤਿਭਾਵਾਨ ਲੇਖਕਾਂ ਨੂੰ ਇਹ ਅਵਾਰਡ ਅਲੋਚਨਾਤਮਕ ਪਛਾਣ ਅਤੇ ਪ੍ਰਸਿੱਧੀ ਦਿੰਦੇ ਹਨ, ਜਿਸ ਨਾਲ ਜੇਤੂਆਂ ਲਈ ਕਈ ਇੰਟਰਨੈਸ਼ਨਲ ਪ੍ਰਾਜੈਕਟ ਲੈਣ ਵਾਸਤੇ ਰਾਹ ਖੁੱਲ੍ਹ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਹੁ-ਭਾਸ਼ੀ ਪਾਠਕਾਂ ਤੱਕ ਪਹੁੰਚਣ ਦਾ ਮੌਕਾ ਵੀ ਮਿਲਦਾ ਹੈ।

ਢਾਹਾਂ ਪ੍ਰਾਈਜ਼ ਯੂਥ ਅਵਾਰਡਜ਼ ਇੱਕ ਵਿਲੱਖਣ ਉਪਰਾਲਾ ਹੈ, ਜਿਸ ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਨੌਜਵਾਨਾਂ ਨੂੰ ਪੰਜਾਬੀ ਸਾਹਿਤ ਰਚਨਾ ਰਾਹੀਂ ਕੈਨੇਡਾ ਜਾਂ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਪਰਵਾਸ ਕਰਨ ਵਾਲੇ ਪਰਿਵਾਰਾਂ ਦੀ ਅਮੀਰ ਪੰਜਾਬੀ ਵਿਰਾਸਤ ਨਾਲ ਜੋੜਿਆ ਜਾਵੇਗਾ। ਇਸ ਵਿੱਚ ਸ਼ਾਮਲ ਨੌਜਵਾਨਾਂ ਦੀਆਂ ਪੰਜਾਬੀ ਅਤੇ ਅੰਗਰੇਜ਼ੀ ਲਿਖਤਾਂ ਰਾਹੀਂ ਬ੍ਰਿਟਿਸ਼ ਕੋਲੰਬੀਆ ਦੇ ਨੌਜਵਾਨਾਂ ਦੀ ਸੋਚ ਦਾ ਘੇਰਾ ਵੱਡਾ ਕੀਤਾ ਜਾਵੇਗਾ, ਜਿਸ ਨਾਲ ਵੱਖ ਵੱਖ ਨਸਲਾਂ ਅਤੇ ਸਭਿਆਚਾਰਾਂ ਨੇ ਲੋਕਾਂ ਵਿੱਚ ਪਾੜਾ ਮੇਟਣ ਵਿੱਚ ਮਦਦ ਮਿਲੇਗੀ।

ਢਾਹਾਂ ਪ੍ਰਾਈਜ਼ ਦੀ ਸਥਾਪਨਾ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਕੀਤੀ ਗਈ, ਜਿੱਥੇ ਪੰਜਾਬੀ ਲੋਕਾਂ, ਭਾਸ਼ਾ ਅਤੇ ਕਲਚਰ ਦੀ ਇੱਕ ਅਮੀਰ ਵਿਰਾਸਤ ਹੈ। ਪੰਜਾਬੀ ਅੱਜ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਜ਼ੁਬਾਨ ਹੈ ਅਤੇ ਮੁਲਕ ਦੇ ਮਲਟੀਕਲਚਰਲ ਤਾਣੇ-ਬਾਣੇ ਦੀ ਇੱਕ ਮਜ਼ਬੂਤ ਤੰਦ ਹੈ। ਢਾਹਾਂ ਪ੍ਰਾਈਜ਼ ਦੀ ਸਥਾਪਨਾ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੁਆਰਾ ਯੂਨੀਵਰਸਿਟੀ ਔਫ ਬ੍ਰਿਟਿਸ਼ ਕੋਲੰਬੀਆ ਦੀ ਫੈਕਲਟੀ ਔਫ ਆਰਟਸ ਦੇ ਡਿਪਾਰਟਮੈਂਟ ਔਫ ਏਸ਼ੀਅਨ ਸਟੱਡੀਜ਼ ਦੀ ਭਾਈਵਾਲੀ ਨਾਲ ਕੀਤੀ ਗਈ। ਇਸ ਨੂੰ ਅੱਜਕੱਲ੍ਹ ਬਰਜਿੰਦਰ ਢਾਹਾਂ, ਰੀਟਾ ਢਾਹਾਂ, ਪਰਿਵਾਰ ਅਤੇ ਦੋਸਤਾਂ ਦੁਆਰਾ ਪਾਈ ਗਈ ਦਾਨ-ਰਾਸ਼ੀ ਨਾਲ ਚਲਾਇਆ ਜਾਂਦਾ ਹੈ।